ਚੰਡੀਗੜ੍ਹ: ਰੈਪਰ ਯੋ-ਯੋ ਹਨੀ ਸਿੰਘ ਦੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੁਲਾਕਾਤ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਇੱਕ ਚੰਗੀ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ ਸੀ। ਇੱਕ ਵੀਡੀਓ ‘ਚ ਹਨੀ ਸਿੰਘ ਤੇ ਤਰੁਣ ਚੁੱਘ ਨੌਜਵਾਨਾਂ ਨੂੰ ਦੁੱਧ, ਦਹੀਂ, ਲੱਸੀ ਤੇ ਘਿਓ ਖਾਣ ਲਈ ਕਹਿ ਰਹੇ ਹਨ। ਹਾਲਾਂਕਿ, ਇਹ ਵੀਡੀਓ ਤੇ ਮੁਲਾਕਾਤ ਹੁਣ ਵਿਵਾਦ ਦਾ ਵਿਸ਼ਾ ਬਣ ਚੁੱਕੀ ਹੈ। ਹਨੀ ਸਿੰਘ ਜੋ ਖ਼ੁਦ ਸਵਿਕਾਰ ਕਰ ਚੁੱਕੇ ਹਨ ਕਿ ਉਹ ਕਈ ਸਾਲ ਨਸ਼ਿਆਂ ਦੀ ਦਲਦਲ ‘ਚ ਫਸੇ ਰਹੇ, ਹੁਣ ਉਨ੍ਹਾਂ ਦਾ ਹੀ ਨਸ਼ਾ ਮੁਕਤੀ ਮੁਹਿੰਮ ਨਾਲ ਜੁੜਣਾ ਇੱਕ ਵਿਵਾਦ ਬਣ ਚੁੱਕਿਆ ਹੈ।
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹਨੀ ਸਿੰਘ ‘ਤੇ ਹਮਲਾ ਬੋਲਿਆ ਹੈ ਤੇ ਤਰੁਣ ਚੁੱਘ ‘ਤੇ ਵੀ ਸਵਾਲ ਚੁੱਕੇ ਹਨ। ਜੱਸੀ ਨੇ ਕਿਹਾ, “ਪੰਜਾਬ ਸਿਰਫ਼ ਇੱਕ ਸੂਬਾ ਨਹੀਂ ਹੈ, ਸਗੋਂ ਇੱਕ ਭਾਵਨਾ ਅਤੇ ਵਿਰਾਸਤ ਦਾ ਨਾਮ ਹੈ।” ਉਸਨੇ ਜ਼ੋਰ ਦੇ ਕੇ ਕਿਹਾ ਕਿ ਬਾਹਰਲੇ ਲੋਕ ਅਕਸਰ ਮਸ਼ਹੂਰ ਚਿਹਰਿਆਂ ਰਾਹੀਂ ਹੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਕਿ ਪੰਜਾਬ ਦੀ ਅਸਲ ਪਛਾਣ ਇਸਦੇ ਸੱਭਿਆਚਾਰ, ਇਤਿਹਾਸ ਅਤੇ ਨੌਜਵਾਨਾਂ ਵਿੱਚ ਹੈ।
ਜੱਸੀ ਨੇ ਅੱਗੇ ਕਿਹਾ ਕਿ ਪੰਜਾਬ ਦਾ ਹਰ ਵਰਗ, ਭਾਵੇਂ ਸਿੱਖ ਹੋਵੇ ਜਾਂ ਹਿੰਦੂ, ਗੁਰਬਾਣੀ ਅਤੇ ਪੰਜਾਬ ਦੀ ਵਿਰਾਸਤ ਨਾਲ ਡੂੰਘਾ ਜੁੜਿਆ ਹੋਇਆ ਹੈ। ਇਸ ਲਈ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਪੰਜਾਬ ਦ ਸਮਾਜ ਸਵੀਕਾਰ ਨਹੀਂ ਕਰਦਾ।
ਕਲਾਕਾਰ ਨੇ ਇਹ ਵੀ ਸਵੀਕਾਰ ਕੀਤਾ ਕਿ ਉਸਦਾ ਬਿਆਨ ਉਸ ਨੂੰ ਨਿੱਜੀ ਤੌਰ ‘ਤੇ ਅਤੇ ਪੇਸ਼ੇਵਰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਸੱਚ ਬੋਲਣਾ ਪੰਜਾਬ ਦੇ ਭਲੇ ਲਈ ਜ਼ਰੂਰੀ ਹੈ। ਅਖੀਰ ਵਿੱਚ ਉਸਨੇ ਕਿਹਾ ਕਿ, “ਪੰਜਾਬ ਜ਼ਿੰਦਾਬਾਦ ਰਹੇਗਾ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ।”

