ਬੰਦੀ ਸਿੰਘਾਂ ਦੀ ਰਿਹਾਈ ਦੇ ਰਸਤੇ ਵਿੱਚ ਰੁਕਾਵਟ ਨਾ ਬਣੇ ਕੇਜਰੀਵਾਲ ਸਰਕਾਰ – ਸੁਖਦੇਵ ਸਿੰਘ ਢੀਂਡਸਾ

TeamGlobalPunjab
3 Min Read

ਚੰਡੀਗੜ੍ਹ –  ਜ਼ੇਲ੍ਹਾਂ `ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅਡਿੱਕਾ ਬਣੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਥਕ ਵਿਚਾਰਧਾਰਾ ਤੋਂ ਅਣਜਾਣ ਅਰਵਿੰਦ ਕੇਜਰੀਵਾਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅਡਿੱਕਾ ਨਹੀਂ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਹੈ ਕਿ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਇਸ ਸਮੇਂ ਸਿੱਖ ਕੌਮ ਦੀ ਸਭ ਤੋਂ ਵੱਡੀ ਮੰਗ ਹੈ। ਇਸ ਕਰਕੇ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਰੁਕਾਵਟ ਨਹੀ ਪਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਗੈਰ ਪੰਜਾਬੀ ਅਤੇ ਪੰਥਕ ਹਿੱਤਾਂ ਤੋਂ ਅਣਜਾਣ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ: ਭੁੱਲਰ ਦੀ ਰਿਹਾਈ ਵਿੱਚ ਰੁਕਾਵਟ ਖੜ੍ਹੀ ਕਰਨਾ ਬੇਹੱਦ ਮੰਦਭਾਗਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਦਾ ਸਖਤ ਵਿਰੋਧ ਕਰਦਾ ਹੈ।

 

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਰਾਜੋਈ ਕਰਦਾ ਆ ਰਿਹਾ ਹੈ ਅਤੇ ਸਮੇਂ – ਸਮੇਂ `ਤੇ ਇਸ ਸਬੰਧ ਵਿੱਚ ਕੇਂਦਰ ਦੀਆਂ ਸਰਕਾਰਾਂ `ਤੇ ਦਬਾਅ ਬਣਾ ਰਿਹਾ ਹੈ ਪਰ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਇਸ ਤੇ ਕਦੇ ਵੀ ਗੰਭੀਰਤਾ ਨਾਲ ਵਿਚਾਰ ਨਹੀ ਕੀਤਾ ਗਿਆ ਪਰ ਹੁਣ ਜਦੋਂ ਭਾਜਪਾ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ `ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਤਾਂ ਕੇਜਰੀਵਾਲ ਸਰਕਾਰ ਜਾਣਬੁੱਝ ਕੇ ਉਸ ਵਿੱਚ ਅੜਿੱਕਾ ਪਾ ਰਹੀ ਹੈ।

ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਮੁੱਖ ਮਨੋਰਥ ਆਪਣੇ ਨਿੱਜੀ ਹਿੱਤਾਂ ਨੂੰ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣਾ ਹੈ ਅਤੇ ਪਾਰਟੀ ਪੰਥ ਵਿਰੋਧੀ ਤਾਕਤਾਂ ਦਾ ਇਸੇ ਤਰ੍ਹਾਂ ਡਟ ਕੇ ਮੁਕਾਬਲਾ ਕਰਦੀ ਰਹੇਗੀ। ਢੀਂਡਸਾ ਨੇ ਕੇਜਰੀਵਾਲ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ `ਤੇ ਜਾਣਬੁੱਝ ਕੇ ਲਗਾਏ ਗਏ ਅਡਿੱਕੇ ਨੂੰ ਖ਼ਤਮ ਕਰਨ ਦੀ ਮੰਗ ਕਰਨ ਦੇ ਨਾਲ- ਨਾਲ ਕੇਂਦਰ ਸਰਕਾਰ ਨੂੰ ਇੱਕ ਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸੋਂਪੀ ਗਈ 20 ਬੰਦੀ ਸਿੰਘਾਂ ਦੀ ਸੂਚੀ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਮੰਗ ਕੀਤੀ ਹੈ।ਜਿ਼ਕਰਯੋਗ ਹੈ ਕਿ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਇੱਕ ਵਫ਼ਦ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ 20 ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।

- Advertisement -

Share this Article
Leave a comment