ਬਿੰਦੂ ਸਿੰਘ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ 91 ਵਿਧਾਇਕਾਂ ਦੇ ਹਸਤਾਖਰਾਂ ਵਾਲੇ ਪੱਤਰ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਦੇ ਕੇ ਆਪਣਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। 16 ਮਾਰਚ ਨੂੰ 12 ਵਜੇ ਭਗਵੰਤ ਮਾਨ ਆਪਣੇ ਮੰਤਰੀ ਮੰਡਲ ਸਮੇਤ ਖਟਕੜ ਕਲਾਂ , ਸ਼ਹੀਦ ਭਗਤ ਸਿੰਘ , ਦੇ ਪਿੰਡ ਸੁੰਹ ਚੁੱਕਣਗੇ। ਇਸ ਤੋਂ ਬਾਅਦ 17 ਮਾਰਚ ਨੂੰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਧਾਨਸਭਾ ਇਜਲਾਸ ਸ਼ੁਰ ਹੋਵੇਗਾ।
ਭਗਵੰਤ ਮਾਨ ਦੇ ਮੁੱਖਮੰਤਰੀ ਦੇ ਅਹੁਦੇ ਲਈ ਸੁੰਹ ਚੁੱਕਣ ਤੋਂ ਪਹਿਲਾਂ ਹੀ ਪ੍ਰਸ਼ਾਸਨਿਕੀ ਪੱਧਰ ਤੇ ਫੇਰਬਦਲ ਦਿੱਸਣਾ ਸ਼ੁਰੂ ਹੋ ਗਿਆ ਹੈ। ਮੁੱਖਮੰਤਰੀ ਦਫਤਰ ਦੀ ਨਵੀਂ ਬਣਤਰ ਨੂੰ ਰੂਪਰੇਖਾ ਦਿੱਤੀ ਜਾ ਰਹੀ ਹੈ। ਉੱਥੇ ਹੀ ਵੀਆਈਪੀ ਕਲਚਰ ਨੂੰ ਘੱਟ ਕਰਨ ਲਈ ਸਾਬਕਾ ਵਿਧਾਇਕਾਂ , ਮੰਤਰੀਆਂ ਅਤੇ ਨਵੇਂ ਚੁਣ ਕੇ ਆਏ ਵਿਧਾਇਕਾਂ ਦੀ ਟੋਹਰ ਚ ਵੀ ਹੁਣ ਫ਼ਰਕ ਪਿਆ ਵਖਾਈ ਦੇਵੇਗਾ ਕਿਉਂਕਿ ਇਨ੍ਹਾਂ ਨੂੰ ਦਿੱਤੇ ਗਏ ਸੁਰੱਖਿਆ ਘੇਰੇ ਚ ਕਟੌਤੀ ਕੀਤੀ ਜਾ ਰਹੀ ਹੈ।
ਜਿਹੜੇ ਵਿਧਾਇਕਾਂ ਦੀ ਸੁਰੱਖਿਆ ਨਫ਼ਰੀ ਵਾਪਿਸ ਲਈ ਜਾਣੀ ਹੈ ਉਸ ਵਿੱਚ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ , ਸੰਗਤ ਸਿੰਘ ਗਿਲਜੀਆਂ , ਰਣਦੀਪ ਸਿੰਘ ਨਾਭਾ , ਸਾਬਕਾ ਡਿੱਪਟੀ ਸਪੀਕਰ ਅਜਾਇਬ ਸਿੰਘ ਭੱਟੀ , ਸਪੀਕਰ ਰਾਣਾ ਕੇ ਪੀ , ਮੰਤਰੀ ਰਜ਼ੀਆ ਸੁਲਤਾਨਾ, ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਇਨ੍ਹਾਂ ਸਭ ਦੀ ਸੁਰੱਖਿਆ ਵਾਪਸ ਲੈਣ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ।
- Advertisement -
ਕਾਂਗਰਸ ਦੇ ਨਵੇਂ ਚੁਣ ਕੇ ਆਏ ਵਿਧਾਇਕਾਂ ਦੀ ਵੀ ਵਾਧੂ ਸੁਰੱਖਿਆ ਵਾਪਿਸ ਲੈ ਲਈ ਗਈ ਹੈ। ਇਨ੍ਹਾਂ ਵਿੱਚ ਪਰਗਟ ਸਿੰਘ , ਅਮਰਿੰਦਰ ਰਾਜਾ ਵੜਿੰਗ , ਅਰੁਣਾ ਚੌਧਰੀ , ਰਾਣਾ ਗੁਰਜੀਤ ਸਿੰਘ , ਤ੍ਰਿਪਤ ਰਾਜਿੰਦਰ ਬਾਜਵਾ , ਸੁਖਬਿੰਦਰ ਸਿੰਘ ਸਰਕਾਰੀਆ , ਬਰਿੰਦਰਮੀਤ ਪਾਹੜਾ ਹਨ।
ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ , ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ , ਬੀਜੇਪੀ ਦੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ , ਮਦਨ ਮੋਹਨ ਮਿੱਤਲ , ਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ , ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦਾ ਨਾਂਅ ਵੀ ਸ਼ਾਮਲ ਹੈ। ਇਸ ਲਿਸਟ ਚ ਕੁੱਲ 122 ਸਾਬਕਾ ਤੇ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਸ਼ਾਮਿਲ ਹਨ।
ਇਸ ਲਿਸਟ ਚ ਸਭ ਤੋਂ ਵੱਧ ਨਫ਼ਰੀ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ 21 ਸੁਰੱਖਿਆਕਰਮੀ ਵਾਪਿਸ ਲਏ ਗਏ ਹਨ , ਇਸ ਤੋਂ ਬਾਅਦ 19 ਸੁਰੱਖਿਆਕਰਮੀ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਤੇ 17 ਪੁਲਿਸਕਰਮੀ ਪ੍ਰਗਟ ਸਿੰਘ ਤੋਂ ਵਾਪਿਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵੈਸੇ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਕਿ ਸਰਕਾਰ ਦੇ ਬਦਲਣ ਨਾਲ ਪ੍ਰਸ਼ਾਸਨਿਕੀ ਢਾਂਚੇ ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਜੇ ਇਹ ਨਵਾਂ ਢਾਂਚਾ ਲੋਕਾਂ ਦੇ ਹਿੱਤ ਪੂਰਨ ਵੱਲ ਕਾਮਯਾਬ ਰਿਹਾ ਤੇ ਫਿਰ ਲੋਕਾਂ ਦਾ ਵਿਸ਼ਵਾਸ ਪੱਕਾ ਹੋਵੇਗਾ ਕਿ ਤੀਸਰੀ ਧਿਰ ਦੀ ਸਰਕਾਰ ਬਣਾਉਣ ਲਈ ਉਨ੍ਹਾਂ ਵਲੋਂ ਦਿੱਤਾ ਗਿਆ ਫ਼ਤਵਾ ਸਹੀ ਚੋਣ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦਾ ਕੰਮਕਾਜ ਸ਼ੁਰੂ ਕਰੇਗੀ ਪਰ ਰਾਹ ਅਜੇ ਚਣੌਤੀਆਂ ਭਰੀ ਹੈ।