ਨਵੀਂ ਦਿੱਲੀ: ਸੁਰੱਖਿਆ ਨੂੰ ਲੈ ਕੇ ਕਾਂਗਰਸ ਅਤੇ ਜੰਮੂ-ਕਸ਼ਮੀਰ ਪੁਲਿਸ ਆਹਮੋਂ-ਸਾਹਮਣੇ ਆ ਗਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪੁਲਿਸ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ‘ਚ ਲਾਪਰਵਾਹੀ ਕੀਤੀ ਗਈ ਸੀ, ਜਿਸ ਤੋਂ ਬਾਅਦ ਆਪਣੇ ਸੁਰੱਖਿਆ ਕਰਮੀਆਂ ਦੀ ਸਲਾਹ ‘ਤੇ ਉਨ੍ਹਾਂ ਨੇ ਅੱਜ ਦੀ ਯਾਤਰਾ ਰੱਦ ਕਰ ਦਿੱਤੀ।
ਰਾਹੁਲ ਗਾਂਧੀ ਨੇ ਕਿਹਾ, ‘ਅੱਜ ਯਾਤਰਾ ਦੇ ਦੌਰਾਨ ਪੁਲਿਸ ਦੀ ਸੁਰੱਖਿਆ ਵਿਵਸਥਾ ‘ਚ ਕੁਤਾਹੀ ਹੋ ਗਈ। ਟਨਲ ‘ਚੋਂ ਬਾਹਰ ਨਿੱਕਲਣ ਤੋਂ ਬਾਅਦ ਪੁਲਿਸ ਨਜ਼ਰ ਹੀ ਨਹੀਂ ਆਈ। ਮੇਰੇ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਅਸੀ ਹੋਰ ਅੱਗੇ ਨਹੀਂ ਚੱਲ ਸਕਦੇ। ਮੈਨੂੰ ਆਪਣੀ ਯਾਤਰਾ ਰੋਕਣੀ ਪਈ ਬਾਕੀ ਲੋਕਾਂ ਨੇ ਯਾਤਰਾ ਜਾਰੀ ਰੱਖੀ। ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।’
ਉੱਥੇ ਹੀ ਰਾਹੁਲ ਦੇ ਇਨ੍ਹਾਂ ਦੋਸ਼ਾਂ ‘ਤੇ ਜੰਮੂ-ਕਸ਼ਮੀਰ ਪੁਲਿਸ ਦਾ ਬਿਆਨ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿਰਫ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਅਤੇ ਲੋਕਾਂ ਨੂੰ ਯਾਤਰਾ ਦੇ ਰੂਟ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ ਅਤੇ ਪ੍ਰਬੰਧਕਾਂ ਨੇ ਬਨਿਹਾਲ ਤੋਂ ਯਾਤਰਾ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਵੱਡੀ ਭੀੜ ਬਾਰੇ ਜਾਣਕਾਰੀ ਨਹੀਂ ਦਿੱਤੀ, ਜੋ ਕਿ ਸ਼ੁਰੂਆਤੀ ਥਾਂ ਦੇ ਨੇੜ੍ਹੇ ਇਕੱਠੀ ਹੋ ਗਈ ਸੀ।
ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਕਿ 1 ਕਿਲੋਮੀਟਰ ਤੋਂ ਬਾਅਦ ਯਾਤਰਾ ਨੂੰ ਰੱਦ ਕਰਨ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ। ਬਾਕੀ ਦਾ ਸਫ਼ਰ ਸ਼ਾਂਤੀਪੂਰਵਕ ਚੱਲਦਾ ਰਿਹਾ। ਸੁਰੱਖਿਆ ਵਿਚ ਕੋਈ ਕਮੀ ਨਹੀਂ ਸੀ।