ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੇਵੀਅਰ ਬੇਸੇਰਾ (Xavier Becerra) ਨੂੰ ਸਿਹਤ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਬੇਸੇਰਾ ਸਿਹਤ ਦੇਖਭਾਲ ਸਬੰਧੀ ਕਾਨੂੰਨ ਦੇ ਸਮਰਥਕ ਰਹੇ ਹਨ ਅਤੇ ਹੁਣ ਉਹ ਬਾਇਡਨ ਪ੍ਰਸ਼ਾਸਨ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਦੇਸ਼ ਦੀ ਮੁਹਿੰਮ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।
ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿਚ ‘ਓਬਾਮਾ ਕੇਅਰ’ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਪਰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਵਜੋਂ ਬੇਸੇਰਾ ਨੇ ਇਸ ਦਾ ਬਚਾਅ ਕੀਤਾ। ਹੁਣ ਇਹ ਮਾਮਲਾ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਹੈ ਜਿਸ ‘ਤੇ ਅਗਲੇ ਸਾਲ ਫ਼ੈਸਲਾ ਆਉਣ ਦੀ ਸੰਭਾਵਨਾ ਹੈ।
ਸਾਬਕਾ ਡੈਮੋਕ੍ਰੇਟ ਐੱਮਪੀ ਬੇਸੇਰਾ ਨੇ 2009-2010 ਦੌਰਾਨ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਹਤ ਕਾਨੂੰਨ ਨੂੰ ਉਤਸ਼ਾਹ ਦੇਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉੱਥੇ ਹੀ ਬਾਇਡਨ ਨੇ ਸੈਂਟਰ ਫਾਰ ਡਿਜ਼ੀਜ਼ ਐਂਡ ਕੰਟਰੋਲ (ਸੀਡੀਸੀ) ਦੇ ਮੁਖੀ ਵਜੋਂ ਹਾਰਵਰਡ ਦੇ ਇਨਫੈਕਸ਼ਨ ਰੋਗ ਮਾਹਿਰ ਡਾ. ਰੋਸੇਲ ਵੈਲੇਂਸਕੀ ਨੂੰ ਨਾਮਜ਼ਦ ਕੀਤਾ ਹੈ।