ਡੇਰਾ ਸੱਚਾ ਸੌਦਾ ਦੇ ਬਿਆਨ ਤੋਂ ਬਾਅਦ ਵਧੀਆਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ, ਜਾਖੜ ਨੇ ਕਿਹਾ ਪੰਥ ‘ਚੋ ਛੇਕੇ ਜਾਣ ਬਾਦਲ

TeamGlobalPunjab
3 Min Read

ਚੰਡੀਗੜ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਥਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਡੇਰਾ ਸੱਚਾ ਸੌਦਾ ਨਾਲ ਸਾਂਝ ਜਨਤਕ ਹੋਣ ਤੋਂ ਬਾਅਦ ਉਨਾਂ ਨੂੰ ਪੰਥ ਤੋਂ ਛੇਕਣ ਦੀ ਕਾਰਵਾਈ ਕਰਨ। ਉਨਾਂ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਇਸ ਮੁੱਦੇ ਤੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ।

ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਬੀਤੇ ਦਿਨ ਡੇਰੇ ਦੇ ਪੈਰੋਕਾਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਨਤਕ ਤੌਰ ਤੇ ਇਹ ਮੰਨ ਲੈਣਾ ਕਿ ਉਨਾਂ ਨੇ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਈਆਂ ਸਨ, ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਲਈ ਡੇਰੇ ਨਾਲ ਸੌਦਾ ਕੀਤਾ। ਉਨਾਂ ਨੇ ਕਿਹਾ ਕਿ ਹੁਣ ਤੱਕ ਤਾਂ ਇਸ ਬਾਰੇ ਲੋਕਾਂ ਦੇ ਮਨਾਂ ਵਿਚ ਸ਼ੱਕ ਹੀ ਸੀ, ਪਰ ਡੇਰੇ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਸੱਕ ਨੂੰ ਸੱਚ ਵਿਚ ਬਦਲ ਦਿੱਤਾ ਹੈ।

ਜਾਖੜ ਨੇ ਕਿਹਾ ਕਿ ਹੁਣ ਤੱਕ ਕਦੇ ਵੀ ਡੇਰੇ ਨੇ ਨਹੀਂ ਮੰਨਿਆਂ ਸੀ ਕਿ ਉਸਨੇ ਕਿਸੇ ਖਾਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਈਆਂ ਹਨ ਪਰ ਉਨਾਂ ਵੱਲੋਂ ਪਹਿਲੀ ਵਾਰ ਇਹ ਤੱਕ ਜਨਤਕ ਤੌਰ ਤੇ ਮੰਨ ਲੈਣ ਤੋਂ ਬਾਅਦ ਅਕਾਲੀ ਦਲ ਅਤੇ ਡੇਰੇ ਦੀ ਸਾਂਝ ਲੋਕਾਂ ਵਿਚ ਪ੍ਰਗਟ ਹੋ ਗਈ ਹੈ। ਜਾਖੜ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁੱਖਦਾਈ ਘਟਨਾਵਾਂ, ਬਹਿਬਲ ਕਲਾਂ ਗੋਲੀਕਾਂਡ, ਡੇਰਾ ਮੁੱਖੀ ਲਈ ਮੁਆਫੀਨਾਮਾ ਅਤੇ ਡੇਰਾ ਮੁੱਖੀ ਦੀ ਫਿਲਮ ਨੂੰ  ਪੰਜਾਬ ਵਿਚ ਚਲਾਉਣ ਦੀ ਆਗਿਆ ਦੇਣੀ ਵਰਗੀਆਂ ਘਟਨਾਵਾਂ ਦੀ ਲੜੀ ਹੁਣ ਆਪਣੇ ਆਪ ਸਾਰਾ ਸੱਚ ਬਿਆਨ ਕਰ ਰਹੀ ਹੈ।

ਜਾਖੜ ਨੇ ਕਿਹਾ ਕਿ 2015 ਤੋਂ ਬਾਅਦ ਵਾਪਰੀਆਂ ਉਕਤ ਘਟਨਾਵਾਂ ਦੇ ਅਪਰਾਧਿਕ ਪੱਖਾਂ ਦੀ ਤਾਂ ਪੁਲਿਸ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ ਪਰ ਡੇਰੇ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਦੀ ਪੰਥ ਦੋਖੀ ਵਿਅਕਤੀ ਨਾਲ ਸਾਂਝ ਪ੍ਰਗਟ ਹੋ ਗਈ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਸਮੂਹ ਪੰਥਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਤਾਜਾ ਘਟਨਾਕ੍ਰਮ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰਜੇ ਜਾਣ ਦੇ ਬਾਵਜੂਦ ਪੰਥ ਵਿਰੋਧੀਆਂ ਨਾਲ ਗੂੜੀਆਂ ਸਾਂਝਾ ਰੱਖਣ ਲਈ ਉਨਾਂ ਨੂੰ ਵੀ ਪੰਥ ਵਿਚੋਂ ਛੇਕਿਆ ਜਾਵੇ।

- Advertisement -

Share this Article
Leave a comment