Breaking News

ਕੇਜਰੀਵਾਲ ਨੇ ਮੁਹੱਲਾ ਕਲੀਨਿਕ ਨਹੀਂ, ਮੁਹੱਲਾ ਠੇਕੇ ਬਣਾਏ ਦਿੱਲੀ ਦੀ ਪਹਿਚਾਣ : ਹਰਚਰਨ ਬੈਂਸ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦਰ ਅਸਲ ਕਾਰਪੋਰੇਟ ਘਰਾਣਿਆਂ ਅਤੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਅਤੇ ਕਿਸਾਨਾਂ ਦੀਆਂ ਸਫ਼ਾਂ ਅੰਦਰ ਭੰਬਲਭੂਸਾ ਪੈਦਾ ਕਰਨ ਲਈ ” ਘਾਹ ਵਿਚ ਛੁਪੇ ਸੱਪ” ਵੱਜੋਂ ਪੰਜਾਬ ਚੋਣਾਂ ਵਿਚ ਉਤਾਰਿਆ ਹੈ ਜੋ ਸਿੱਖੀ ਤੇ ਕਿਸਾਨੀ ਨੂੰ ਲੁਕ ਕੇ ਡੰਗ ਮਾਰਨ ਦੀ ਨੀਅਤ ਨਾਲ ਇਥੇ ਆਇਆ ਹੈ।

ਅੱਜ ਪਾਰਟੀ ਦੇ ਦਫਤਰ ਵਿਚ ਪਤਰਕਾਰ ਸੰਮੇਲਨ ਦੌਰਾਨ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਾਕਰ  ਹਰਚਰਨ ਬੈਂਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਿੱਖ ਵਿਰੋਧੀ ” ਬਹਿਰੂਪੀਆ ” ਕਰਾਰ ਦਿੰਦਿਆਂ ,  ਬੈਂਸ ਨੇ ਕਿਹਾ ਦੇਸ਼ ਦੀ ਪਾਰਲੀਮੈਂਟ ਵੱਲੋਂ ਕਿਸਾਨ ਵਿਰੋਧੀ ਕਾਲੇ ਕਨੂੰਨ ਵਾਪਿਸ ਲੈਣ ਤੋਂ ਬਾਅਦ ਭੀ ਦਿੱਲੀ ਸਰਕਾਰ ਵੱਲੋਂ ਉਹਨਾਂ ਵਿਚੋਂ ਸਭ ਤੋਂ ਖਤਰਨਾਕ ਕਾਲੇ ਕਨੂੰਨਾਂ ਅਜੇ ਦਿੱਲੀ ਵਿਚ ਭੀ ਲਾਗੂ ਕੀਤਾ ਹੋਇਆ ਹੈ।

ਬੈਂਸ ਨੇ ਕਿਹਾ ਕਿ ਕੱਲ ਮਾਇਆਵਤੀ ਜੀ ਦੀ ਰੈਲੀ ਵਿਚ “ਪੰਥਕ ਤਾਕਤ ਤੇ ਦਲਿਤ ਸ਼ਕਤੀ ” ਦੇ ਭਰਪੂਰ ਮੁਜਾਹਰੇ ਤੋਂ ਘਬਰਾ ਕੇ ਕੇਜਰੀਵਾਲ ਇੰਨੇ ਬੌਂਦਲ ਗਏ ਹਨ ਕਿ ਉਹ ਆਪਣੇ ਵਰਕਰਾਂ ਤੇ ਭਰੋਸਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਦਰਾਂ ਤੇ ਝੋਲੀ ਅੱਡ ਰਹੇ ਹਨ। ” ਮੈਂ ਇੰਨੀ ਤਰਸਯੋਗ ਹਾਲਤ ਕਦੇ ਕਿਸੇ ਹੋਰ ਆਗੂ ਦੀ ਨਹੀਂ ਦੇਖੀ।”

ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਖੁੱਲੀ ਬਹਿਸ ਲਈ ਮੁੜ ਲਾਲਕਾਰਦਿਆਂ  ਬੈਂਸ ਨੇ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਬਹੁਤ ਵੱਡੇ ਵਿਅਕਤੀ ਸਮਝਦੇ ਹਨ ਤਾਂ ਉਹ ਕਿਸੇ ਭੀ ਬੁਲਾਰੇ ਨੂੰ ਨਾਮਜ਼ਦ ਕਰਕੇ ਇਸ ਮੁੱਦੇ ਤੇ ਟੈੱਲੀਵਿਜ਼ਨ ਉਤੇ ਸਮੂਹ ਪੰਜਾਬੀਆਂ ਦੇ ਸਾਹਮਣੇ ਲਾਈਵ ਤੇ ਖੁੱਲੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਦਿਖਾਉਣ।

 ਬੈਂਸ ਨੇ ਸਮੂਹ ਕਿਸਾਨਾਂ , ਕਿਸਾਨ ਆਗੂਆਂ ਤੇ ਜਥੇਬੰਦੀਆਂ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਮੂਹ ਸਿਖਾਂ ਤੇ ਕਿਸਾਨਾਂ ਨਾਲ ਨਫਰਤ ਕਰਨ ਵਾਲੇ ਆਗੂ ਅਰਵਿੰਦ ਕੇਜਰੀਵਾਲ ਵਿਰੁੱਧ ਸੁਚੇਤ ਰਹਿਣ ਕਿਓਂਕਿ ” ਘਾਹ ਵਿਚ ਛੁਪਿਆ ਸੱਪ ਫਨੀਅਰ ਸੱਪ ਤੋਂ ਭੀ ਜ਼ਿਆਦਾ ਖਤਰਨਾਕ ਹੁੰਦਾ ਹੈ, ਕਿਓਂਕਿ ਉਹ ਨਜ਼ਰ ਨਹੀਂ ਆਓਂਦਾ। “

 ਬੈਂਸ ਨੇ  ਜੋਗਿੰਦਰ ਸਿੰਘ ਉਗਰਾਹਾਂ ਤੇ ਸ ਬਲਵੀਰ ਸਿੰਘ ਰਾਜੇਵਾਲ ਸਮੇਤ ਸਮੂਹ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੇਜਰੀਵਾਲ ਵੱਲੋਂ ਪੰਜਾਬ ਦੇ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਬਦਲੇ ਇੱਕ ਇੱਕ ਕਰੋੜ ਰੁਪਏ ਦੇ ਜੁਰਮਾਨੇ , ਪੰਜਾਬ ਦੇ ਦਰਿਆਈਂ ਪਾਣੀ ਹੋਰਨਾਂ ਸੂਬਿਆਂ ਨੂੰ ਦੇਣ ਬਾਰੇ ਸੁਪਰੀਮ ਕੋਰਟ ਵਿਚ ਪਾਏ ਕੇਸ ਅਤੇ ਕਾਲੇ ਕਨੂੰਨਾਂ ਨੂੰ ਦਿੱਲੀ ਵਿਚ ਲਾਗੂ ਕਰੀ ਰੱਖਣ ਵਾਲੇ ਕੇਜਰੀਵਾਲ ਦੇ ਅਸਲੀ ਕਿਸਾਨ ਵਿਰੋਧੀ ਚੇਹਰੇ ਨੂੰ ਨੰਗਾ ਕਰਨ ਲਾਈ ਅੱਗੇ ਆਉਣ।

 ਬੈਂਸ ਨੇ ਪੰਜਾਬ ਚੋਣਾਂ ਨੂੰ  “ਏ ਬੀ ਸੀ ਬਨਾਮ ਪੀ ” ( ਆਮ ਆਦਮੀ ਪਾਰਟੀ , ਭਾਜਪਾ ਤੇ ਕਾਂਗਰਸ ਬਨਾਮ ਪੰਜਾਬ ) ਜੰਗ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਕਾਰਪੋਰੇਟ ਘਰਾਣਿਆਂ ਦੇ ਹੁਕਮ ਤੇ ਕਿਸਾਨ ਵਿਰੋਧੀ ਕਨੂੰਨ ਵਾਪਿਸ ਨਹੀਂ ਲਏ । ” ਕਾਰਪੋਰੇਟ ਘਰਾਣਿਆਂ ਦੇ ਹੁਕਮ ਤੇ ਹੀ ਕੇਜਰੀਵਾਲ ਨੇ ਦਿੱਲੀ ਵਿਚ ਡੀ ਟੀ ਸੀ ਦੀਆਂ ਬਸਾਂ ਦੇ ਫਲੀਟ ਵਿਚ ਵਾਧਾ ਕਰਨ ਤੋਂ ਇਨਕਾਰ ਕਰ ਕੇ ਓਲਾ ਤੇ ਊਬਰ ਵਰਗੇ ਕਾਰਪੋਰੇਟ ਅਦਾਰਿਆਂ ਤੇ ਘਰਾਣਿਆਂ ਨੂੰ ਵੱਡਾ ਫਾਇਦਾ ਪਹੁੰਚਾਇਆ ਜਾ ਰਿਹਾ ਜਦ ਕਿ ਪੰਜਾਬ ਵਿਚ ਉਹ ਪ੍ਰਾਈਵੇਟ ਬਸਾਂ ਬੰਦ ਕਰਕੇ ਪੰਜਾਬ ਰੋਡਵੇਜ਼ ਨੂੰ ਪ੍ਰਫੁਲਤ ਕਰਨ ਦੇ ਝੂਠੇ ਲਾਰੇ ਲੈ ਰਿਹਾ ਹੈ । ਇਸੇ ਤਰਾਂ ਪੰਜਾਬ ਵਿਚ ਤਾਂ ਉਹ ਸ਼ਰਾਬ ਮਾਫੀਆ ਖਤਮ ਕਰਕੇ ਸਰਕਾਰੀ ਠੇਕੇ ਖੋਲਣ ਦੀ ਗੱਲ ਕਰਦਾ ਹੈ ਪਰ ਦਿਲੱ ਵਿਚ ਸ਼ਰਾਬ ਦਾ ਸਾਰਾ ਧੰਦਾ ਕਾਰਪੋਰੇਟ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ ਜਿਹਨਾਂ ਨੇ ਹਰ ਮੁਹੱਲੇ ਵਿਚ ਠੇਕੇ ਖੋਲ ਦਿੱਤੇ ਹਨ ਤੇ ਦਿੱਲੀ ਦੀਆਂ ਔਰਤਾਂ ਬਾਜ਼ਾਰਾਂ ਤੇ ਸੜਕਾਂ ਤੇ ਆ ਕੇ ਕੇਜਰੀਵਾਲ ਵਿਰੁੱਧ ਸਿਆਪਾ ਕਰ ਰਹੀਆਂ ਹਨ ਕਿ ਉਸ ਨੇ ਦਿੱਲੀ ਦੀ ਨੌਜਵਾਨਾਂ ਨੂੰ ਨਸ਼ਿਆਂ ਚ ਡੋਬ ਦਿੱਤਾ ਹੈ । ਹੁਣ ਦਿੱਲੀ  ਕਲੀਨਿਕਾਂ ਲਈ ਨਹੀਂ ਬਲਕਿ ਮੁਹੱਲਾ ਠੇਕਿਆਂ ਲਈ ਮਸ਼ਹੂਰ ਹੋ ਚੁੱਕਾ ਹੈ।

 ਕੇਜਰੀਵਾਲ ਅਤੇ ਉਹਨਾਂ ਦੇ “ਸੂਬੇਦਾਰ” ਰਾਘਵ ਚੱਢਾ ਵੱਲੋਂ ਆਖ਼ਰਕਾਰ ਪੰਜਾਬੀ ਬੋਲਣ ਤੇ ਮਜਬੂਰ ਹੋਣ ਉੱਤੇ ਤਨਜ਼ ਕਸਦਿਆਂ ਸ਼੍ਰੀ ਬੈਂਸ ਨੇ ਕਿਹਾ,” ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਇਹਨਾਂ ਨੂੰ ਪੰਜਾਬੀ ਆਉਂਦੀ ਹੈ ਪਰ ਇਹ ਪੰਜਾਬੀ ਨੂੰ ਨਫਰਤ ਕਰਦੇ ਹਨ ਜਿਸ ਕਰ ਕੇ ਇਹ ਪੰਜਾਬ ਵਿਚ ਭੀ ਪੰਜਾਬੀ ਬੋਲਣ ਤੋਂ ਇਨਕਾਰੀ ਹਨ । ਹੁਣ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ । ਫਿਰ ਵੀ ਪੰਜਾਬੀਆਂ ਤੇ ਪੰਜਾਬੀ ਬੋਲੀ ਦੇ ਪੈਰੋਕਾਰਾਂ ਤੇ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ।”

Check Also

ਅੰਬੇਡਕਰ ਦੀ 67ਵੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਹੋਰ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

​​ਨਵੀਂ ਦਿੱਲੀ : ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਅੱਜ 67ਵੀਂ …

Leave a Reply

Your email address will not be published. Required fields are marked *