ਭਗਤ ਕਬੀਰ ਜੀ ਅਜਿਹਾ ਧਰਮੀ ਸੂਰਮਾ ਜਿਸ ਨੇ ਵਰਨ ਵੰਡ ਤੇ ਕਰਮ ਕਾਂਡਾਂ ਦੀਆਂ ਧਜੀਆਂ ਉੱਡਾ ਦਿੱਤੀਆਂ -ਡਾ. ਗੁਰਦੇਵ ਸਿੰਘ

TeamGlobalPunjab
4 Min Read

-ਡਾ. ਗੁਰਦੇਵ ਸਿੰਘ

ਸ਼੍ਰੋਮਣੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੩੪੯)

ਭਗਤ ਕਬੀਰ ਮੱਧ ਕਾਲ ਦੇ ਇੱਕ ਉਚ ਕੋਟੀ ਦੇ ਵਿਦਵਾਨ, ਸੰਤ, ਭਗਤ ਅਤੇ ਸਮਾਜ ਸੁਧਾਰਕ ਹੋਏ ਹਨ। ਭਗਤ ਬਾਣੀ ਦੇ ਹਵਾਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਭਗਤ ਕਬੀਰ ਜੀ ਨੂੰ ਸ਼੍ਰੋਮਣੀ ਭਗਤ ਵੀ ਆਖਿਆ ਜਾਂਦਾ ਹੈ। ਛੋਟੀ ਜਾਤ ਵਿੱਚ ਜਨਮੇ ਭਗਤ ਕਬੀਰ ਜੀ ਨੇ ਉਹ ਕਰ ਦਿਖਾਇਆ ਜਿਸ ਨੇ ਅਖੌਤੀ ਧਰਮੀਆਂ ਦੀ ਵਰਨ ਵੰਡ ਦੀਆਂ ਧਜੀਆਂ ਉਡਾ ਦਿੱਤੀਆਂ। ਇਨ੍ਹਾਂ ਅਖੌਤੀਆਂ ਧਰਮੀਆਂ ਦੀ ਸਿਰਜੀ ਧਰਮ ਦੀ ਦੁਨੀਆਂ ਵਿੱਚ ਕਬੀਰ ਜੀ ਨੇ ਨਗਾਰੇ ਵਜਾ ਦਿੱਤੇ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥

- Advertisement -

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ (ਅੰਗ ੧੧੦੫)

24 ਜੂਨ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦਾ ਸ਼ੁਭ ਅਵਸਰ ਹੈ। ਸਦੀਆਂ ਤੋਂ ਬਆਦ ਅਜਿਹੇ’ ਮਹਾਨ ਅਵਤਾਰੀ ਪੁਰਸ਼ ਧਰਤੀ ‘ਤੇ ਆਉਂਦੇ ਹਨ। ਭਗਤ ਕਬੀਰ ਜੀ ਦੇ ਜਨਮ ਨਾਲ ਕਈ ਕਥਾਵਾਂ ਪ੍ਰਚਲਿਤ ਨੇ। ਮਹਾਨ ਕੋਸ਼ ਦੇ ਰਚਨਾਕਾਰ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਗਤ ਕਬੀਰ ਜੀ ਦਾ ਜਨਮ 1512 ਇਸਵੀ ਵਿੱਚ ਗੋਰਖਪੁਰ ਤੋਂ ਪੰਦਰਾਂ ਮੀਲ ਦੂਰ ਮਗਹਰ ਵਿੱਚ ਹੋਇਆ। ਆਪ ਦੀ ਜਨਨੀ ਨੇ ਆਪ ਨੂੰ ਜਨਮ ਦੇ ਸਮੇਂ ਹੀ ਬਨਾਰਸ ਦੇ ਨੇੜੇ ਲਹਿਰ ਤਲਾਬ ਦੇ ਕਿਨਾਰੇ ਛੱਡ ਦਿੱਤਾ ਸੀ। ਜਿੱਥੋਂ ਆਪ ਨੂੰ ਇੱਕ ਮੁਸਲਮਾਨ ਪਤੀ ਪਤਨੀ ਨੀਰੂ ਤੇ ਨੀਮਾ ਚੁੱਕ ਕੇ ਲਿਆਏ ਤੇ ਆਪਣੇ ਪੁੱਤਰਾਂ ਵਾਂਗ ਪਾਲਣ ਪੋਸ਼ਣ ਕੀਤਾ। ਪਰ ਕਬੀਰ ਗ੍ਹੰਥਾਂਵਲੀ ਦੇ ਅਨੁਸਾਰ ਕਬੀਰ ਜੀ ਅਕਾਸ਼ ਤੋਂ ਧਰਤੀ ਉੱਪਰ ਉਤਰੇ ਤੇ ਇੱਕ ਲਹਿਰ ਤਲਾਬ ਵਿੱਚ, ਇੱਕ ਕਮਲ ਦੇ ਫੁੱਲ ਵਿੱਚ ਜਨਮ ਲਿਆ। ਉਥੋਂ ਹੀ ਮੁਸਲਮਾਨ ਨੀਰੂ ਤੇ ਨੀਮਾ ਆਪ ਨੂੰ ਆਪਣੇ ਘਰ ਲਿਆਏ। ਕੁਝ ਵਿਦਵਾਨ ਆਪ ਦਾ ਜਨਮ ਬ੍ਰਹਾਮਣ ਦੇ ਘਰ ਹੋਇਆ ਵੀ ਮੰਨਦੇ ਹਨ। ਕੁਝ ਆਪ ਨੂੰ ਜਨਮ ਤੋਂ ਹੀ ਜੁਲਾਹਾ ਅਤੇ ਮੁਸਲਮਾਨ ਮੰਨਦੇ ਹਨ। ਕਬੀਰ ਜੀ ਦੇ ਅਸਲ ਮਾਤਾ ਪਿਤਾ ਦਾ ਨਾਮ, ਨਾ ਤਾਂ ਇਤਿਹਾਸ ਵਿੱਚ ਅਤੇ ਨਾ ਹੀ ਕਬੀਰ ਜੀ ਦੀਆਂ ਬਾਣੀ ਰਚਨਾਵਾਂ ਵਿੱਚ ਹੀ ਮਿਲਦਾ ਹੈ।
ਕਬੀਰ ਪੰਥੀਆਂ ਅਨੁਸਾਰ ਕਬੀਰ ਜੀ ਨੇ ਵਿਆਹ ਹੀ ਨਹੀਂ ਕਰਵਾਇਆ ਪਰ ਕਈ ਵਿਦਵਾਨ ਆਪ ਜੀ ਦੀ ਸਪੁਤਨੀ ਦਾ ਨਾਮ ਲੋਈ ਲਿਖਦੇ ਹਨ ਅਤੇ ਪੁੱਤਰ ਤੇ ਧੀ ਦਾ ਨਾਮ ਕਮਾਲਾ ਤੇ ਕਮਾਲੀ ਮੰਨਦੇ ਹਨ। ਕਬੀਰ ਜੀ ਦੀਆਂ ਕਈ ਰਚਨਾਵਾਂ ਵਿੱਚ ਇਨ੍ਹਾਂ ਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੇ 17 ਰਾਗਾਂ ਵਿੱਚ 227 ਪਦੇ ਅਤੇ 237 ਸ਼ਲੋਕ ਅੰਕਿਤ ਹਨ। ਸ੍ਰੀ ਗੁਰੂ ਸਾਹਿਬ ਵਿੱਚ ਜਦੋਂ ਵੀ ਭਗਤ ਬਾਣੀ ਪ੍ਰਾਰੰਭ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਹੀ ਬਾਣੀ ਆਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਗਤ ਕਬੀਰ ਜੀ ਦੀ ਬਾਣੀ ਕਬੀਰ ਗਰੰਥਾਂਵਲੀ ਤੇ ਬੀਜਕ ਨਾਮੀ ਗ੍ਰੰਥਾਂ ਵਿੱਚ ਵੀ ਮਿਲਦੀ ਹੈ।
ਕਬੀਰ ਜੀ ਨੇ ਸਮਾਜ ਦੇ ਵਾਧੂ ਵਹਿਮਾਂ ਭਰਮਾਂ ਦਾ ਸਖਤ ਖੰਡਨ ਕੀਤਾ। ਆਪ ਨੇ ਅਖੌਤੀ ਵਿਦਵਾਨ ਪੰਡਤਾਂ, ਪੁਜਾਰੀ ਪਾਂਡਿਆ, ਮੂਰਤੀ ਪੂਜਾ, ਸ਼ੁੱਧਤਾ ਲਈ ਇਸ਼ਨਾਨ, ਰਵਾਇਤੀ ਵਰਤ, ਤੀਰਥ ਯਾਤਰਾ, ਕਿਰਿਆ ਕਰਮ ਆਦਿ ਸਭ ਨੂੰ ਸਿਰੇ ਤੋਂ ਨਿਕਾਰਿਆ।

ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥ (ਅੰਗ ੪੭੯)

- Advertisement -

ਸਿੰਕਦਰ ਲੋਧੀ ਨੇ ਆਪ ਦੇ ਵਿਰੋਧੀਆਂ ਦੇ ਆਖੇ ਲਗ ਕੇ ਆਪ ਨੂੰ ਬਹੁਤ ਕਸ਼ਟ ਦਿੱਤੇ ਜਿਸ ਦਾ ਜ਼ਿਕਰ ਆਪ ਦੀ ਬਾਣੀ ਵਿੱਚ ਵੀ ਮਿਲਦਾ ਹੈ ਅਖੀਰ ਸਿਕੰਦਰ ਲੋਧੀ ਨੂੰ ਆਪ ਦੇ ਅਵਤਾਰੀ ਗੁਣਾਂ ਦਾ ਗਿਆਨ ਹੋਇਆ। ਅਸੀਂ ਸਰਬ ਸ਼ਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਨਿਡਰ ਤੇ ਨਿਧੜਕ ਸ਼੍ਰੋਮਣੀ ਭਗਤ, ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ।

Share this Article
Leave a comment