ਸੈਕਾਰਮੈਂਟੋ: ਅਮਰੀਕਾ ਦੇ ਕੈਲੇਫੋਰਨੀਆ ਸੂਬੇ ‘ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ ਦੀ ਪੂਰੇ ਸਿੱਖ ਭਾਈਚਾਰੇ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ। ਬਰੈਡਸ਼ਾਅ (Bradshaw) ਗੁਰੂ ਘਰ ਪੁੱਜੀ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਨੇ ਕਿਹਾ ਕਿ ਅਸੀਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀਆਂ ਦੀ ਕੁਰਬਾਨੀ ਸਦਕਾ ਇਸ ਮੁਲਕ ‘ਚ ਬਿਹਤਰ ਜ਼ਿੰਦਗੀ ਬਤੀਤ ਕਰਨ ਆਏ ਹਾਂ ਪਰ ਐਤਵਾਰ ਨੂੰ ਵਾਪਰੀ ਘਟਨਾ ਸਾਡੇ ਨੌਜਵਾਨਾਂ ਦੇ ਸੁਪਨਿਆਂ ਨੂੰ ਨਹੀਂ ਦਰਸਾਉਂਦੀ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਵਰਗੇ ਧਾਰਮਿਕ ਸਮਾਗਮਾਂ ਦੌਰਾਨ ਅਜਿਹੀਆਂ ਹਿੰਸਕ ਵਾਰਦਾਤਾਂ ਸਿੱਧੇ ਤੌਰ ‘ਤੇ ਸਿੱਖ ਧਰਮ ਦਾ ਨਿਰਾਦਰ ਕਰਦੀਆਂ ਹਨ। ਧਾਰਮਿਕ ਸਥਾਨਾਂ ‘ਤੇ ਹਰ ਕਿਸੇ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ ਅਤੇ ਅਜਿਹੀਆਂ ਘਟਨਾਵਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਉਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਨੌਜਵਾਨ ਦੀ ਪਛਾਣ 21 ਸਾਲ ਦੇ ਕਰਮਨ ਸੰਧੂ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਇਰਾਦਾ-ਏ-ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਮੁਤਾਬਕ ਐਤਵਾਰ ਦੀ ਵਾਰਦਾਤ ਤੋਂ ਬਾਅਦ ਸੋਮਵਾਰ ਨੂੰ ਗੁਰਦਵਾਰਾ ਸਾਹਿਬ ਨੇੜਿਉਂ ਇੱਕ ਪਸਤੌਲ ਬਰਾਮਦ ਕੀਤੀ ਗਈ। ਪੁਲਿਸ ਅਫ਼ਸਰ ਅਮਰ ਗਾਂਧੀ ਨੇ ਕਿਹਾ ਕਿ ਧਾਰਮਿਕ ਥਾਵਾਂ ‘ਤੇ ਅਜਿਹੀ ਹਿੰਸਾ ਹੋਣਾ ਕਿਸੇ ਦੇ ਧਿਆਨ ‘ਚ ਵੀ ਨਹੀਂ ਹੁੰਦਾ ਪਰ ਐਤਵਾਰ ਨੂੰ ਵਾਪਰੀ ਵਾਰਦਾਤ ਨੇ ਭਾਈਚਾਰੇ ਦੇ ਹਿਰਦੇ ਵਲੂੰਧਰ ਦਿੱਤੇ। ਇਸੇ ਦੌਰਾਨ ਬੌਬੀ ਸਿੰਘ ਐਲਨ ਨੇ ਕਿਹਾ ਕਿ ਚੰਗੀਆਂ-ਮਾੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਲਈ ਸਮੁੱਚੀ ਕੌਮ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਸਿੱਖ ਧਰਮ ਮੁੱਢ ਕਦੀਮ ਤੋਂ ਹੀ ਸ਼ਾਂਤੀ ਦਾ ਸੁਨੇਹਾ ਦਿੰਦਾ ਆਇਆ ਹੈ। ਵਾਰਦਾਤ ਵਾਲੇ ਦਿਨ ਨਗਰ ਕੀਰਤਨ ‘ਚ ਸ਼ਾਮਲ ਵਰਿੰਦਰ ਸਿੰਘ ਨੇ ਕਿਹਾ ਕਿ ਬਰੈਡਸ਼ਾਅ ਗੁਰੂ ਘਰ ਤੋਂ ਰਵਾਨਾ ਹੋਇਆ ਨਗਰ ਕੀਰਤਨ ਸਮਾਪਤੀ ਵੱਲ ਹੀ ਸੀ ਕਿ ਅਚਾਨਕ ਗੋਲੀਆਂ ਚੱਲ ਗਈਆਂ। ਨਗਰ ਕੀਰਤਨ ਨੂੰ ਕੁਝ ਪਲਾਂ ਲਈ ਰੋਕਿਆ ਗਿਆ ਅਤੇ ਫਿਰ ਅੱਗੇ ਵਧ ਗਿਆ। ਘਟਨਾ ਦੇ ਬਾਵਜੂਦ ਸ਼ਾਮ ਵੇਲੇ ਵੱਡੀ ਗਿਣਤੀ ‘ਚ ਸੰਗਤ ਮੁੜ ਮੱਥਾ ਟੇਕਣ ਪੁੱਜੀ ਹੋਈ ਸੀ।
ਇੱਥੇ ਦੱਸਣਯੋਗ ਹੈ ਕਿ ਬਰੈਡਸ਼ਾਅ ਗੁਰੂ ਘਰ ਦੇ ਬਾਹਰ ਐਤਵਾਰ ਦੁਪਹਿਰ ਲਗਭਗ 2.30 ਵਜੇ ਦੋ ਜਣਿਆਂ ਵਿਚਾਲੇ ਝਗੜਾ ਹੋ ਗਿਆ ਅਤੇ ਇਕ ਵਿਅਕਤੀ ਨੇ ਪਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੇ ਦੋਸਤ ਨੇ ਵੀ ਪਸਤੌਲ ਕੱਢੀ ਅਤੇ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ। ਸਾਰਜੈਂਟ ਅਮਰ ਗਾਂਧੀ ਨੇ ਦੱਸਿਆ ਕਿ ਦੋਵੇਂ ਧਿਰਾਂ ਇੱਕ-ਦੂਜੇ ਨੂੰ ਜਾਣਦੀਆਂ ਸਨ ਅਤੇ ਇਹ ਕੋਈ ਨਸਲੀ ਨਫ਼ਰਤ ਦਾ ਮਾਮਲਾ ਨਹੀਂ ਸੀ। ਗੋਲੀਬਾਰੀ ਕਰਨ ਵਾਲੇ ਦੂਜੇ ਵਿਅਕਤੀ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
LIVE | Authorities are providing an update to the Sikh temple shooting in Sacramento that injured 2 people https://t.co/XEFrXGJPIt
— kcranews (@kcranews) March 27, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.