ਬਰੈਂਪਟਨ: ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬਰੈਂਪਟਨ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਥੇ 23 ਸਾਲ ਦੀ ਜਸਪ੍ਰੀਤ ਕੌਰ ਸੜਕ ਹਾਦਸੇ ਦੌਰਾਨ ਦਮ ਤੋੜ ਗਈ।
ਜਾਣਕਾਰੀ ਮੁਤਾਬਕ 26 ਦਸੰਬਰ ਨੂੰ ਸ਼ਾਮ ਤਕਰੀਬਨ 7.30 ਵਜੇ ਟੌਰਮ ਰੋਡ ਅਤੇ ਬਾਲਮੋਰਲ ਐਵੇਨਿਊ ਵਿਖੇ ਦੋ ਗੱਡੀਆਂ ਦੀ ਟੱਕਰ ਦੌਰਾਨ ਚਾਰ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਤਿੰਨ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਦਕਿ ਇਕ ਔਰਤ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਟਰੌਮਾ ਸੈਂਟਰ ਲਿਜਾਂਦਿਆਂ ਇਕ ਔਰਤ ਦੀ ਹਾਲਤ ਬਹੁਤ ਗੰਭੀਰ ਹੋ ਗਈ ਅਤੇ ਜਦੋਂ ਉਸ ਨੂੰ ਟਰੌਮਾ ਸੈਂਟਰ ਦੀ ਥਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਰੀਜਨਲ ਪੁਲਿਸ ਦੀ ਕਾਂਸਟੇਬਲ ਹੀਦਰ ਕੈਨਨ ਨੇ ਦੱਸਿਆ ਕਿ ਟਰੌਮਾ ਸੈਂਟਰ ‘ਚ ਦਾਖ਼ਲ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਸਪ੍ਰੀਤ ਕੌਰ ਦੇ ਸਾਥੀਆਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫ਼ੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਜਸਪ੍ਰੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ ਆਈ ਸੀ ਅਤੇ ਉਦੋਂ ਤੋਂ ਪੰਜਾਬ ਜਾਣ ਦਾ ਮੌਕਾ ਨਾ ਮਿਲਿਆ।