ਜਲੰਧਰ: ਕੈਨੇਡਾ ਤੋਂ ਵਾਇਆ ਸ਼ੰਘਾਈ ਆਉਣ ਵਾਲੇ ਬਜ਼ੁਰਗ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਸਿਹਤ ਵਿਭਾਗ ਨੇ ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ।
ਜੌਹਲ ਹਸਪਤਾਲ ਦੇ ਐੱਮ ਡੀ ਡਾ.ਬੀਐੱਸ ਜੌਹਲ ਨੇ ਦੱਸਿਆ ਕਿ ਜੰਡੂ ਸਿੰਘ ਦੇ ਨੇੜੇਲੇ ਪਿੰਡ ਦੇ ਰਹਿਣ ਵਾਲੇ 55 ਸਾਲਾਂ ਦੇ ਬਜ਼ੁਰਗ ਪਿਛਲੇ ਹਫਤੇ ਪਤਨੀ ਦੇ ਨਾਲ ਕੈਨੇਡਾ ਤੋਂ ਚੀਨ ਦੇ ਸ਼ਿੰਘਾਈ ਤੋਂ ਪਿੰਡ ਪਰਤੇ ਸਨ। ਉਨ੍ਹਾਂ ਦੀ ਫਲਾਈਟ ਸ਼ੰਘਾਈ ਏਅਰਪੋਰਟ ‘ਤੇ ਲਗਭਗ ਛੇ ਘੰਟੇ ਤੱਕ ਰੁੱਕੀ ਸੀ। ਪਿੰਡ ਆਉਣ ਤੋਂ ਤਿੰਨ ਦਿਨ ਬਾਅਦ ਹੀ ਉਨ੍ਹਾਂ ਨੂੰ ਬੁਖਾਰ, ਗਲਾ ਖਰਾਬ, ਖਾਂਸੀ ਦੇ ਲੱਛਣਾਂ ਦੇ ਨਾਲ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਪਰਿਵਾਰ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲੈ ਕੇ ਆਏ ਸਨ।
ਮਰੀਜ਼ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਤੇ ਉਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ ।
ਮਰੀਜ਼ ਦੇ ਕੋਲ ਕਿਸੇ ਵੀ ਵਿਅਕਤੀ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਦੂਰ ਰੱਖਿਆ ਗਿਆ ਹੈ ਹਾਲਾਂਕਿ ਮਰੀਜ਼ ਦੀ ਪਤਨੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਬੀਮਾਰੀ ਦਾ ਪਤਾ ਲੱਗ ਸਕੇਗਾ।