ਮਾਂਟਰੀਅਲ: ਪ੍ਰਧਾਨ ਮੰਤਰੀ ਜਸਟਿਨ ਟਰੂਡੋ 26 ਅਕਤੂਬਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਖੁਲਾਸਾ ਕਰਨਗੇ। ਇਸ ਵਾਰੀ ਆਪਣੇ ਤੀਜੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਵਿਡ-19 ਖਿਲਾਫ ਵਿੱਢੀ ਜੰਗ ਉੱਤੇ ਆਪਣਾ ਬਹੁਤਾ ਧਿਆਨ ਦੇਣਗੇ ਤੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਆਪਣਾ ਪੂਰਾ ਜ਼ੋਰ ਲਾਉਣਗੇ।
ਇੱਕ ਲਿਖਤੀ ਬਿਆਨ ਵਿੱਚ ਟਰੂਡੋ ਦੇ ਆਫਿਸ ਨੇ ਆਖਿਆ ਕਿ ਕੈਨੇਡੀਅਨ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਫੋਨ ਉੱਤੇ ਗੱਲਬਾਤ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਸ ਦੌਰਾਨ ਟਰੂਡੋ ਵਿਰੋਧੀ ਆਗੂਆਂ ਨਾਲ ਇਹ ਵਿਚਾਰ ਚਰਚਾ ਵੀ ਕਰਨੀ ਚਾਹੁੰਦੇ ਹਨ ਕਿ ਮਹਾਂਮਾਰੀ ਦੀ ਚੌਥੀ ਵੇਵ ਦਰਮਿਆਨ ਹਾਊਸ ਆਫ ਕਾਮਨਜ਼ ਦੀ ਕਾਰਵਾਈ ਕਿਸ ਤਰ੍ਹਾਂ ਸੁ਼ਰੂ ਕੀਤੀ ਜਾਵੇ। ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਸੱਭ ਤੋਂ ਪਹਿਲਾਂ ਤਾਂ ਟਰੂਡੋ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਹਾਊਸ ਆਫ ਕਾਮਨਜ਼ ਦਾਖਲ ਹੋਣ ਤੋਂ ਪਹਿਲਾਂ ਸਾਰੇ ਮੈਂਬਰ ਪਾਰਲੀਆਮੈਂਟ ਵੈਕਸੀਨੇਸ਼ਨ ਕਰਵਾ ਕੇ ਆਉਣ।ਇਸ ਮਾਮਲੇ ਉੱਤੇ ਲਿਬਰਲ, ਬਲਾਕ ਕਿਊਬਿਕੁਆ ਤੇ ਐਨਡੀਪੀ ਸਹਿਮਤ ਹਨ।