ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿਲ ਤੇ ਬਾਰਾਂਦਰੀ ਦੇ 44 ਥੰਮ ਪੁੱਟਣ ਵਾਲੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ

TeamGlobalPunjab
3 Min Read

-ਅਵਤਾਰ ਸਿੰਘ

ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਨੂੰ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ, ਪਿੰਡ ਈਚੋਗਿਲ ਜਿਲਾ ਲਾਹੌਰ ਵਿਖੇ ਹੋਇਆ। ਉਨ੍ਹਾਂ ਨੇ ਪਿਤਾ ਕੋਲੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ। ਉਹ ਉਸਨੂੰ ਤਰਖਾਣ ਦੇ ਕੰਮ ਵਿੱਚ ਪਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਇਸ ਕੰਮ ਵਿਚ ਕੋਈ ਰੁਚੀ ਨਹੀਂ ਦਿਖਾਈ।

ਨਾਦਰ ਸ਼ਾਹ ਦੇ ਹਮਲੇ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪਿਆ। ਜਦ ਜਕਰੀਆ ਖਾਨ ਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਹਮਲਾ ਕਰਨ ਆ ਰਿਹਾ ਤਾਂ ਉਸ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ।

ਨਾਦਰ ਸ਼ਾਹ ਖਿਲਾਫ ਜੱਸਾ ਸਿੰਘ ਤੇ ਭਗਵਾਨ ਸਿੰਘ ਸਮੇਤ ਸਿੱਖ ਉਸਦੀ ਫੌਜ ਵਿਚ ਭਰਤੀ ਹੋ ਗਏ। 1739 ਵਿਚ ਵਜੀਰਾਬਾਦ, ਗੁਜਰਾਂਵਾਲਾ ਵਿਖੇ ਨਾਦਰ ਸ਼ਾਹ ਨਾਲ ਹੋਈ ਲੜਾਈ ਵਿਚ ਭਗਵਾਨ ਸਿੰਘ ਸ਼ਹੀਦ ਹੋ ਗਏ ਤੇ ਜੱਸਾ ਸਿੰਘ ਨੇ ਛੋਟੀ ਉਮਰ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ।

- Advertisement -

ਇਸ ਬਹਾਦਰੀ ਬਦਲੇ ਜਕਰੀਆ ਖਾਂ ਨੇ ਰਸਾਲਦਾਰ ਦੀ ਪਦਵੀ ‘ਤੇ ਪਿੰਡ ਵਲਾ ਬਖਸ਼ ਦਿੱਤਾ। ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਜੱਸਾ ਸਿੰਘ ਦੀ ਬਹਾਦਰੀ ਨੂੰ ਵੇਖਦੇ ਹੋਏ ਬੜੀ ਚਲਾਕੀ ਨਾਲ ਆਪਣੀ ਫੌਜ ਵਿਚ 500 ਘੋੜ ਸਵਾਰ ਦੇ ਕੇ ਆਗੂ ਬਣਾ ਦਿੱਤਾ।
1748 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਰਾਖੀ ਲਈ ਸਿੱਖਾਂ ਨੇ ਰਾਮ ਰੌਣੀ ਦਾ ਕਿਲਾ ਬਣਾਇਆ। ਮੀਰ ਮੰਨੂ ਨੇ ਗੱਦੀ ਕਾਇਮ ਰੱਖਣ ਲਈ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕੀਤਾ ਤਾਂ ਕੁਝ ਜੰਗਲਾਂ ਵਲ ਚਲੇ ਗਏ ਤੇ 500 ਦੇ ਕਰੀਬ ਰਾਮ ਰੌਣੀ ਕਿਲੇ ਵਿਚ ਆ ਗਏ ਜਿਥੇ ਮੀਰ ਮੰਨੂ ਦੇ ਕਹਿਣ ‘ਤੇ ਅਦੀਨਾ ਬੇਗ, ਜੱਸਾ ਸਿੰਘ ਰਾਮਗੜ੍ਹੀਆ ਸਮੇਤ ਆਪਣੀ ਫੌਜ ਨਾਲ ਮੁਕਾਬਲਾ ਕਰਨ ਲਗੇ।

ਛੇ ਮਹੀਨੇ ਘੇਰਾ ਪੈਣ ‘ਤੇ ਅੰਦਰ ਸਿੱਖਾਂ ਦੀ ਹਾਲਤ ਮਾੜੀ ਹੋ ਗਈ ਤੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦਾ ਸਾਥ ਛਡ ਕੇ ਸਿੱਖ ਫੌਜ ਨਾਲ ਆ ਰਲਿਆ ਤੇ ਮੁਗਲਾਂ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਇਸ ਕਿਲੇ ਦਾ ਨਾਂ ਬਾਅਦ ਵਿਚ ਰਾਮਗੜ੍ਹ ਰੱਖਿਆ ਗਿਆ। ਕਿਲੇ ਦੀ ਜਥੇਦਾਰੀ ਮਿਲਣ ਕਰਕੇ ਇਨ੍ਹਾਂ ਦੇ ਨਾਂ ਨਾਲ ਰਾਮਗੜ੍ਹੀਆ ਜੁੜ ਗਿਆ।

ਨੰਦ ਸਿੰਘ ਸਿੰਘਾਣੀਆ ਦੀ ਮਿਸਲ ਸੀ, ਉਸਦੀ ਮੌਤ ਤੋਂ ਬਾਅਦ ਜੱਸਾ ਸਿੰਘ ਦੇ ਮਿਸਲ ਮੁਖੀ ਬਨਣ ‘ਤੇ ਰਾਮਗੜੀਆ ਮਿਸਲ ਬਣ ਗਈ। ਜੱਸਾ ਸਿੰਘ ਨੇ 300 ਕਿਲੇ, ਰਾਮਗੜ੍ਹੀਆ ਬੂੰਗਾ ਤੇ ਦੋ ਮੀਨਾਰ ਬਣਵਾਏ। ਜੱਸਾ ਸਿੰਘ ਆਹਲੂਵਾਲੀਆ ਦੀ ਰਾਮਗੜ੍ਹੀਆ ਹਥੋਂ ਗ੍ਰਿਗਤਾਰੀ ਨੇ ਦੂਜੀਆਂ ਮਿਸਲਾਂ ਨੂੰ ਇਕੱਠਾ ਕਰ ਦਿੱਤਾ। ਉਨ੍ਹਾਂ ਨੇ ਇਕੱਠੇ ਹੋ ਕੇ ਰਾਮਗੜ੍ਹੀਆ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਰਾਮਗੜ੍ਹੀਆ ਆਪਣੇ ਚੋਣਵੇ ਸਾਥੀਆਂ ਨਾਲ ਸਤਲੁਜ ਪਾਰ ਚਲਾ ਗਿਆ।
11 ਮਾਰਚ 1783 ਨੂੰ ਦਿੱਲੀ ‘ਤੇ ਹਮਲਾ ਕੀਤਾ ਇਕ ਪਾਸੇ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਫੌਜਾਂ ਨਾਲ ਮੁਗਲ ਬਾਦਸ਼ਾਹ ਨੂੰ ਭਜਾ ਕੇ ਕਬਜਾ ਕਰਕੇ ਲਾਲ ਕਿਲੇ ਉਪਰ ਕੇਸਰੀ ਝੰਡਾ ਲਹਿਰਾ ਦਿੱਤਾ। ਰਾਮਗੜ੍ਹੀਆ ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿਲ ਤੇ ਬਰਾਂਦਰੀ ਦੇ 44 ਥੰਮ ਪੁਟ ਕੇ ਨਾਲ ਲੈ ਆਏ ਜੋ ਰਾਮਗੜ੍ਹੀਆ ਬੂੰਗਾ, ਅੰਮ੍ਰਿਤਸਰ ਵਿਚ ਮੌਜੂਦ ਹਨ। 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜ੍ਹੀਆ ਆਪਣੀ ਰਾਜਧਾਨੀ ਹਰਗੋਬਿੰਦਪੁਰ ਵਿਖੇ ਬਿਮਾਰ ਰਹਿਣ ਮਗਰੋਂ ਸਦਾ ਲਈ ਵਿਛੋੜਾ ਦੇ ਗਏ।

Share this Article
Leave a comment