ਪੀਰ ਮੁਹੰਮਦ ਨੇ ਸਿਰਸਾ ਨੂੰ ਪੁੱਛਿਆ, ਕੀ ਉਹ ਬੱਚਨ ਵਾਂਗ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ ਦਾਨ ਵੀ ਸਵੀਕਾਰ ਕਰਨਗੇ ?

TeamGlobalPunjab
3 Min Read

ਚੰਡੀਗੜ੍ਹ: ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਮਨਜਿੰਦਰ ਸਿੰਘ ਸਿਰਸਾ ਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਸਹੂਲਤ ਲਈ ਅਮਿਤਾਭ ਬੱਚਨ ਵਲੋਂ ਦਾਨ ਕੀਤੇ 2 ਕਰੋੜ ਰੁਪਏ ਉੱਤੇ ਆਪਣਾ ਸਖ਼ਤ ਵਿਰੋਧ ਜਤਾਇਆ ਹੈ।

ਕਰਨੈਲ ਸਿੰਘ ਪੀਰ ਮੁਹੰਮਦ ਨੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ਸਿੱਖ ਨਸਲਕੁਸ਼ੀ ਨੂੰ ਅੰਜ਼ਾਮ ਦੇਣ ਲਈ ਵੱਡੀ ਭੂਮਿਕਾ ਨਿਭਾਉਣ ਦਾ ਦੋਸ਼ ਲਗਾਉਂਦਿਆਂ, ਅਮਿਤਾਭ ਬੱਚਨ ਤੋਂ ਮਿਲੀ ਰਕਮ ਨੂੰ ਸਵੀਕਾਰ ਕਰਨ ਲਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਿੱਖੀ ਅਲੋਚਨਾ ਕੀਤੀ ਹੈ।

ਪੀਰ ਮੁਹੰਮਦ ਨੇ ਸਿਰਸਾ ‘ਤੇ ਪਾਪ ਕਰਨ ਦਾ ਦੋਸ਼ ਵੀ ਲਗਾਇਆ ਅਤੇ ਉਨ੍ਹਾਂ ਕਿਹਾ ਕਿ ਸਿਰਸਾ ਨੇ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਸਵਿਕਾਰ ਕਰਕੇ ਸਮੁੱਚੀ ਸਿੱਖ ਕੌਮ ਦੇ ਸਿਰ ਨੂੰ ਨੀਵਾਂ ਕੀਤਾ ਹੈ।

ਪੀਰ ਮੁਹੰਮਦ ਨੇ ਅੱਜ ਮੀਡੀਆ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਿਰਸਾ ਨੇ ਆਪਣੇ ਅਕਸ ਨੂੰ ਖ਼ਰਾਬ ਕੀਤਾ ਹੈ ਜਿਸ ਦੀ ਭਰਪਾਈ ਕਦੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਨ੍ਹਾਂ (ਕੋਵਿਡ-19) ਮਹਾਂਮਾਰੀ ਦੇ ਚੱਲਦਿਆਂ ਦਿੱਲੀ ਦੇ ਲੋਕਾਂ ਨੂੰ ਸਿੱਖ ਭਾਈਚਾਰੇ ਦੀ ਸਹਿਯੋਗ ਨਾਲ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਮੋਹਰੀ ਸਾਬਤ ਹੋਏ ਸਨ। ਸਿਰਸਾ ਨੇ 3 ਵਿਵਾਦਪੂਰਨ ‘ਖ਼ੇਤੀ ਕਾਨੂੰਨਾਂ’ ਵਿਰੁੱਧ ਪ੍ਰਦਰਸ਼ਨਕਾਰੀਆਂ ਦੀ ਮਦਦ ਕਰਨ ਵਿਚ ਵੀ ਇੱਕ ਪ੍ਰਸ਼ੰਸਾ ਯੋਗ ਭੂਮਿਕਾ ਵੀ ਨਿਭਾਈ ਸੀ ਪਰੰਤੂ ਸਿਰਸਾ ਨੇ ਆਪਣੀ ਸ਼ਖ਼ਸੀਅਤ ਨੂੰ ਖ਼ਰਾਬ ਕਰਨ ਤੋਂ ਇਲਾਵਾ ਸਿੱਖ ਕੌਮ ਦੀ ਭਾਵਨਾ ਨੂੰ ਵੀ ਠੇਸ ਪਹੁੰਚਾਈ ਹੈ ਕਿਉਂਜੋ ਅਮਿਤਾਭ ਬਚਨ ਨੇ ਇਕ ਨਾਰਾ ਮਾਰਿਆ ਸੀ “ਖ਼ੂਨ ਦਾ ਬਦਲਾ ਖ਼ੂਨ” ਜੋ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕਾਫ਼ੀ ਸੀ।

- Advertisement -

ਪੀਰ ਮੁਹੰਮਦ ਨੇ ਸਿਰਸਾ ਨੂੰ ਸੁਆਲ ਕੀਤਾ ਕਿ ਕੀ ਉਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਸਿੱਖ ਨਸਲਕੁਸ਼ੀ ਲਈ ਹੋਰ ਪਾਪੀਆਂ ਤੋਂ ਵੀ ਦਾਨ ਪ੍ਰਵਾਨ ਕਰ ਲੈਣਗੇ, ਜੇ ਉਹ ਅਜਿਹੇ ਮੁਲਜ਼ਮਾਂ ਤੋਂ ਦਾਨ ਸਵੀਕਾਰ ਕਰਨਾ ਪਸੰਦ ਨਹੀਂ ਕਰਦੇ ਤਾਂ ਸਿਰਸਾ ਨੇ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਦਾਨ ਕਿਵੇਂ ਸਵੀਕਾਰਿਆ? ਉਨ੍ਹਾਂ ਨੇ ਮੀਡੀਆ ਵਿੱਚ ਵੀ ਇਸ ਦਾਨ ਨੂੰ ਪ੍ਰਦਰਸ਼ਤ ਕਰਨ ਲਈ ਸਿਰਸਾ ਦੀ ਅਲੋਚਨਾ ਕੀਤੀ।

ਉਨ੍ਹਾਂ ਕਿਹਾ ਕਿ ਇੱਥੇ ਹਜ਼ਾਰਾਂ ਦਾਨੀ ਸੱਜਣ ਹਨ ਜੋ ਹਰ ਰੋਜ਼ ਗੁਰਦੁਆਰਿਆਂ ਰਾਹੀਂ ਮਾਨਵਤਾ ਦੀ ਸੇਵਾ ਲਈ ਕੁੱਝ ਨਾ ਕੁੱਝ ਦਾਨ ਕਰਦੇ ਹਨ ਪਰ ਸਿਰਸਾ ਨੇ ਆਪਣੇ ਕਿਸੇ ਵੀ ਬਿਆਨ ਵਿੱਚ ਉਨ੍ਹਾਂ ਦਾ ਨਾਮ ਕਦੇ ਨਹੀਂ ਲਿਆ‌ ਅਤੇ ਜਿਹੜੇ ਲੋਕ ਮੀਡੀਆ ਵਿਚ ਕੋਈ ਵੀ ਫ਼ੋਕੀ ਸ਼ੁਹਰਤ ਹਾਸਿਲ ਨਾ ਕਰਨ ਲਈ ਦਾਨ ਦੇਣਾ ਪਸੰਦ ਕਰਦੇ ਹਨ, ਉਹ ਲੋਕ ਬਚਨ ਨਾਲੋਂ ਗੁਣਾਂ ਮਹਾਨ ਵਿਅਕਤੀ ਹਨ, ਬਚਨ ਵਰਗੇ ਅਜਿਹੇ ਲੋਕ ਬਸ ਸੁਰਖੀਆਂ ਕਮਾਉਣ ਲਈ ਦਾਨ ਕਰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਕੌਮ ਵਿਚ ਅਜਿਹੇ ਲੋਕ ਵੀ ਹਨ ਜੋ ਆਪਣੇ ਅਤੀਤ ਨੂੰ ਭੁੱਲ ਜਾਂਦੇ ਹਨ ਅਤੇ ਛੋਟੇ ਅਤੇ ਥੋੜ੍ਹੇ ਸਮੇਂ ਦੇ ਲਾਭ ਲਈ ਜ਼ਮੀਰ ਵੇਚ ਦਿੰਦੇ ਹਨ।

Share this Article
Leave a comment