ਸ਼ਬਦ ਵਿਚਾਰ 84 – ਜਪੁ ਜੀ ਸਾਹਿਬ -ਪਉੜੀ 8

TeamGlobalPunjab
3 Min Read

ਸ਼ਬਦ ਵਿਚਾਰ – 84

ਜਪੁ ਜੀ ਸਾਹਿਬ – ਪਉੜੀ 8

ਡਾ. ਗੁਰਦੇਵ ਸਿੰਘ*

 ਸਿੱਧ ਬਣਨ ਲਈ ਵਿਸ਼ੇਸ਼ ਤਰ੍ਹਾਂ ਦੀਆਂ ਸਿੱਧੀਆਂ ਦੀ ਸਾਧਨਾ ਕਰਨੀ ਪੈਦੀ ਹੈ ਤੇ ਕਈ ਕਈ ਸਾਲਾਂ ਦੀ ਸਖਤ ਤੇ ਔਖੀਆਂ ਤੱਪਸਿਆਵਾਂ ਕਰਨੀਆਂ ਪੈਂਦੀਆਂ ਹਨ, ਫਿਰ ਕਿਤੇ ਜਾ ਕੇ ਸਿੱਧ ਬਣਾਇਆ ਜਾਂਦਾ ਹੈ। ਇਸੇ ਤ੍ਹਰਾਂ ਪੀਰ, ਦੇਵਤਿਆਂ ਤੇ ਨਾਥਾਂ ਦੀ ਅਵਸਥਾ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀ ਸਖਤ ਘਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਸਾਰਿਆਂ ਦੇ ਆਪਣੇ ਆਪਣੇ ਵਿਸ਼ੇਸ਼ ਗੁਣ ਹੁੰਦੇ ਹਨ ਪਰ ਗੁਰਬਾਣੀ ਇਹ ਸਾਰੇ ਗੁਣ ਇੱਕ ਮਨੁੱਖ ਵਿੱਚ ਵੀ ਪੈਦਾ ਹੋ ਸਕਦੇ ਹਨ ਉਹ ਕਿਵੇਂ? ਇਸ ਦਾ ਭੇਦ ਜਪੁਜੀ ਸਾਹਿਬ ਦੀ ਅੱਠਵੀਂ ਪਉੜੀ ਵਿੱਚ ਛੁਪਿਆ ਹੋਇਆ ਹੈ:

ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥

- Advertisement -

ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥

ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿੳਂਕਿ) ਉਸ ਦੀ ਸਿਫ਼ਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।8।

ਜਪੁਜੀ ਸਾਹਿਬ ਦੀ ਅੱਠਵੀਂ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਪਸ਼ਟ ਕਰਦੇ ਹਨ ਕਿ ਸਿਫ਼ਤਿ-ਸਾਲਾਹ ਵਿਚ ਜੁੜ ਕੇ ਸਾਧਾਰਨ ਮਨੁੱਖ ਭੀ ਉੱਚੇ ਆਤਮਕ ਮਰਾਤਬੇ ਉਤੇ ਜਾ ਅੱਪੜਦੇ ਹਨ। ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ, ਤੇ ਧਰਤੀ ਆਕਾਸ਼ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ। ਇੱਕ ਸਧਾਰਨ ਮਨੁੱਖ ਵੀ ਨਾਮ ਦੀ ਬਰਕਤ ਨਾਲ ਸਿੱਧਾਂ, ਨਾਥਾਂ, ਪੀਰਾਂ, ਦੇਵਤਿਆਂ ਵਾਲੇ ਸਾਰੇ ਗੁਣ ਪੈਦਾ ਕਰ ਸਕਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ ਨੌਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

- Advertisement -
Share this Article
Leave a comment