ਕਾਬੁਲ : ਅਮਰੀਕਾ ਦੇ ਸੈਨਿਕ ਬੇਸ ‘ਤੇ ਅੰਨੇਵਾਹ ਫਾਇਰਿੰਗ, 6 ਸਥਾਨਕ ਲੋਕਾਂ ਦੀ ਮੌਤ 3 ਜ਼ਖਮੀ

TeamGlobalPunjab
2 Min Read

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਅਣਪਛਾਤੇ ਬੰਦੂਕਧਾਰੀ ਨੇ ਅਮਰੀਕੀ ਸੈਨਿਕ ਬੇਸ ‘ਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸ ‘ਚ 6 ਸਥਾਨਕ ਕਾਮਿਆਂ ਦੀ ਮੌਤ ਹੋ ਗਈ ਤੇ 3 ਹੋਰ ਲੋਕ ਜ਼ਖਮੀ ਹੋ ਗਏ। ਪਾਵਰਨ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਵਹੀਦਾ ਸ਼ਾਹਕਰ ਨੇ ਇਸ ਪੂਰੇ ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ ਲੋਕ ਅਫਗਾਨਿਸਤਾਨ ਦੇ ਨਾਗਰਿਕ ਹਨ।

ਬੁਲਾਰੇ ਨੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕ ਬੀਤੇ ਵੀਰਵਾਰ ਰਾਤ ਨੂੰ ਆਪਣੇ-ਆਪਣੇ ਘਰਾਂ ਵੱਲ ਦੀ ਜਾ ਰਹੇ ਸਨ। ਇਸੀ ਦੌਰਾਨ ਬਗਰਾਮ ਮਿਲਟਰੀ ਬੇਸ ਤੋਂ 500 ਮੀਟਰ ਦੀ ਦੂਰੀ ਤੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਨ੍ਹਾਂ’ ਤੇ ਗੋਲੀਆਂ ਚਲਾ ਦਿੱਤੀਆਂ ਤੇ ਹਮਲਾਵਰ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਸਾਰੇ ਲੋਕ ਇੱਥੇ ਸਫਾਈ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਤਾਲਿਬਾਨ ਅਤੇ ਇਸਲਾਮਿਕ ਸਟੇਟ ਸੰਗਠਨ ਅਫ਼ਗਾਨਿਸਤਾਨ ਦੇ ਉੱਤਰੀ ਖੇਤਰਾਂ ਵਿੱਚ ਕਾਫ਼ੀ ਸਰਗਰਮ ਹਨ। ਅਜਿਹੀ ਸਥਿਤੀ ਵਿਚ ਇਸ ਹਮਲੇ ਪਿੱਛੇ ਉਨ੍ਹਾਂ ਦੀ ਭੂਮਿਕਾ ਜ਼ਾਹਰ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਆਈਐੱਸਆਈ ਨੇ ਬੀਤੀ 9 ਅਪ੍ਰੈਲ ਨੂੰ ਬਗਰਾਮ ਮਿਲਟਰੀ ਬੇਸ ‘ਤੇ ਪੰਜ ਰਾਕੇਟ ਦਾਗਣ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸ਼ਾਹਕਰ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਬਲਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ਨੇ 29 ਫਰਵਰੀ ਨੂੰ ਦੋਹਾ ਵਿਚ ਹੋਏ ਸ਼ਾਂਤੀ ਸਮਝੌਤੇ ਤਹਿਤ ਇਕ ਦੂਜੇ ਦੇ ਕੈਦੀਆਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ।

Share this Article
Leave a comment