ਕਿਸਾਨਾਂ ਦੀ ਸਹੂਲਤ ਲਈ ਪੰਜਾਬ ਭਰ ‘ਚ ਹੈਲਪਲਾਈਨ ਨੰਬਰ ਜਾਰੀ

TeamGlobalPunjab
3 Min Read

ਕਪੂਰਥਲਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਵਾਲੀਆਂ ਤਕਨੀਕਾਂ ਅਪਨਾਉਣ ਵਿਚ ਸਹਾਇਤਾ ਲਈ ‘ਮਾਈਕਰੋ ਇਰੀਗੇਸ਼ਨ’ ਯੋਜਨਾ ਤਹਿਤ ਵੱਡੀ ਪੱਧਰ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ।

ਪੰਜਾਬ ਦੇ ਭੂਮੀ ਰੱਖਿਆ, ਜਲ ਸੰਭਾਲ, ਬਾਗਬਾਨੀ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਫੁਹਾਰਾ ਅਤੇ ਤੁਪਕਾ ਸਿੰਚਾਈ ਪ੍ਰੋਜੈਕਟਾਂ ਲਈ 80 ਤੋਂ 90 ਫੀਸਦੀ ਸਬਸਿਡੀ ਦਿੱਤੀ ਜਾਵੇਗੀ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬਚਤ ਕੀਤੀ ਜਾ ਸਕੇ। ਇਹ ਸਬਸਿਡੀ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ ਉਪਰ ਹੋਵੇਗੀ ।

ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ, ਜਿਸ ਲਈ ਵਿਧਾਨ ਸਭਾ ਵਲੋਂ ਗਠਿਤ ਕਮੇਟੀ ਵਲੋਂ ਵੀ ਅਹਿਮ ਸੁਝਾਅ ਦਿੱਤੇ ਗਏ ਹਨ। ਇਸ ਤੋਂ ਇਲਾਵਾ ‘ਮਾਈਕ੍ਰੋ ਇਰੀਗੇਸ਼ਨ’ ਯੋਜਨਾ ਤਹਿਤ ਵੱਡੀ ਪੱਧਰ ’ਤੇ ਸਬਸਿਡੀ ਦੇ ਕੇ ਕਿਸਾਨਾਂ ਨੂੰ ਫੁਹਾਰਾ ਤੇ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਜੋੜਕੇ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਕੁੱਲ ਰਕਬੇ ਦਾ ਅੰਦਾਜਨ ਡੇਢ ਪ੍ਰਤੀਸ਼ਤ ਰਕਬਾ ਹੀ ਕੇਵਲ ਇਸ ਸਿੰਚਾਈ ਪ੍ਰਣਾਲੀ ਅਧੀਨ ਹੈ,ਜਿਸ ਨੂੰ ਹੋਰ ਵਧਾਉਣ ਲਈ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ।

- Advertisement -

ਉਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੁਪਕਾ ਸਿੰਚਾਈ ਤਕਨੀਕ ਨਾਲ ਪੌਸ਼ਟਿਕ ਪ੍ਰਬੰਧਨ ਦੇ ਮਾਮਲੇ ਵਿੱਚ ਵੀ ਲਾਭ ਮਿਲਦਾ ਹੈ, ਕਿਉਂਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਆਦਿ ਨੂੰ ਸਿੰਚਾਈ ਦੇ ਪਾਣੀ ਵਿੱਚ ਮਿਲਾਇਆ ਜਾ ਸਕਦਾ ਹੈ,ਜਿਸ ਨੂੰ ਫਸਲ ਦੇ ਰੂਟ ਜ਼ੋਨ ਵਿਚ ਅਪਲਾਈ ਕੀਤਾ ਜਾ ਸਕਦਾ ਹੈ।

‘ਮਾਈਕਰੋ ਇਰੀਗੇਸ਼ਨ ’ ਸਕੀਮ ਤਹਿਤ ਆਮ ਜਿੰਮੀਂਦਾਰਾਂ ਨੂੰ 80 ਫੀਸਦੀ ਅਤੇ ਅਨੁਸੂਚਿਤ ਜਾਤੀ,ਔਰਤਾਂ ਅਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 90 ਫੀਸਦੀ ਤੱਕ ਸਬਸਿਡੀ ਉਪਲੱਬਧ ਕਰਵਾਈ ਜਾਵੇਗੀ।

ਕਿਸਾਨਾਂ ਦੀ ਸਹਾਇਤਾ ਲਈ ਪੂਰੇ ਪੰਜਾਬ ਵਿਚ ਜਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਮੁਹਾਲੀ ਤੇ ਰੋਪੜ ਲਈ 98146-33132, ਹੁਸ਼ਿਆਰਪੁਰ 98556-10345, ਲੁਧਿਆਣਾ 78884-58232, ਐਸ.ਬੀ.ਐਸ. ਨਗਰ 89266-70000, ਸੰਗਰੂਰ ਤੇ ਬਰਨਾਲਾ 94647-10710, ਗੁਰਦਾਸਪੁਰ ਤੇ ਪਠਾਨਕੋਟ 96461-75305, ਫਰੀਦਕੋਟ ਤੇ ਮੋਗਾ 94173-45515, ਪਟਿਆਲਾ ਤੇ ਫਤਹਿਗੜ੍ਹ ਸਾਹਿਬ 78844-58232, ਜਲੰਧਰ ਤੇ ਕਪੂਰਥਲਾ 94171-54300, ਬਠਿੰਡਾ 94172-53293, ਸ੍ਰੀ ਮੁਕਤਸਰ ਸਾਹਿਬ 94170-85658, ਫਿਰੋਜ਼ਪੁਰ ਤੇ ਫਾਜਿਲਕਾ 94173-45515, ਅੰਮ੍ਰਿਤਸਰ ਤੇ ਤਰਨਤਾਰਨ 95018-66722 ਤੇ ਮਾਨਸਾ ਲਈ 78885-54973 ’ਤੇ ਕਿਸਾਨ ਸਿੱਧਾ ਸੰਪਰਕ ਕਰ ਸਕਦੇ ਹਨ।

Share this Article
Leave a comment