Breaking News

ਜਲੰਧਰ: ਹਵਾ ਦਾ ਰੁੱਖ ਕਿਸ ਪਾਸੇ

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਜਲੰਧਰ ਲੋਕਸਭਾ ਦੀ ਉਪ ਚੋਣ ’ਚ ਹਵਾ ਦਾ ਰੁੱਖ ਕੀ ਹੈ? ਇਹ ਸਵਾਲ ਦਾ ਜਵਾਬ ਪੰਜਾਬ ਸਮੇਤ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਲਈ ਬਹੁਤ ਦਿਲਚਸਪੀ ਨਾਲ ਮੰਗਿਆ ਜਾ ਰਿਹਾ ਹੈ। ਅਸਲ ਵਿਚ ਇਹ ਇੱਕ ਲੋਕਸਭਾ ਦੀ ਚੋਣ ਨਹੀਂ ਹੈ ਸਗੋਂ ਪੰਜਾਬ ਦੀ ਰਾਜਨੀਤੀ ਦੀ ਪਰਖ ਦੀ ਘੜੀ ਹੈ। ਆਪਾਂ ਜਾਣਦੇ ਹਾਂ ਕਿ ਇਹ ਸੀਟ ਕਾਂਗਰਸ ਪਾਰਟੀ ਦੇ ਲੋਕਸਭਾ ਮੈਂਬਰ ਦੇ ਅਚਾਨਕ ਦੇਹਾਂਤ ਕਾਰਨ ਖਾਲੀ ਹੋਈ ਸੀ ਪਰ ਲੰਮੇਂ ਸਮੇਂ ਤੱਕ ਇਸ ਸੀਟ ਉਪਰ ਕਾਂਗਰਸ ਦਾ ਕਬਜ਼ਾ ਰਿਹਾ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਕਾਂਗਰਸ ਲਈ ਇਸ ਸੀਟ ਦੀ ਕਿਨੀਂ ਅਹਿਮੀਅਤ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਸੰਗਰੂਰ ਲੋਕਸਭਾ ਵਿਚ ਹੋਈ ਹਾਰ ਨੂੰ ਅਜੇ ਤੱਕ ਨਹੀਂ ਭੁੱਲੇ ਹਨ,ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਲੰਧਰ ਲੋਕਸਭਾ ਮਾਨ ਵਾਸਤੇ ਕਿਨੀਂ ਅਹਿਮ ਹੈ। ਇਸ ਹਲਕੇ ਵਿਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਪੂਰੀ ਸਰਗਰਮੀ ਨਾਲ ਚੋਣ ਲੜੀ ਜਾ ਰਹੀ ਹੈ। ਅਕਸਰ ਕਾਂਗਰਸ ਇਸ ਸੀਟ ਲਈ ਦਾਅਵਾ ਕਰ ਰਹੀ ਹੈ ਪਰ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੀਟ ਦੀ ਮੁਹਿੰਮ ਆਪ ਸੰਭਾਲੀ ਹੋਈ ਹੈ। ਜਾਣਕਾਰ ਹਲਕਿਆਂ ਅਨੁਸਾਰ ਆਪ ਵੱਲੋਂ ਇਸ ਹਲਕੇ ਵਿਚ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ। ਮਾਨ ਦੀ ਇਸ ਸੀਟ ਵਿਚ ਦਿਲਚਸਪੀ ਦਾ ਅੰਦਾਜ਼ਾ ਇਥੋਂ ਵੀ ਲਗਾਇਆ ਜਾ ਸਕਦਾ ਹੈ ਕਿ ਅੱਜ ਮੰਤਰੀ ਮੰਡਲ ਦੀ ਮੀਟਿੰਗ ਵੀ ਚੰਡੀਗੜ੍ਹ ਦੀ ਥਾਂ ਲੁਧਿਆਣਾ ਵਿਚ ਰੱਖੀ ਗਈ ਕਿਉਂ ਜੋ ਲੁਧਿਆਣਾ ਜਲੰਧਰ ਦੇ ਨਾਲ ਲੱਗਦਾ ਹੈ। ਆਪ ਵੱਲੋਂ ਵਿਧਾਨਸਭਾ ਦੀ ਚੋਣ ਵਾਂਗ ਜਲੰਧਰ ਦੇ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਵੀ ਦਿੱਤੇ ਜਾ ਰਹੇ ਹਨ ਜਿਸ ਵਿਚ ਜਲੰਧਰ ਹਲਕੇ ਦੀ ਸਾਫ਼-ਸਫਾਈ ਵੀ ਸ਼ਾਮਿਲ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹਲਕੇ ਵਿਚ ਲਗਾਤਾਰ ਦੌਰੇ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖ ਪੰਥ ਨਾਲ ਜੁੜੀਆਂ ਘਟਨਾਵਾਂ ਦਾ ਵੀ ਇਸ ਹਲਕੇ ਦੇ ਵੋਟਰਾਂ ਉਪਰ ਅਸਰ ਪਏਗਾ।

ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਵੱਡੀ ਲੀਡਰਸ਼ਿਪ ਵੱਲੋਂ ਚੰਡੀਗੜ੍ਹ ਅਤੇ ਪਿੰਡ ਬਾਦਲ ਵਿਚ ਬਾਦਲ ਪਰਿਵਾਰ ਕੋਲ ਕੀਤੇ ਜਾ ਰਹੇ ਦੁਖ ਦੇ ਪ੍ਰਗਟਾਵੇ ਨੂੰ ਲੈ ਕੇ ਵੀ ਮੀਡੀਆ ਵਿਚ ਦੋਹਾਂ ਪਾਰਟੀਆਂ ਦੇ ਸੰਬੰਧਾਂ ਬਾਰੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਹ ਵਖਰੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਅਤੇ ਸਸਕਾਰ ਕਾਰਨ ਅਕਾਲੀ ਦਲ ਅਤੇ ਭਾਜਪਾ ਨੇ ਆਪਣੀਆਂ ਦੋ ਦਿਨ ਦੀਆਂ ਰਾਜਸੀ ਸਰਗਰਮੀਆਂ ਵੀ ਠੱਪ ਰੱਖੀਆਂ।

ਜਲੰਧਰ ਲੋਕਸਭਾ ਹਲਕੇ ਦੇ ਵੋਟਰਾਂ ਅਨੁਸਾਰ ਪਰਵਾਸੀ ਪੰਜਾਬੀਆਂ ਵੱਲੋਂ ਵੀ ਇਸ ਸੀਟ ਵਿਚ ਦਿਲਚਸਪੀ ਦਿਖਾਈ ਜਾ ਰਹੀ ਹੈ। ਪਰਵਾਸੀ ਧਿਰਾਂ ਪਿਛਲੇ ਚੋਣਾਂ ਦੀ ਤਰ੍ਹਾਂ ਖੁਲ੍ਹ ਕੇ ਇਹਨਾਂ ਚੋਣਾਂ ਵਿਚ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਨਹੀਂ ਕਰ ਰਹੀਆਂ। ਕਹਿਣ ਨੂੰ ਬੇਸ਼ੱਕ ਚਾਰ ਕੋਨੀ ਮੁਕਾਬਲਾ ਹੈ ਪਰ ਆਉਣ ਵਾਲੇ ਦਿਨਾਂ ਵਿਚ ਸਥਿਤੀ ਵਧੇਰੇ ਸਪਸ਼ਟ ਹੋ ਜਾਵੇਗੀ। ਜਲੰਧਰ ਦੇ ਵੋਟਰ ਆਪਣੇ ਸਭਾਅ ਅਨੁਸਾਰ ਅਜੇ ਖੁਲ੍ਹ ਕੇ ਆਪਣੀ ਰਾਏ ਨਹੀਂ ਦੇ ਰਹੇ, ਪਰ ਆਉਣ ਵਾਲੇ ਦਿਨਾਂ ਵਿਚ ਇਹ ਚਾਰ ਕੋਨੀ ਮੁਕਾਬਲਾ ਦੋ ਧਿਰਾਂ ਦੇ ਮੁਕਾਬਲੇ ਵਿਚ ਬਦਲ ਸਕਦਾ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਇਸ ਚੋਣ ਵਿਚ ਲਗਾਤਾਰ ਇਸ ਨੁਕਤੇ ਉਪਰ ਜ਼ੋਰ ਦੇ ਰਹੀ ਹੈ ਕਿ ਜੇਕਰ ਪੰਜਾਬ ਜਾਂ ਜਲੰਧਰ ਦਾ ਵਿਕਾਸ ਕਰਨਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕੀਤੇ ਜਾਣ। ਦੂਜੇ ਪਾਸੇ ਆਪ ਵੱਲੋਂ ਜਿਥੇ ਭਾਜਪਾ ਉਪਰ ਪੰਜਾਬ ਨਾਲ ਵਿਤਕਰੇ ਦੇ ਦੋਸ਼ ਲਾਏ ਜਾ ਰਹੇ ਹਨ। ਉਥੇ ਇਸ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਵਿਰੁੱਧ ਭ੍ਰਿਸ਼ਟਾਚਾਰ ਦਾ ਪੱਤਾ ਵੀ ਚਲਾਇਆ ਜਾ ਰਿਹਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਖੇਤਰੀ ਪਾਰਟੀ ਹੀ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੀ ਹੈ। ਦੂਜੀਆਂ ਕੌਮੀ ਪਾਰਟੀਆਂ ਨੂੰ ਕੇਂਦਰ ਦੀ ਲੀਡਰਸ਼ਿਪ ਦੇ ਇਸ਼ਾਰੇ ਉਪਰ ਚਲਣਾ ਪੈਂਦਾ ਹੈ। ਕਾਂਗਰਸ ਪੰਜਾਬ ਵਿਚ ਮੁੱਖ ਵਿਰੋਧੀ ਪਾਰਟੀ ਹੈ। ਕਾਂਗਰਸ ਨੂੰ ਉਮੀਦ ਹੈ ਕਿ ਜੇਕਰ ਫਤਵਾ ਕਾਂਗਰਸ ਦੇ ਹੱਕ ਵਿਚ ਆਉਂਦਾ ਹੈ ਤਾਂ ਆਉਂਦੀਆਂ ਪਾਰਲੀਮੈਂਟ ਚੋਣਾਂ ਲਈ ਕਾਂਗਰਸ ਦੀ ਝੋਲੀ ਵਿਚ ਪਿੱਛੇ ਦੇ ਮੁਕਾਬਲੇ ਵਧੇਰੇ ਸੀਟਾਂ ਪੈ ਸਕਦੀਆਂ ਹਨ। ਇਸ ਤਰ੍ਹਾਂ ਅੰਤਿਮ ਫੈਸਲਾ ਜਲੰਧਰ ਲੋਕਸਭਾ ਹਲਕੇ ਦੇ ਵੋਟਰਾਂ ਨੇ ਕਰਨਾ ਹੈ ਕਿ ਹਵਾ ਦਾ ਰੁੱਖ ਕਿਸ ਪਾਸੇ ਰਹੇਗਾ।

Check Also

ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ! ਕਿੰਨੀ ਸੱਚੀ ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ? ਕਿੰਨੀ ਸੱਚੀ ? ਇਹ …

Leave a Reply

Your email address will not be published. Required fields are marked *