Home / ਓਪੀਨੀਅਨ / ਜੈਤੋ ਦਾ ਮੋਰਚਾ – ਸਿੱਖ ਇਤਿਹਾਸ ਦਾ ਅਹਿਮ ਪੰਨਾ

ਜੈਤੋ ਦਾ ਮੋਰਚਾ – ਸਿੱਖ ਇਤਿਹਾਸ ਦਾ ਅਹਿਮ ਪੰਨਾ

ਡਾ.ਚਰਨਜੀਤ ਸਿੰਘ ਗੁਮਟਾਲਾ

ਸਿੱਖ ਇਤਿਹਾਸ ਵਿੱੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ।ਪੰਜਾਬੀ ਯੂਨੀਵਰਸਿੱਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ ਜੈਤੋ ਦਾ ਮੋਰਚਾ ਉਸ ਅਕਾਲੀ ਲਹਿਰ ਨੂੰ ਨਾਂ ਦਿੱਤਾ ਗਿਆ ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉਪਰ ਮੁੜ ਬਹਾਲ ਕਰਨ ਲਈ ਇਹ ਲਹਿਰ ਚਲਾਈ ਗਈ ਸੀ। ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ‘ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ ਲਈ ਸੀ। ਉਸ ਦੇ ਭਾਰਤੀ ਕੌਮੀ ਨੇਤਾਵਾਂ ਨਾਲ ਸਬੰਧਾਂ ਕਰਕੇ ਅਤੇ ਆਮ ਮੁਆਮਲਿਆਂ ਵਿੱਚ ਗ੍ਰਸਤ ਹੋਣ ਕਰਕੇ ਬ੍ਰਿਟਿਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ। 9 ਜੁਲਾਈ 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਟਿਸ਼ ਅਫ਼ਸਰਾਂ ਨੇ ਉਸਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਸਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ।

ਸਿੱਖ ਧਰਮ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਨੇ ਇਹ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸਦੇ ਲਈ ਕੀਤੀ ਅਰਦਾਸ ਵਜੋਂ 29 ਜੁਲਾਈ 1923 ਦਾ ਦਿਨ ਮਨਾਇਆ ਜਾਵੇ। 2 ਅਗਸਤ 1923 ਨੂੰ, ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਾਇਸਰਾਇ ਲਾਰਡ ਰੀਡਿੰਗ ਨੂੰ ਤਾਰ ਭੇਜੀ ਜਿਸ ਵਿੱਚ ਸਰਕਾਰੀ ਬਿਆਨ ‘ਤੇ ਇਤਰਾਜ਼ ਕੀਤਾ ਕਿ ਮਹਾਰਾਜਾ ਨੇ ਆਪਣੀ ਗੱਦੀ ਆਪਣੀ ਮਰਜ਼ੀ ਨਾਲ ਤਿਆਗੀ ਹੈ ਅਤੇ ਇਹ ਮੰਗ ਕੀਤੀ ਕਿ ਇਸਦੀ ਨਿਰਦਲੀ ਜਾਂਚ ਕਰਵਾਈ ਜਾਵੇ। ਤਿੰਨ ਦਿਨਾਂ ਬਾਅਦ ਇਹ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਇਸ ਦੀ ਕਾਰਜਕਾਰਨੀ ਕਮੇਟੀ ਨੂੰ ਮਹਾਰਾਜਾ ਰਿਪੁਦਮਨ ਨੂੰ ਨਾਭਾ ਦੀ ਗੱਦੀ ‘ਤੇ ਮੁੜ ਬਿਠਾਉਣ ਲਈ ਸ਼ਾਂਤਮਈ ਅੰਦੋਲਨ ਕਰਨ ਲਈ ਕਿਹਾ ਗਿਆ। ਨਾਭਾ ਸਰਦਾਰ ਦਾ ਇਹ ਆਰਡੀਨੈਂਸ/ਅਧਿਆਦੇਸ਼ ਜਿਸ ਵਿੱਚ ਜਨਤਕ ਸਭਾਵਾਂ ਦੀ ਮਨਾਹੀ ਸੀ ਸਿੱਖਾਂ ਦੁਆਰਾ ਵਿਰੋਧ ਕੀਤਾ ਗਿਆ। ਜਿਨ੍ਹਾਂ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹੁਣ ਦੇ ਕੰਮ ਨੂੰ ਨਿੰਦਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ। 25 ਅਗਸਤ ਨੂੰ, ਨਾਭਾ ਦੇ ਖੇਤਰ ਵਿੱਚ ਜੈਤੋ ਵਿਖੇ ਇੱਕ ਦੀਵਾਨ ਲਗਾਇਆ, ਜਿਸ ਵਿੱਚ ਲੋਕਾਂ ਨੇ ਜਲੂਸ ਕੱਢਿਆ ਅਤੇ ਮਤੇ ਮਨਜ਼ੂਰ ਕੀਤੇ ਜਿਸ ਵਿੱਚ ਮਹਾਰਾਜਾ ਨਾਲ ਹਮਦਰਦੀ ਕੀਤੀ ਗਈ ਅਤੇ ਸਰਕਾਰ ਦੇ ਕੰਮ ਦੀ ਨਿੰਦਾ ਕੀਤੀ ਗਈ। 27 ਅਗਸਤ ਨੂੰ, ਨਾਭਾ ਰਿਆਸਤ ਦੀ ਸਰਕਾਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਇਹ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਕਿ ਉਹਨਾਂ ਨੇ “ਰਾਜਨੀਤਿਕ ਭਾਸ਼ਣ ਦਿੱਤੇ ਹਨ”। ਅਸਲ ਵਿੱਚ ਦੀਵਾਨ 27 ਅਗਸਤ ਨੂੰ ਖ਼ਤਮ ਹੋਣਾ ਸੀ ਪਰੰਤੂ ਪੁਲਿਸ ਦੁਆਰਾ ਕੀਤੀਆਂ ਗ੍ਰਿਫ਼ਤਾਰੀਆਂ ਨੇ ਅਕਾਲੀਆਂ ਨੂੰ ਇਸਨੂੰ ਅਨਿਸ਼ਚਿਤ ਸਮੇਂ ਤੱਕ ਚਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਲੜੀ ਸ਼ੁਰੂ ਕਰਨ ਲਈ ਭੜਕਾ ਦਿੱਤਾ। ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਅਤੇ 14 ਸਤੰਬਰ 1923 ਨੂੰ ਚੱਲ ਰਹੇ ਅਖੰਡ ਪਾਠ ਤੇ ਆਪਣੇ ਪਾਠੀ, ਆਤਮਾ ਸਿੰਘ ਨੂੰ ਪਵਿੱਤਰ ਗ੍ਰੰਥ ਦਾ ਪਾਠ ਕਰ ਰਹੇ ਗ੍ਰੰਥੀ ਦੀ ਥਾਂ ‘ਤੇ ਬਿਠਾ ਦਿੱਤਾ। ਇਸ ਤਰ੍ਹਾਂ ਬੇਅਦਬੀ ਹੋਣ ਨਾਲ ਸਿੱਖਾਂ ਵਿੱਚ ਹਲਚਲ ਮਚ ਗਈ। 29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ। ਨਾਲ ਦੀ ਨਾਲ ਉਸ ਸਮੇਂ ਸਿੱਖਾਂ ਨੂੰ ਪੂਰਨ ਅਜ਼ਾਦੀ ਦੇ ਤੌਰ ‘ਤੇ ਪੂਜਾ-ਪਾਠ ਕਰਨ ਦੇ ਹੱਕ ਦੀ ਘੋਸ਼ਣਾ ਕਰ ਦਿੱਤੀ। ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਖੰਡ ਪਾਠ ਦੀ ਲੜੀ ਤੋੜੀ ਗਈ ਸੀ। ਫਿਰ ਵੀ ਜਥੇ ਆਉਂਦੇ ਰਹੇ। ਸੈਕਟਰੀ ਆਫ਼ ਸਟੇਟ ਦੇ ਵਾਇਸਰਾਇ ਨੂੰ ਆਦੇਸ਼ ਦਿੱਤਾ ਕਿ “ਅਕਾਲੀ ਅੰਦੋਲਨ ਨੂੰ ਗ੍ਰਿਫ਼ਤਾਰੀਆਂ ਰਾਹੀਂ ਅਤੇ ਸਾਰੇ ਪ੍ਰਬੰਧਕਾਂ ਤੇ ਅਪਰਾਧੀ-ਸਾਥੀਆਂ ਵਜੋਂ ਮੁਕੱਦਮਾ ਚਲਾ ਕੇ ਕਾਰਗਰ/ਪ੍ਰਭਾਵਸ਼ਾਲੀ ਰੋਕ ਲਾਈ ਜਾਵੇ”। ਪੰਜਾਬ ਸਰਕਾਰ ਨੇ ਇਸ ਹਿਦਾਇਤ ‘ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਬਾਦਸ਼ਾਹ ਦੇ ਵਿਰੁੱਧ ਵਿਦਰੋਹ ਦੇ ਦੋਸ਼ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਕਾਲੀਆਂ ਦੇ ਜਥਿਆਂ ਨੂੰ ਨਾਭਾ ਦੇ ਖੇਤਰ ਵਿੱਚ ਵੜਨ ਦੀ ਪਾਬੰਦੀ ਲਗਾ ਦਿੱਤੀ ਗਈ, ਜਥਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਦੁਆਰਾ ਕੁੱਟਿਆ ਗਿਆ। ਫਿਰ ਇਹਨਾਂ ਨੂੰ ਦੂਰ ਰੇਗਿਸਤਾਨ ਵਿੱਚ ਬਿਨਾਂ ਖਾਣੇ ਅਤੇ ਪਾਣੀ ਦੇ ਛੱਡ ਦਿੱਤਾ ਜਾਂਦਾ ਸੀ। ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ, ਅਕਾਲੀਆਂ ਨੇ ਜਥਿਆਂ ਦੀ ਗਿਣਤੀ ਵਧਾ ਦਿੱਤੀ। 9 ਫਰਵਰੀ 1924 ਨੂੰ 500 ਅਕਾਲੀਆਂ ਦਾ ਜਥਾ, ਅਕਾਲ ਤਖ਼ਤ ਤੋਂ ਰਵਾਨਾ ਹੋਇਆ ਅਤੇ ਜਿਸ ਸ਼ਹਿਰ ਅਤੇ ਪਿੰਡ ਵਿੱਚੋਂ ਦੀ ਵੀ ਇਹ ਲੰਘਦੇ ਇਹਨਾਂ ਨੂੰ ਬੇਮਿਸਾਲ ਸਤਿਕਾਰ ਪ੍ਰਾਪਤ ਹੋਇਆ। ਐਸ.ਜ਼ਿਮੰਦ, ਜੋ ‘ਨਿਊਯਾਰਕ ਰਾਈਮਜ਼’ ਦਾ ਸੰਵਾਦਦਾਤਾ ਸੀ, ਜਿਸ ਨੇ ਕੂਚ ਕਰਨ ਵੇਲੇ ਜਥੇ ਨੂੰ ਅੱਖੀਂ ਦੇਖਿਆ ਸੀ ਲਿਖਦਾ ਹੈ : “ਜਥਾ ਪੂਰੀ ਤਰ੍ਹਾਂ ਠੀਕ ਅਨੁਸ਼ਾਸਨ ਅਤੇ ਅਹਿੰਸਾ ਪੂਰਵਕ ਚੱਲ ਰਿਹਾ ਸੂ ਜਿਸ ਦੇ ਸੱਜੇ-ਖੱਬੇ ਦੋਵੇਂ ਪਾਸੀਂ ਲੋਕਾਂ ਦੀ ਭੀੜ ਸੀ, ਪੰਜ ਨਿਸ਼ਾਨ ਸਾਹਿਬ ਅੱਗੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਲੇ ਸੀ”।

20 ਫਰਵਰੀ 1924 ਨੂੰ ਜਥਾ ਬਰਗਾੜੀ ਪਹੁੰਚ ਗਿਆ, ਜੋ ਜੈਤੋ ਤੋਂ ਤਕਰੀਬਨ 10 ਕਿਲੋਮੀਟਰ ਦੂਰ ਨਾਭਾ-ਫ਼ਰੀਦਕੋਟ ਸਰਹੱਦ ‘ਤੇ ਇੱਕ ਪਿੰਡ ਹੈ। ਜੈਤੋ ਵਿਖੇ, ‘ਟਿੱਬੀ ਸਾਹਿਬ ਗੁਰਦੁਆਰੇ’ ਤੋਂ ਤਕਰੀਬਨ 150 ਮੀਟਰ ਦੀ ਦੂਰੀ ‘ਤੇ, ਨਾਭਾ ਦਾ ਪ੍ਰਬੰਧਕ ਵਿਲਸਨ ਜਾਨਸਟਨ, ਰਿਆਸਤ ਦੀ ਕਾਫ਼ੀ ਪੁਲਿਸ ਨਾਲ ਖੜ੍ਹਾ ਸੀ।21 ਫਰਵਰੀ ਨੂੰ, ਜਥੇ ਨੇ ਗੁਰਦੁਆਰੇ ਵੱਲ ਨੂੰ ਕੂਚ ਕੀਤਾ ਅਤੇ ਵਿਲਸਨ ਜਾਨਸਟਨ ਦੀ ਤਲਬ ‘ਤੇ ਜਥੇ ਨੇ ਰੁਕਣ ਜਾਂ ਖਿੰਡ ਜਾਣ ਤੋਂ ਮਨਾ ਕਰ ਦਿੱਤਾ। ਪ੍ਰਬੰਧਕ ਨੇ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦੋ ਵਾਰੀ ਗੋਲੀਆਂ ਦੀ ਬੁਛਾੜ ਜਿਹੜੀ 5 ਮਿੰਟ ਤੱਕ ਚੱਲਦੀ ਰਹੀ, ਉਸ ‘ਚ ਕਈ ਮਾਰੇ ਗਏ। ਫੱਟੜਾਂ-ਮਰਿਆਂ ਦੀ ਸੂਚੀ ਵਿੱਚ ਸਰਕਾਰੀ ਅਨੁਮਾਨ ਅਨੁਸਾਰ 19 ਮਰੇ ਸਨ ਅਤੇ 29 ਜ਼ਖ਼ਮੀ ਸਨ। ਅਕਾਲੀਆਂ ਦੇ ਮੁਤਾਬਿਕ ਗਿਣਤੀ ਕਿਤੇ ਜ਼ਿਆਦਾ ਸੀ। ਅਕਾਲੀਆਂ ਦੇ ਸ਼ਾਂਤਮਈ ਜਥੇ ਉੱਤੇ ਗੋਲੀਬਾਰੀ ਦੇਸ਼ ਭਰ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਗਈ। 28 ਫਰਵਰੀ 1924 ਨੂੰ, ਇੱਕ ਹੋਰ 500 ਦਾ ਬਹਾਦਰ ਜਥਾ ਅੰਮ੍ਰਿਤਸਰ ਤੋਂ ਜੈਤੋ ਲਈ ਚੱਲਿਆ ਜਿਹੜਾ 14 ਮਾਰਚ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। 13 ਹੋਰ 500 ਦੇ ਬਹਾਦਰ ਜਥੇ ਜੈਤੋ ਪਹੁੰਚੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ, ਹਾਂਗਕਾਂਗ ਅਤੇ ਸ਼ੰਘਾਈ ਤੋਂ ਵੀ ਸਿੱਖ ਜਥੇ ਆਏ। ਪੰਜਾਬ ਦੇ ਗਵਰਨਰ ਸਰ ਮੈਲਕਾਮ ਹੈਲੇ ਨੇ ਕੌਮ ਨੂੰ ਸਮਾਨਾਂਤਰ ਸਿੱਖ ਸੁਧਾਰ ਕਮੇਟੀਆਂ ਬਣਾ ਕੇ ਦੁਫਾੜ ਦੀ ਨੀਤੀ ਦੀ ਯੋਜਨਾ ਬਣਾਈ ਜੋ ਨਰਮਪੰਥੀ ਅਤੇ ਸਰਕਾਰ ਪੱਖੀ ਗੁਟਾਂ ਨਾਲ ਸੰਬੰਧਿਤ ਸਨ। 101 ਬਹਾਦਰ ਜਥਿਆਂ ਨੂੰ ਜੈਤੋ ਵਿਖੇ ਅਖੰਡ-ਪਾਠ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਇਸ ਨਾਲ ਨਾ ਤਾਂ ਆਮ ਸਿੱਖ ਵਿਚਾਰ ਨੂੰ ਰਾਹਤ ਮਿਲੀ ਨਾ ਹੀ ਇਸਨੇ ਅੰਦੋਲਨ ਦੇ ਜੋਸ਼ ‘ਤੇ ਕੋਈ ਖ਼ਾਸ ਪ੍ਰਭਾਵ ਪਾਇਆ। ਜੈਤੋ ਵਿਖੇ ਅਕਾਲੀਆਂ ਨੂੰ ਅਖੰਡ ਪਾਠ ਕਰਨ ਦੀ ਪ੍ਰਵਾਨਗੀ ਦੇ ਮੁੱਦੇ ‘ਤੇ ਸਰਕਾਰ ਪੰਡਤ ਮਦਨ ਮੋਹਨ ਮਾਲਵੀਆ ਅਤੇ ਭਾਈ ਜੋਧ ਸਿੰਘ ਰਾਹੀਂ ਗੱਲਬਾਤ ਕਰਨ ਲਈ ਤਿਆਰ ਸੀ। ਪਰੰਤੂ ਸਰਕਾਰ ਰਿਆਸਤ ਦੇ ਗੱਦੀਉਂ ਉਤਾਰੇ ਮਹਾਰਾਜੇ ਨੂੰ ਮੁੜ ਬਹਾਲ ਕਰਨ ਦੇ ਮਾਮਲੇ ‘ਤੇ ਜ਼ਿੱਦੀ ਸੀ। ਇਸੇ ਸਮੇਂ ਦੌਰਾਨ, ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਸਿੱਖ ਗੁਰਦੁਆਰਿਆਂ ਦਾ ਬਿੱਲ ਪੇਸ਼ ਕਰ ਦਿੱਤਾ ਜਿਹੜਾ 7 ਜੁਲਾਈ 1925 ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਕਰਨ ਮਗਰੋਂ, ਪੰਜਾਬ ਦੇ ਗਵਰਨਰ, ਸਰ ਮੈਲਕਾਮ ਹੈਲੇ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਆਪਣੇ ਭਾਸ਼ਣ ਦੇ ਦੌਰਾਨ ਇਹ ਐਲਾਨ ਕਰ ਦਿੱਤਾ ਸੀ ਕਿ ਨਾਭੇ ਦਾ ਪ੍ਰਬੰਧਕ ਜੈਤੋ ਵਿਖੇ ‘ਗੁਰਦੁਆਰਾ ਗੰਗਸਰ’ ਦੀ ਧਾਰਮਿਕ ਸੇਵਾ ਲਈ ਤੀਰਥ-ਯਾਤਰੀਆਂ ਦੇ ਜਥਿਆਂ ਨੂੰ ਪ੍ਰਵਾਨਗੀ ਦੇਵੇਗਾ। ਇਸ ਐਲਾਨ ਤੋਂ ਮਗਰੋਂ ਅਖੰਡ ਪਾਠ ਕਰਨ ਉੱਤੇ ਲੱਗੀ ਪਾਬੰਦੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਕਾਲੀਆਂ ਵਿੱਚੋਂ ਜ਼ਿਆਦਾਤਰ ਅਕਾਲੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਅਕਾਲੀਆਂ ਦੁਆਰਾ ਅਜਿਹੇ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਜਿਹੜੀ 6 ਅਗਸਤ 1925 ਨੂੰ ਸਮਾਪਤ ਹੋਈ।

Check Also

ਗਦਰ ਪਾਰਟੀ ਦੀ ਕਦੋਂ ਤੇ ਕਿੱਥੇ ਹੋਈ ਪਹਿਲੀ ਮੀਟਿੰਗ

  -ਅਵਤਾਰ ਸਿੰਘ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜਾ ਹੋਣ ਪਿੱਛੋਂ ਇਥੋਂ ਕੱਚੇ ਮਾਲ ਦੀ ਬਰਾਮਦ …

Leave a Reply

Your email address will not be published. Required fields are marked *