ਜਗਤਾਰ ਸਿੰਘ ਸਿੱਧੂ;
ਹੁਣ ਦੁਨੀਆਂ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਦੋ ਦਸੰਬਰ ਤੇ ਆ ਟਿਕੀਆਂ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੋ ਦਸੰਬਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈਕੇ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾਈ ਹੈ । ਮੀਟਿੰਗ ਲਈ ਅਕਾਲੀ ਦਲ ਦੀਆਂ ਸਾਰੀਆਂ ਸਰਕਾਰਾਂ ਵਿੱਚ 2007 ਤੋਂ ਲੈਕੇ 2017 ਤੱਕ ਰਹੇ ਸਾਰੇ ਸਿੱਖ ਮੰਤਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ । ਇਸੇ ਤਰ੍ਹਾਂ 2015 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਅਹੁਦੇਦਾਰਾਂ ਨੂੰ ਵੀ ਤਲਬ ਕੀਤਾ ਗਿਆ ਹੈ । ਇਸ ਸਾਲ ਦੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਵੀ ਤਲਬ ਕੀਤੇ ਗਏ ਹਨ।
ਸਿੰਘ ਸਾਹਿਬਾਨ ਵਲੋ ਇੰਨਾਂ ਸਾਰੇ ਤਲਬ ਕੀਤੇ ਆਗੂਆਂ ਨੂੰ ਸਾਂਝੇ ਤੌਰ ਤੇ ਸਜ਼ਾ ਸੁਣਾਈ ਜਾਵੇਗੀ? ਇਸ ਬਾਰੇ ਤਾਂ ਸਥਿਤੀ ਸਪੱਸ਼ਟ ਨਹੀਂ ਹੈ ਪਰ ਇਹ ਮੀਟਿੰਗ ਦੇ ਫੈਸਲੇ ਤੋਂ ਲਗਦਾ ਹੈ ਕਿ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਆਪਣਾ ਫੈਸਲਾ ਸੁਣਾ ਦੇਣਗੇ। ਇਸ ਲਈ ਪੰਥਕ ਹਲਕਿਆਂ ਵਾਸਤੇ ਇਹ ਦਿਨ ਬਹੁਤ ਅਹਿਮ ਹੋ ਗਿਆ ਹੈ। ਇਹ ਦਿਨ ਦੋ ਪਹਿਲੂਆਂ ਤੋਂ ਅਹਿਮ ਮੰਨਿਆ ਜਾ ਸਕਦਾ ਹੈ। ਪਹਿਲਾ ਮਾਮਲਾ ਤਾਂ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਸਾਰੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਸਿੰਘ ਸਾਹਿਬਾਨ ਕੀ ਫੈਸਲਾ ਲੈਂਦੇ ਹਨ? ਉਸ ਦੇ ਨਾਲ ਹੀ ਮਾਮਲਾ ਬਾਕੀ ਤਲਬ ਕੀਤੇ ਅਕਾਲੀ ਆਗੂਆਂ ਨਾਲ ਵੀ ਜੁੜਿਆ ਹੋਇਆ ਹੈ। ਇਹ ਸਾਰੇ ਆਗੂ ਪਹਿਲਾਂ ਵਿਅਕਤੀਗਤ ਤੌਰ ਤੇ ਆਪੋ ਆਪਣਾ ਸਪਸ਼ਟੀਕਰਨ ਵੀ ਦੇ ਚੁੱਕੇ ਹਨ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਦੌਰ ਦੇ ਆਗੂਆਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਆਈ ਹੋਈ ਹੈ। ਇੰਨਾਂ ਵਿਚੋਂ ਕਈਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੱਤਰ ਦਿੱਤੇ ਹੋਏ ਹਨ। ਅਕਾਲੀ ਦਲ ਨੇ ਇਨਾਂ ਵਿਰੋਧੀ ਆਗੂਆਂ ਦੇ ਵਿਰੁੱਧ ਵੀ ਪੱਤਰ ਦਿੱਤੇ ਹੋਏ ਹਨ । ਇਸ ਤਰ੍ਹਾਂ ਸਿੰਘ ਸਾਹਿਬਾਨ ਦਾ ਫੈਸਲਾ ਇਸ ਕਰਕੇ ਵੀ ਅਹਿਮੀਅਤ ਰੱਖਦਾ ਹੈ ਕਿ ਸਾਰੇ ਪਹਿਲੂਆਂ ਨੂੰ ਸਿੰਘ ਸਾਹਿਬਾਨ ਕਿਵੇਂ ਲੈਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਪਿਛਲੇ ਢਾਈ ਮਹੀਨਿਆਂ ਤੋਂ ਕਸੂਤੀ ਸਥਿਤੀ ਵਿੱਚ ਫਸਿਆ ਹੋਇਆ ਹੈ। 30ਅਗਸਤ ਨੂੰ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਪਹਿਲਾਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਬਣਾ ਦਿੱਤਾ । ਕੁੱਝ ਦਿਨ ਪਹਿਲਾਂ ਉਨਾਂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਇਸ ਸਥਿਤੀ ਵਿੱਚ ਅਕਾਲੀ ਦਲ ਦੀਆਂ ਸਰਗਰਮੀਆਂ ਮੁਕੰਮਲ ਤੌਰ ਤੇ ਠੱਪ ਪਈਆਂ ਹਨ। ਸਥਿਤੀ ਇਹ ਹੈ ਕਿ ਪਾਰਟੀ ਨੇ ਪਿਛਲੀਆਂ ਚਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵੀ ਨਹੀਂ ਲੜੀਆਂ। ਵਿਰੋਧੀ ਅਕਾਲੀ ਨੇਤਾ ਲਗਾਤਾਰ ਦੋਸ਼ ਲਾ ਰਹੇ ਹਨ ਕਿ ਅਕਾਲੀ ਦਲ ਦੇ ਹਾਸ਼ੀਏ ਉੱਤੇ ਜਾਣ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਅਕਾਲੀ ਦਲ ਇਸ ਮਾਮਲੇ ਵਿੱਚ ਜਲਦੀ ਸੁਣਵਾਈ ਦੀ ਮੰਗ ਕਰਦਾ ਆ ਰਿਹਾ ਹੈ ।ਸੁਖਬੀਰ ਸਿੰਘ ਬਾਦਲ ਵੀ ਸਿੰਘ ਸਾਹਿਬਾਨ ਨੂੰ ਸੁਣਵਾਈ ਲਈ ਬੇਨਤੀ ਕਰ ਚੁੱਕੇ ਹਨ।
ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਰਾਜਸੀ ਤੌਰ ਤੇ ਕਈ ਪਹਿਲੂਆਂ ਤੋਂ ਬਹੁਤ ਦਿਲਚਸਪ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਚਾਰ ਚੋਣਾਂ ਵਿੱਚ ਗੈਰ ਹਾਜ਼ਰੀ ਦਾ ਜ਼ਿਕਰ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਘੱਟੋ ਤਿੰਨ ਸੀਟਾਂ ਉੱਤੇ ਅਕਾਲੀ ਦਲ ਦੀ ਵੋਟ ਦਾ ਲਾਹਾ ਆਪ ਨੂੰ ਗਿਆ ਹੈ। ਕੇਵਲ ਗਿੱਦੜਬਾਹਾ ਦੀ ਸੀਟ ਉੱਪਰ ਸਥਿਤੀ ਸਪੱਸ਼ਟ ਨਹੀਂ ਹੈ । ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਹ ਪ੍ਰਭਾਵ ਰਿਹਾ ਕਿ ਅਕਾਲੀ ਦਲ ਦੀ ਵੋਟ ਭਾਜਪਾ ਨੂੰ ਜਾਵੇਗੀ । ਹਾਲਾਂ ਕਿ ਅਧਿਕਾਰਤ ਤੌਰ ਉੱਤੇ ਪਾਰਟੀ ਨੇ ਕੋਈ ਫੈਸਲਾ ਨਹੀਂ ਲਿਆ ਪਰ ਨੁਕਸਾਨ ਤਾਂ ਅਕਾਲੀ ਦਲ ਦਾ ਹੋਇਆ ਹੈ।
ਇਸ ਸਮੁੱਚੀ ਸਥਿਤੀ ਵਿੱਚ ਦੋ ਦਸੰਬਰ ਦੀ ਸਿੰਘ ਸਾਹਿਬਾਨ ਦੀ ਮੀਟਿੰਗ ਬਹੁਤ ਅਹਿਮ ਹੈ।
ਸੰਪਰਕ/ 9814002186