ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਲਈ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨਾਲ ਜੁੜੀ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਨੂੰ ਸਿਰੇ ਲਗਵਾਉਣਾ ਅਤੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜ੍ਹਾ ਕਰਨਾ ਇਮਤਿਹਾਨ ਦੀ ਘੜੀ ਬਣ ਗਈ ਹੈ। ਕੁਝ ਸਮਾਂ ਪਹਿਲਾਂ ਸਪੀਕਰ ਸੰਧਵਾਂ ਬਹਿਬਲਕਲਾਂ ਗੋਲੀਕਾਂਡ ਦੇ ਇਨਸਾਫ ਲਈ ਚਲ ਰਹੇ ਧਰਨੇ ‘ਚ ਸ਼ਾਮਿਲ ਹੋਏ ਸਨ। ਉਸ ਮੌਕੇ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਗੋਲੀਕਾਂਡ ਦੇ ਅਸਲ ਦੋਸ਼ੀ ਡੇਢ ਮਹੀਨੇ ਦੇ ਅੰਦਰ-ਅੰਦਰ ਸਾਹਮਣੇ ਲਿਆਂਦੇ ਜਾਣਗੇ।ਹੁਣ ਉਨ੍ਹਾਂ ਦੇ ਭਰੋਸੇ ਮੁਤਾਬਿਕ ਇਸ ਮਹੀਨੇ ਦੇ ਗਿਣਤੀ ਦੇ ਦਿਨ ਬਾਕੀ ਬਚੇ ਹਨ। ਅੱਜ ਇਸ ਮਾਮਲੇ ਨਾਲ ਜੁੜੀ ਸਿੱਟ ਵਲੋਂ ਮੌਕੇ ‘ਤੇ ਜਾ ਕੇ ਲੋੜੀਦੇਂ ਗਵਾਹਾਂ ਅਤੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ।ਪੁਲਿਸ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਹ ਟੀਮ ਵਲੋਂ ਇਕ ਦਰਜਨ ਤੋਂ ਵੀ ਵਧੇਰੇ ਵਾਰ ਕੀਤਾ ਗਿਆ ਦੌਰਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਲੋਂ ਕੇਸ ਨਾਲ ਸੰਬਧਿਤ ਹੋਰ ਜ਼ਰੂਰੀ ਜਾਣਕਾਰੀ ਹਾਸਿਲ ਕੀਤੀ ਗਈ ਹੈ।ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪਿਛਲੀਆਂ ਤਿੰਨ ਸਰਕਾਰਾਂ ਦੇ ਸਮੇਂ ਦੌਰਾਨ ਜਾਣਕਾਰੀ ਅਧੁਰੀ ਰਹਿ ਗਈ ਸੀ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਦੇ ਅੱਠ ਮਹੀਨੇ ਬਾਅਦ ਵੀ ਰਹਿੰਦੀ ਜਾਣਕਾਰੀ ਹਾਸਿਲ ਨਹੀਂ ਹੋ ਸਕੀ। ਕੀ ਅਜੇ ਦੋਸ਼ੀਆਂ ਦਾ ਪਤਾ ਲਗਵਾਉਣ ਲਈ ਸਿੱਟ ਜਾਂ ਜਾਂਚ ਏਜੰਸੀਆਂ ਨੂੰ ਅਜੇ ਹੋਰ ਸਮੇਂ ਦੀ ਲੋੜ ਪਵੇਗੀ। ਜੇਕਰ ਏਜੰਸੀਆਂ ਨੂੰ ਜਾਂਚ ਲਈ ਹੋਰ ਸਮੇਂ ਦੀ ਲੋੜ ਹੈ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਧਰਨੇ ‘ਤੇ ਬੈਠੀ ਸੰਗਤ ਨਾਲ ਗੁਰੂੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਅਜਿਹਾ ਵਾਅਦਾ ਕਿਉਂ ਕੀਤਾ ਗਿਆ ਜਿਸਦੇ ਪੂਰੇ ਹੋਣ ਦੀ ਆਸ ਨਜ਼ਰ ਨਹੀਂ ਆ ਰਹੀ। ਖੈਰ, ਇਸਦਾ ਜਵਾਬ ਤਾਂ ਸਪੀਕਰ ਸੰਧਵਾਂ ਹੀ ਦੇ ਸਕਦੇ ਹਨ ਪਰ ਮੌਜੂਦਾ ਪ੍ਰਸਿਥੀਤੀਆਂ ‘ਚ ਦੋਸ਼ੀਆਂ ਦੇ ਸਾਹਮਣੇ ਆਉਣ ਬਾਰੇ ਕੀਤੇ ਵਾਅਦੇ ਨੂੰ ਲੈ ਕੇ ਸਵਾਲ ਉਠਣੇ ਸੁਭਾਵਿਕ ਹਨ। ਇਹ ਵੀ ਸਹੀ ਹੈ ਕਿ ਸੰਧਵਾਂ ਇਸ ਇਲਾਕੇ ਨਾਲ ਸੰਬਧਿਤ ਹਨ ਅਤੇ ਉਨ੍ਹਾਂ ਲਈ ਵੀ ਪੂਰੇ ਸਿੱਖ ਜਗਤ ਦੀ ਤਰ੍ਹਾਂ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲੋਂ ਵੱਡੀ ਦੁਖਦਾਈ ਘਟਨਾ ਨਹੀਂ ਹੋ ਸਕਦੀ। ਜੇਕਰ ਇਸ ਮਾਮਲੇ ਦੇ ਪਿਛੋਕੜ ‘ਚ ਝਾਤ ਮਾਰੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਰਾਜਸੀ ਆਗੂ ਧਰਨੇ ‘ਚ ਸ਼ਾਮਿਲ ਹੋ ਕੇ ਨਿਆਂ ਤੇ ਇਨਸਾਫ਼ ਦਾ ਭਰੋਸਾ ਦਿੰਦੇ ਰਹੇ ਹਨ ਪਰ ਉਹ ਭਰੋਸੇ ਕੇਵਲ ਮੀਡੀਆ ਦੀ ਸੁਰਖੀਆਂ ਤੱਕ ਹੀ ਸੀਮਿਤ ਰਹਿ ਗਏ।ਇਸ ਲਈ ਹਾਕਮ ਧਿਰ ਦੇ ਨੇਤਾ ਵਲੋਂ ਕੀਤੇ ਵਾਅਦੇ ਉਪਰ ਸਵਾਲ ਉਠਣੇ ਸੁਭਾਵਿਕ ਹਨ।
ਜੇਕਰ ਪੰਜਾਬ ਦੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਤਿੰਨ ਸਰਕਾਰਾਂ ਸੰਗਤਾਂ ਅੱਗੇ ਨਿਆਂ ਦੇਣ ਦੇ ਭਰੋਸੇ ਦੇ ਕੇ ਤੁਰ ਗਈਆਂ ਹਨ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਇਹ ਗੈਰ ਮਾਨਵੀ ਅਤੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਉਸ ਵੇਲੇ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੰਜਾਬ ‘ਚ ਜ਼ਬਰਦਸਤ ਰੋਸ ਪ੍ਰਗਟਾਵੇ ਕੀਤੇ ਗਏ ਪਰ ਬਾਦਲ ਸਰਕਾਰ ਨਿਆਂ ਨਾ ਦੇ ਸਕੀ ਤਾਂ ਪੰਜਾਬੀਆਂ ਨੇ ਬਾਦਲ ਸਰਕਾਰ ਨੂੰ ਹੀ ਚਲਦਾ ਕਰ ਦਿੱਤਾ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਿਆਂ ਦਵਾਉਣ ਦੇ ਵਾਅਦੇ ਨਾਲ ਕਾਂਗਰਸ ਦੀ ਸਰਕਾਰ ਬਣੀ ਪਰ ਕੈਪਟਨ ਅਮਰਿੰਦਰ ਵਾਅਦਾ ਪੂਰਾ ਕੀਤੇ ਬਗੈਰ ਹੀ ਮੁੱਖ ਮੰਤਰੀ ਦੀ ਕੁਰਸੀ ਤੋਂ ਚਲਦੇ ਬਣੇ। ਚਰਨਜੀਤ ਸਿੰਘ ਚੰਨੀ ਵੀ ਇਸੇ ਕਤਾਰ ਦੇ ਮੁੱਖ ਮੰਤਰੀ ਬਣ ਕੇ ਰਹਿ ਗਏ। ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ ਤਾਂ ਇਹ ਵੇਖਣਾ ਹੋਵੇਗਾ ਕੇ ਭਗਵੰਤ ਮਾਨ ਇਸ ਮਾਮਲੇ ‘ਚ ਦੂਜਿਆਂ ਨਾਲੋਂ ਵੱਖਰੇ ਮੁੱਖ ਮੰਤਰੀ ਕਿਵੇਂ ਹਨ ।ਇਹ ਵੀ ਸਹੀ ਹੈ ਕਿ ਸਪੀਕਰ ਸੰਧਵਾਂ ਇਕ ਸੁਲਝੇ ਹੋਏ ਰਾਜਸੀ ਨੇਤਾ ਹਨ ਤਾਂ ਉਹ ਲਾਜ਼ਮੀ ਤੌਰ ‘ਤੇ ਧਰਨੇ ‘ਚ ਵਾਅਦਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਸ ਭਾਵੁਕ ਮੁੱਦੇ ‘ਤੇ ਮਿਲੇ ਹੋਣਗੇ।ਹੁਣ ਇਹ ਆਉਣ ਵਾਲੇ ਦਿਨ ਦੱਸਣਗੇ ਕਿ ਮੁਲਾਕਾਤ ਦਾ ਇਸ ਅਹਿਮ ਮੁੱਦੇ ਲਈ ਕੀ ਨਤੀਜਾ ਸਾਹਮਣੇ ਆਵੇਗਾ?