ਟੋਰਾਂਟੋ: ਕੈਨੇਡਾ ਦੀ ਸਰਕਾਰ ਨੇ ਪਿਛਲੇ ਕਈ ਫੈਸਲਿਆਂ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਤਾਂ ਵਧਾਈਆਂ ਹੀ ਹਨ ਤੇ ਨਾਲ ਹੀ ਇੰਮੀਗ੍ਰੇਸ਼ਨ ਨੂੰ ਲੈ ਕੇ ਕੀਤੀ ਸਖ਼ਤੀ ਨੇ ਪ੍ਰਵਾਸੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਮੀਗ੍ਰੇਸ਼ਨ ਦੇ ਮੁੱਦੇ ‘ਤੇ ਆਪਣੀ ਸਰਕਾਰ ਦੀ ਗਲਤੀ ਮੰਨੀ ਹੈ।
ਇੰਮੀਗ੍ਰੇਸ਼ਨ ਦੇ ਮੁੱਦੇ ‘ਤੇ ਆਪਣੀ ਗਲਤੀ ਮੰਨਦਿਆਂ ਟਰੂਡੋ ਨੇ ਕਿਹਾ ਹੈ ਕਿ ਅਗਲੇ 3 ਸਾਲ ਦੌਰਾਨ ਕੈਨੇਡਾ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ 20 ਫੀਸਦੀ ਤੱਕ ਘਟਾ ਦਿਤੀ ਗਈ ਹੈ ਅਤੇ 2027 ਵਿਚ 3 ਲੱਖ 65 ਹਜ਼ਾਰ ਨਵੇਂ ਪ੍ਰਵਾਸੀਆਂ ਵਾਸਤੇ ਹੀ ਦਰਵਾਜ਼ੇ ਖੋਲ੍ਹੇ ਜਾਣਗੇ।
ਟਰੂਡੋ ਨੇ ਕਿਹਾ ਕਿ ਕੁਝ ਮਾੜੇ ਅਨਸਰਾਂ ਨੇ ਇੰਮੀਗ੍ਰੇਸ਼ਨ ਯੋਜਨਾਵਾਂ ਦੀ ਦੁਰਵਰਤੋਂ ਕੀਤੀ ਅਤੇ ਫੈਡਰਲ ਸਰਕਾਰ ਨੂੰ ਨਿਯਮਾਂ ਵਿਚ ਤਬਦੀਲੀ ਵਾਸਤੇ ਤੇਜ਼ ਕਾਰਵਾਈ ਕਰਨੀ ਚਾਹੀਦੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਮੰਨਿਆ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਾਰਿਆਂ ਵਾਲੇ ਵੱਡੇ ਸਕੈਮ ਵੀ ਹੋਏ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇੰਮੀਗ੍ਰੇਸ਼ਨ ਟੀਚੇ ਘਟਾਉਣ ਦਾ ਮਕਸਦ ਕੈਨੇਡਾ ਦੀ ਆਬਾਦੀ ਨੂੰ ਸਥਿਰ ਰੱਖਣਾ ਹੈ। ਦੂਜੇ ਪਾਸੇ ਮਕਾਨਾਂ ਦੀ ਉਪਲਬਧਤਾ ਵਿਚ ਵਾਧਾ ਹੋਣ ਮਗਰੋਂ ਇੰਮੀਗ੍ਰੇਸ਼ਨ ਟੀਚਿਆਂ ਨੂੰ ਮੁੜ ਵਧਾਇਆ ਜਾ ਸਕਦਾ ਹੈ।
ਟਰੂਡੋ ਨੇ ਦਲੀਲ ਦਿਤੀ ਕਿ ਮਹਾਮਾਰੀ ਮਗਰੋਂ ਕਿਰਤੀਆਂ ਦੀ ਕਿੱਲਤ ਦੂਰ ਕਰਨ ਵਾਸਤੇ ਪ੍ਰਵਾਸੀਆਂ ਨੂੰ ਵੱਡੀ ਗਿਣਤੀ ਵਿਚ ਕੈਨੇਡਾ ਸੱਦਿਆ ਗਿਆ ਅਤੇ ਇਸ ਕਦਮ ਰਾਹੀਂ ਕੈਨੇਡਾ ਨੂੰ ਮੰਦੀ ਤੋਂ ਦੂਰ ਰੱਖਣ ਵਿਚ ਕਾਮਯਾਬੀ ਵੀ ਮਿਲੀ। ਹਾਲਾਤ ਵਿਚ ਸੁਧਾਰ ਮਗਰੋਂ ਨਿਯਮਾਂ ਵਿਚ ਜਲਦ ਤੋਂ ਜਲਦ ਤਬਦੀਲੀ ਹੋਣੀ ਚਾਹੀਦੀ ਸੀ ਪਰ ਸੰਭਾਵਤ ਤੌਰ ‘ਤੇ ਅਜਿਹਾ ਨਾ ਹੋ ਸਕਿਆ।