ਕਿਸਾਨਾਂ ਨੂੰ ਆਮਦਨ ਵਿੱਚ ਵਾਧਾ ਕਰਨ ਲਈ ਅਹਿਮ ਨੁਕਤੇ

TeamGlobalPunjab
8 Min Read

 

ਬੇਰਾਂ ਦਾ ਫ਼ਲ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਵਿਟਾਮਿਨ ‘ਸੀ’, ਪ੍ਰੋਟੀਨ ਅਤੇ ਕਈ ਖਣਿਜ ਤੱਤ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼ੀਅਮ ਆਦਿ ਭਰਪੂਰ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ। ਬੇਰ ਦੇ ਬੂਟੇ ਬਹੁਤ ਸਖ਼ਤ ਜਾਨ ਹੁੰਦੇ ਹਨ ਅਤੇ ਇਹ ਕਈ ਤਰਾਂ ਦੇ ਜਲਵਾਯੂ ਨੂੰ ਸਹਾਰ ਸਕਦੇ ਹਨ। ਇਸ ਦੇ ਬੂਟੇ ਤਕਰੀਬਨ ਹਰ ਤਰਾਂ ਦੀ ਮਿੱਟੀ ਵਿੱਚ ਕਾਸ਼ਤ ਕੀਤੇ ਜਾ ਸਕਦੇ ਹਨ। ਮਿੱਟੀ ਅਤੇ ਸਿੰਚਾਈ ਵਾਲੇ ਪਾਣੀ ਵਿੱਚ ਮੌਜੂਦ ਖਾਰੇ ਅਤੇ ਲੂਣੇ ਤੱਤਾਂ ਨੂੰ ਸਹਿਣ ਦੀ ਸਮਰੱਥਾ ਵੀ ਬੇਰੀਆਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਪਾਣੀ ਦੀ ਕਮੀ ਜਾਂ ਅਸਥਾਈ ਸੇਮ ਵਾਲੇ ਹਾਲਾਤ ਵਿੱਚ ਵੀ ਬੇਰੀਆਂ ਦੀ ਕਾਸਤ ਕੀਤੀ ਜਾ ਸਕਦੀ ਹੈ। ਇਹਨਾਂ ਕਾਰਨਾਂ ਕਰਕੇ ਹੀ ਇਸ ਦੇ ਬਾਗ ਉਹਨਾਂ ਹਾਲਤਾਂ ਵਿੱਚ ਵੀ ਲਾਏ ਜਾ ਸਕਦੇ ਹਨ ਜਿੱਥੇ ਕੋਈ ਹੋਰ ਫ਼ਲ ਦੀ ਕਾਸਤ ਸੰਭਵ ਨਹੀ। ਪ੍ਰੰਤੂ ਬੇਰੀਆਂ ਦਾ ਕੰਡੇਦਾਰ ਹੋਣ, ਬੇਰਾਂ ਦੀ ਤੁੜਾਈ ਵਿਚ ਮੁਸ਼ਕਿਲ ਹੋਣ, ਕਾਂਟ-ਛਾਂਟ ਵਿਚ ਹੋਣ ਵਾਲੀ ਮੁਸ਼ਕਿਲ ਅਤੇ ਬਾਕੀ ਫ਼ਲਦਾਰ ਬਾਗਾਂ ਮੁਕਾਬਲੇ ਘੱਟ ਆਮਦਨ ਹੋਣ ਕਾਰਨ ਇਸ ਫ਼ਲ ਦੇ ਰਕਬੇ ਹੇਠ ਕੋਈ ਖਾਸ ਵਾਧਾ ਨਹੀ ਹੋ ਰਿਹਾ। ਬੇਰੀਆਂ ਦੀ ਸੁਚੱਜੀ ਸੰਭਾਲ ਕਰਕੇ ਅਤੇ ਬੇਰੀਆਂ ਦੇ ਬਾਗਾਂ ਵਿੱਚ ਹੋਰ ਢੁਕਵੀਆਂ ਫ਼ਸਲਾਂ ਦੀ ਬਿਜਾਈ ਕਰਕੇ ਬੇਰਾਂ ਦੇ ਬਾਗਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈੈ।

ਬੇਰੀਆਂ ਦੀ ਸਲਾਨਾ ਕਾਂਟ-ਛਾਂਟ: ਗਰਮੀ ਦਾ ਮੌਸਮ ਸ਼ੁਰੂ ਹੋਣ ਨਾਲ ਬੇਰੀਆਂ ਦੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਮਈ ਮਹੀਨੇ ਵਿਚ ਇਹ ਨੀਂਦਰ ਅਵਸਥਾ ਵਿੱਚ ਚਲੇ ਜਾਂਦੇ ਹਨ। ਇਸ ਲਈ ਬੇਰੀਆਂ ਦੀ ਸਲਾਨਾ ਕਾਂਟ-ਛਾਂਟ ਵੀ ਮਈ ਵਿਚ ਕੀਤੀ ਜਾ ਸਕਦੀ ਹੈ। ਸਨੋਰ-2 ਕਿਸਮ ਦੇ ਬੂਟਿਆਂ ਦੀ ਕਾਂਟ-ਛਾਂਟ ਅਪ੍ਰੈਲ ਮਹੀਨੇ ਦੇ ਤੀਸਰੇ ਹਫਤੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਬੇਰ ਦਾ ਫ਼ਲ ਚਾਲੂ ਮੌਸਮ ਦੌਰਾਨ ਨਵੀਆਂ ਫੁੱਟੀਆਂ ਸ਼ਾਖਾਂਵਾਂ ਤੇ ਪੱਤਿਆਂ ਦੇ ਆਧਾਰ ਵਿੱਚ ਲਗਦੇ ਹਨ ਇਸ ਲਈ ਇਸ ਦੇ ਦਰੱਖ਼ਤਾਂ ਤੋਂ ਵਧੇਰੇ ਝਾੜ ਅਤੇ ਚੰਗੀ ਗੁਣਵੱਤਾ ਵਾਲੇ ਫ਼ਲ ਪ੍ਰਾਪਤ ਕਰਨ ਲਈ ਇਸ ਦੇ ਦਰੱਖਤਾਂ ਦੀ ਸਲਾਨਾ ਕਾਂਟ-ਛਾਂਟ ਬਹੁਤ ਹੀ ਜ਼ਰੂਰੀ ਹੁੰਦਾ ਹੈ। ਅਜਿਹਾ ਕਰਨਾ ਬੇਰਾਂ ਦੇ ਦਰੱਖਤਾਂ ਨੂੰ ਲੰਬੇ ਸਮੇ ਤੱਕ ਸਿਹਤਮੰਦ ਬਣਾਈ ਰੱਖਣ ਅਤੇ ਉਹਨਾਂ ਤੋਂ ਨਿਰੰਤਰ ਵਧੀਆ ਗੁਣਵੱਤਾ ਵਾਲਾ ਅਤੇ ਵਧੇਰੇ ਫ਼ਲ ਪ੍ਰਾਪਤ ਕਰਨ ਲਈ ਬਹੁਤ ਅਹਿਮੀਅਤ ਰੱਖਦਾ ਹੈ। ਸਲਾਨਾ ਕਾਂਟ-ਛਾਂਟ ਬੂਟੇ ਤੇ ਵੱਧ ਤੋਂ ਵੱਧ ਫ਼ਲ ਪੈਦਾ ਕਰਨ ਲਈ ਜਗ੍ਹਾ ਪ੍ਰਦਾਨ ਕਰਦੀ ਹੈ ਅਤੇ ਬਿਨਾਂ ਕਾਂਟ-ਛਾਂਟ ਕੀਤੇ ਬੂਟੇ ਦੀ ਛੱਤਰੀ ਗੈਰ ਜਰੂਰੀ ਵੱਧ ਜਾਂਦੀ ਹੈ ਅਤੇ ਅੰਦਰੋਂ ਖਾਲੀ ਹੋ ਜਾਂਦੀ ਹੈ। ਇਸ ਨਾਲ ਫੁਟਾਰੇ ਦਾ ਵਾਧਾ ਕਮਜ਼ੋਰ ਪੈ ਜਾਂਦਾ ਹੈ ਅਤੇ ਬੂਟਾ ਚੰਗੇ ਅਤੇ ਵੱਡੇ ਆਕਾਰ ਦੇ ਫ਼ਲ ਦੇਣ ਤੋਂ ਅਸਮਰਥ ਹੋ ਜਾਂਦਾ ਹੈ। ਅਜਿਹੇ ਦਰਖਤ ਆਰਥਿਕ ਤੌਰ ‘ਤੇ ਪੈਦਾਵਾਰ ਨਹੀ ਦਿੰਦੇ ਅਤੇ ਬਹੁਤ ਸਾਰੀ ਜਗ੍ਹਾ ਵਿਅਰਥ ਮੱਲ ਲੈਂਦੇ ਹਨ। ਛੱਤਰੀ ਦੇ ਜ਼ਿਆਦਾ ਫੈਲਾਅ ਤੋਂ ਬਚਣ ਲਈ ਅਤੇ ਦਰੱਖਤਾਂ ਦੇ ਅੰਦਰੂਨੀ ਭਾਗਾਂ ਵਿੱਚ ਵਧੇਰੇ ਧੁੱਪ ਅਤੇ ਹਵਾ ਪਹੰੁਚਾਉਣ ਲਈ ਟਹਿਣੀਆਂ ਨੂੰ ਵਿਰਲਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਇੱਕ ਸਾਲ ਪੁਰਾਣੀਆਂ ਟਹਿਣੀਆਂ ਨੂੰ ਅੱਠ ਅੱਖਾਂ ਛੱਡ ਕੇ ਉੱਪਰੋਂ ਕੱਟ ਦੇਣ ਨਾਲ ਵੱਧ ਉਪਜ ਅਤੇ ਚੰਗੀ ਗੁਣਵਤਾ ਵਾਲੇ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ। ਕੱਟੀਆਂ ਹੋਈਆਂ ਟਹਿਣੀਆਂ ਉੱਪਰ ਨਵੀਂ ਫੋਟ ਵਧੇਰੇ ਅਉਣ ਨਾਲ ਇਸ ਉੱਪਰ ਜਿਆਦਾ ਫੁੱਲ-ਫਲਾਕਾ ਅਉਂਦਾ ਹੈ ਅਤੇ ਚੰਗਾ ਝਾੜ ਪ੍ਰਾਪਤ ਹੋ ਜਾਂਦਾ ਹੈੇ। ਬੇਰੀਆਂ ਦੀਆਂ ਟੁੱਟੀਆਂ, ਜ਼ਮੀਨ ਨਾਲ ਲਗਦੀਆਂ ਅਤੇ ਬਿਮਾਰੀ ਵਾਲੀਆਂ ਟਹਿਣੀਆਂ ਨੂੰ ਵੀ ਕੱਢਣਾ ਜਰੂਰੀ ਹੁੰਦਾ ਹੈ। ਬੇਰੀਆਂ ਦੀ ਹਰੇਕ 4-5 ਸਾਲ ਬਾਅਦ ਭਾਰੀ ਕਾਂਟ-ਛਾਂਟ ਕੀਤੀ ਜਾਂਦੀ ਹੈ। ਬੇਰੀਆਂ ਦੀ ਕਟਾਈ ਤੋਂ ਬਾਅਦ ਬਾਗ ਵਿੱਚੋਂ ਸਾਰੀ ਲੱਕੜ ਬਾਗ ਵਿੱਚੋਂ ਬਾਹਰ ਕੱਢ ਦੇਣੀ ਚਾਹੀਦੀ ਅਤੇ ਇਸ ਨੂੰ ਬਾਲਣ ਦੇ ਤੌਰ ‘ਤੇ ਵਰਤ ਲਵੋ ਜਾਂ ਅੱਗ ਲਗਾ ਕੇ ਸਾੜ ਦਿਉ।

ਬੇਰੀਆਂ ਦੇ ਬਾਗਾਂ ਵਿਚ ਮੁੰਗਫ਼ਲੀ ਦੀ ਕਾਸ਼ਤ: ਬੇਰੀਆਂ ਦੀ ਕਾਂਟ-ਛਾਂਟ ਤੋਂ ਬਾਅਦ ਬਾਗ ਵਿੱਚ ਬੂਟਿਆਂ ਦਰਮਿਆਨ ਕਾਫ਼ੀ ਖਾਲੀ ਥਾਂ ਬਚੀ ਰਹਿੰਦੀ ਹੈ ਇਸ ਲਈ ਆਮਦਨ ਬਣਾਈ ਰੱਖਣ ਲਈ ਇਸ ਥਾਂ ਅੰਤਰ-ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਰੀਆਂ ਦੀ ਕਾਂਟ-ਛਾਂਟ ਤੋਂ ਤੁਰੰਤ ਬਾਅਦ ਬਾਗਾਂ ਵਿਚ ਸਾਫ਼-ਸਫ਼ਾਈ ਕਰਕੇ ਵਹਾਈ ਕਰ ਦਿਉ ਅਤੇ ਜ਼ਮੀਨ ਤਿਆਰ ਕਰ ਲਵੋ। ਇਸੇ ਸਮੇ ਹੀ ਬਾਗਾਂ ਵਿਚ ਗਲੀ-ਸੜੀ ਰੂੜੀ ਵਾਲੀ ਖਾਦ ਪਾ ਕੇ ਜ਼ਮੀਨ ਵਿਚ ਮਿਲਾਈ ਜਾ ਸਕਦੀ ਹੈ। ਇਸ ਤੋਂ ਬਾਅਦ ਸਿੰਚਾਈ ਕਰਕੇ ਬਾਗਾਂ ਵਿਚ ਮੂਗਫ਼ਲੀ ਦੀ ਥੋੜੇ ਸਮੇ ਵਿਚ ਪਕਣ ਵਾਲੀ ਕਿਸਮ ‘ਟੀ.ਜੀ. 37ਏ’ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਕਿਸਮ 100-110 ਦਿਨਾ ਵਿੱਚ ਹੀ ਪੁੱਟਣ ਯੋਗ ਹੋ ਜਾਂਦੀ ਹੈ ਮਈ ਮਹੀਨੇ ਬੀਜੀ ਮੂੰਗਫ਼ਲੀ ਨੂੰ ਸਤੰਬਰ ਦੇ ਪਹਿਲੇ ਹਫ਼ਤੇ ਪੁੱਟਿਆ ਜਾ ਸਕਦਾ ਹੈ। ਕਾਂਟ-ਛਾਂਟ ਕੀਤੇ ਬਾਗ ਦੇ ਤਕਰੀਬਨ 90 ਪ੍ਰਤੀਸ਼ਤ ਭਾਗ ਤੇ ਮੂੰਗਫ਼ਲੀ ਬੀਜੀ ਜਾ ਸਕਦੀ ਹੈ ਅਤੇ ਇਕ ਏਕੜ ਬਿਜਾਈ ਲਈ ਤਕਰੀਬਨ 35 ਕਿਲੋ ਬੀਜ ਦੀ ਜਰੂਰਤ ਪੈਂਦੀ ਹੈ। ਬੇਰੀਆਂ ਦੇ ਬਾਗਾਂ ਵਿਚ ਇਸ ਕਿਸਮ ਦੀ ਮੂੰਗਫ਼ਲੀ ਦਾ 6-7 ਕੁਇੰਟਲ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰੱਖੋ ਕਿ ਮੂੰਗਫ਼ਲੀ ਦੀ ਬਿਜਾਈ ਹਰ ਹਾਲਤ ਮਈ ਦੇ ਤੀਜੇ ਕੁ ਹਫ਼ਤੇ ਤੱਕ ਹੋ ਜਾਵੇ।

- Advertisement -

ਬੇਰੀਆਂ ਦੀ ਸਾਂਭ-ਸੰਭਾਲ ਅਤੇ ਫ਼ਲਾਂ ਦਾ ਗੁਣਵਤਾ ਸੁਧਾਰ
• ਬੇਰੀਆਂ ਦੀ ਕਾਂਟ-ਛਾਂਟ ਤੋਂ ਤੁਰੰਤ ਬਾਅਦ ਬਾਗ ਵਾਲੀ ਜ਼ਮੀਨ ਦੀ ਸਾਫ਼-ਸਫ਼ਾਈ ਕਰਕੇ ਪ੍ਰਤੀ ਦਰੱਖ਼ਤ ਇੱਕ ਕੁਇੰਟਲ ਪੂਰੀ ਤਰਾਂ ਗਲੀ-ਸੜੀ ਰੂੜੀ ਵਾਲੀ ਖ਼ਾਦ ਪਾ ਕੇ ਜ਼ਮੀਨ ਨੂੰ ਵਾਹ ਦਿਉ ।ਚੰਗੇ ਵਾਧੇ ਅਤੇ ਵਧੀਆ ਝਾੜ ਲਈ ਦਰੱਖਤਾਂ ਨੂੰ 500 ਗ੍ਰਾਮ ਯੂਰੀਆ ਖ਼ਾਦ ਫ਼ੁਲ ਪੈਣ ਤੋਂ ਪਹਿਲਾਂ ਅਤੇ 500 ਗ੍ਰਾਮ ਫ਼ਲ ਪੈਣ ਤੋਂ ਬਾਅਦ ਪ੍ਰਤੀ ਦਰੱਖਤ ਦੇ ਹਿਸਾਬ ਨਾਲ ਪਾਉ।

• ਬੇਰਾਂ ਵਿਚ ਚਿਟੋਂ (ਪਊਡਰੀ ਮਿਲਡਿਊ) ਦੀ ਬਿਮਾਰੀ ਫ਼ਲਾਂ ਦੇ ਝਾੜ ਅਤੇ ਗੁਣਵਤਾ ਦਾ ਬਹੁਤ ਨੁਕਸਾਨ ਕਰਦੀ ਹੈ ਇਸ ਬਿਮਾਰੀ ਦੀ ਰੋਕਥਾਂਮ ਲਈ ਦਰੱਖਤਾਂ ਨੂੰ ਫੁੱਲ ਨਿਕਲਣ ਤੋਂ ਪਹਿਲਾ, ਫ਼ੁਲ ਪੈਣ ਸਮੇ ਅਤੇ ਫ਼ਲ ਬਣਨ ਸਮੇਂ ਘੁਲਣਸ਼ੀਲ ਸਲਫ਼ਰ ਦੇ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਤਿੰਨ ਵਾਰੀ ਛਿੜਕਾਅ ਕਰੋ ।

• ਬੇਰੀਆਂ ਦੇ ਬਾਗਾਂ ਵਿਚ ਨਦੀਨਾਂ ਦੀ ਰੋਕਥਾਂਮ ਲਈ ਬੇਰੀਆਂ ਨੂੰ ਯੂਰੀਆ ਖਾਦ ਦੀ ਦੂਜੀ ਕਿਸ਼ਤ ਦੇਣ ਤੋਂ ਤੁਰੰਤ ਬਾਅਦ ਬੇਰੀਆਂ ਹੇਠ ਝੋਨੇ ਦੀ ਪਰਾਲੀ ਦੀ 10 ਸੈਂਟੀਮੀਟਰ ਤਹਿ ਵਿਛਾ ਦੇਣੀ ਚਹੀਦੀ ਹੈ, ਇਸ ਨਾਲ ਨਾ ਸਿਰਫ਼ ਨਦੀਨਾਂ ਦੀ ਰੋਕਥਾਂਮ ਵਿਚ ਮਦਦ ਮਿਲੇਗੀ ਸਗੋਂ ਫ਼ਲਾਂ ਦਾ ਕੇਰਾ ਘਟਦਾ ਹੈ, ਫ਼ਲਾਂ ਦੇ ਝਾੜ ਅਤੇ ਗੁਣਵਤਾ ਵਿੱਚ ਵੀ ਵਾਧਾ ਹੁੰਦਾ ਹੈ ।

•ਬੇਰਾਂ ਦੇ ਫ਼ਲਾਂ ਦੀ ਚੰਗੀ ਕੁਆਲਟੀ ਲਈ ਬੇਰੀਆਂ ੳੁੱਪਰ ਪੋਟਾਸ਼ੀਅਮ ਨਾਈਟ੍ਰੇਟ ਤੱਤ ਦੇ 15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਪਹਿਲਾ ਛਿੜਕਾਅ ਨਵੰਬਰ ਦੇ ਅੱਧ ਅਤੇ ਦੂਜਾ ਛਿੜਕਾਅ ਜਨਵਰੀ ਦੇ ਅੱਧ ਵਿਚ ਕਰਨਾ ਚਾਹੀਦਾ ਹੈ।

• ਬੇਰਾਂ ਦੇ ਕੇਰੇ ਦੀ ਸਮਸਿਆ ਵੀ ਕਾਫ਼ੀ ਗੰਭੀਰ ਹੁੰਦੀ ਹੈ ਅਤੇ ਇਸ ਨਾਲ ਬਾਗਬਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਇਸ ਲਈ ਕੇਰੇ ਦੀ ਰੋਕਥਾਂਮ ਲਈ ਬੇਰੀਆਂ ਉਪਰ ਨੈਪਥਲੀਨ ਐਸਟਿਕ ਐਸਿਡ (ਐਨ.ਏ.ਏ) ਦੇ 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦੇ ਦੋ ਛਿੜਕਾਅ; ਪਹਿਲਾ ਅਕਤੂਬਰ ਮਹੀਨੇ ਦੇ ਦੂਜੇ ਪੰਦਰਵਾੜੇ ਅਤੇ ਦੂਜਾ ਨਵੰਬਰ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਕੀਤਾ ਜਾ ਸਕਦਾ ਹੈ । ਇਸ ਦਵਾਈ ਨੂੰ ਪਾਣੀ ਵਿਚ ਮਿਲਾਉਣ ਤੋਂ ਪਹਿਲਾਂ ਅਲਕੋਹਲ ਵਿਚ ਚੰਗੀ ਤਰ੍ਹਾਂ ਘੋਲ ਲਵੋ।

- Advertisement -

• ਸੋ, ਕਿਸਾਨ ਵੀਰੋ, ਇਸ ਸਮੇ ਬੇਰਾਂ ਦੀ ਸਹੀ ਤਰੀਕੇ ਨਾਲ ਕਾਂਟ-ਛਾਂਟ ਕਰਕੇ, ਬੇਰੀਆਂ ਨੂੰ ਦੇਸੀ ਰੂੜੀ ਵਾਲੀ ਖ਼ਾਦ ਪਉਣ ਅਤੇ ਕਾਂਟ-ਛਾਂਟ ਕੀਤੇ ਬਾਗਾਂ ਵਿਚ ਮੂੰਗਫ਼ਲੀ (ਟੀ.ਜੀ. 37ਏ ਕਿਸਮ) ਨੂੰ ਅੰਤਰ-ਫ਼ਸਲ ਦੇ ਤੌਰ ‘ਤੇ ਬੀਜ ਕੇ ਬੇਰਾਂ ਦੇ ਬਾਗਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।

 

-ਜੇ. ਐਸ. ਬਰਾੜ ਅਤੇ ਅਨਿਲ ਕੁਮਾਰ ਕਾਮਰਾ

Share this Article
Leave a comment