ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣਾ ਬੇਤੁਕਾ: ਅਮਨ ਅਰੋੜਾ

TeamGlobalPunjab
2 Min Read

ਚੰਡੀਗੜ੍ਹ: ਐੱਸ. ਡੀ. ਐੱਮ. ਫ਼ਗਵਾੜਾ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਫਗਵਾੜਾ ਦੇ ਵੱਖ-ਵੱਖ ਨਾਕਿਆਂ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ਨਾਲ ਅਧਿਆਪਕ ਭਾਈਚਾਰੇ ‘ਚ ਰੋਸ ਹੈ। ਸਰਕਾਰ ਦੇ ਇਸ ਫੈਸਲੇ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਵਿਰੋਧ ਕੀਤਾ ਹੈ। ਉਨ੍ਹਾ ਨੇ ਕਿਹਾ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਨਾਕਿਆਂ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਇਸ ਨਾਲ ਸਰਕਾਰ ਦਾ ਮਾਨਸਿਕ ਦਿਵਾਲੀਆਪਨ ਝਲਕਦਾ ਹੈ। ਇਸ ਤੋਂ ਪਹਿਲਾ ਸਰਕਾਰ ਵੱਲੋਂ ਸ਼ਰਾਬ ਦੀਆਂ ਡਿਸਟਿਲਰੀਆਂ ਦੀ ਨਿਗਰਾਨੀ ਲਈ ਅਧਿਆਪਕਾਂ ਦੀ ਡਿਊਟੀਆਂ ਲਗਾਈਆਂ ਗਈਆਂ ਸਨ।

ਉਨ੍ਹਾਂ ਨੇ ਕਿਹਾ ਮੈਨੂੰ ਸਮਝ ਨਹੀਂ ਆਉਂਦੀ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਇੰਨਾ ਮਾਨਸਿਕ ਦਿਵਾਲੀਆਪਨ ਕਿਉਂ ਹੋਇਆ ਪਿਆ ਜਿੱਥੇ ਉਨ੍ਹਾਂ ਦੀ ਪੁਲਿਸ ਤੇ ਪ੍ਰਸ਼ਾਸਨ ਨਹੀਂ ਕੰਮ ਕਰ ਰਿਹਾ ਤੇ ਉਨ੍ਹਾਂ ਦੀ ਥਾਂ ਅਧਿਆਪਕ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਦਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹੁੰਦੇ ਹਨ। ਸਰਕਾਰ ਵੱਲੋਂ ਅਧਿਆਪਕਾਂ ਨੂੰ ਅਜਿਹੇ ਕੰਮਾਂ ‘ਚ ਧੱਕਿਆਂ ਜਾਂਦਾ ਹੈ ਜਿਸ ਕਾਰਨ ਪੰਜਾਬ ਦੇ ਸਕੂਲ ਅਣਗੌਲੇ ਕੀਤੇ ਜਾਂਦੇ ਹਨ ਤੇ ਬੱਚਿਆ ਦਾ ਧਿਆਨ ਪੜ੍ਹਾਈ ‘ਚ ਨਹੀਂ ਰਹਿੰਦਾ। ਅਰੋੜਾ ਨੇ ਕਿਹਾ ਕਿ ਇਸ ਤੋਂ ਵਧ ਨਿੰਦਣਯੋਗ ਕੁਝ ਨਹੀਂ ਹੈ ਆਮ ਆਦਮੀ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਤੇ ਅਸੀ ਕੈਪਟਨ ਅਮਰਿੰਦਰ ਨੂੰ ਅਪੀਲ ਵੀ ਕਰਦੇ ਹਾਂ ਤੇ ਚਿਤਾਵਨੀ ਵੀ ਦਿੰਦੇ ਹਾਂ ਕਿ ਅਜਿਹਾ ਬੇੱਤੁਕਾ ਫੈਸਲਾ ਵਾਪਸ ਲਿਆ ਜਾਵੇ।

ਉਧਰ ਦੂਜੇ ਪਾਸੇ ਇਨ੍ਹਾਂ ਡਿਊਟੀਆਂ ਦਾ ਨੋਟਿਸ ਲੈਂਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਫਗਵਾੜਾ ਪ੍ਰਸ਼ਾਸਨ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਡਿਊਟੀ ਦਾ ਸਮੂਹ ਭਾਈਚਾਰੇ ਦਾ ਸਹਿਯੋਗ ਲੈ ਕੇ ਵਿਰੋਧ ਲਗਾਤਾਰ ਜਾਰੀ ਰਹੇਗਾ।

Share this Article
Leave a comment