ਜਗਰਾਓਂ ਦੀ ਅਰਵਿੰਦਰ ਕੌਰ ਬਣੀ ਪਹਿਲੀ ਮਹਿਲਾ ਡਰੋਨ ਪਾਇਲਟ, ਹੁਣ ਘੰਟਿਆਂ ਦਾ ਕੰਮ ਹੋਵੇਗਾ ਮਿੰਟਾਂ ‘ਚ

Global Team
3 Min Read

ਜਗਰਾਉਂ: ਮਹਿਲਾ ਸਸ਼ਕਤੀਕਰਨ ਵੱਲ ਕਦਮ ਵਧਾਉਂਦੇ ਹੋਏ ਜਗਰਾਉਂ ਦੇ ਪਿੰਡ ਸਵੱਦੀ ਕਲਾਂ ਦੀ ਮੋਹਰੀ ਔਰਤ ਅਰਵਿੰਦਰ ਕੌਰ ਨੇ ਡਰੋਨ ਪਾਇਲਟ ਬਣ ਕੇ ਨਾ ਸਿਰਫ਼ ਆਪਣੀ ਪਛਾਣ ਬਣਾਈ ਹੈ, ਸਗੋਂ ਹੋਰ ਔਰਤਾਂ ਲਈ ਵੀ ਪ੍ਰੇਰਨਾ ਸਰੋਤ ਬਣ ਗਈ ਹੈ। ਅਰਵਿੰਦਰ ਕੌਰ ਆਪਣੇ ਇਲਾਕੇ ਦੀ ਪਹਿਲੀ ਮਹਿਲਾ ਡਰੋਨ ਪਾਇਲਟ ਬਣ ਗਈ ਹੈ। ਇਸ ਦੇ ਲਈ ਉਸ ਨੇ ਬਾਕਾਇਦਾ ਚੰਬਲ ਫਰਟੀਲਾਈਜ਼ਰ ਕੰਪਨੀ ਰਾਹੀਂ ਇਫਕੋ ਤੋਂ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਉਸ ਨੂੰ ਕੰਪਨੀ ਵੱਲੋਂ ਫਸਲਾਂ ਉਤੇ ਸਪਰੇਅ ਕਰਨ ਵਾਲਾ ਡਰੋਨ ਵੀ ਦਿੱਤਾ ਗਿਆ ਜਿਸ ਨਾਲ ਉਹ ਇਲਾਕੇ ਵੀ ਕਿਸਾਨਾਂ ਦੇ ਖੇਤਾਂ ਵਿਚ ਡਰੋਨ ਰਾਹੀਂ ਦਵਾਈ ਸਪਰੇਅ ਕਰਕੇ ਪ੍ਰਸਿੱਧੀ ਹਾਸਲ ਕਰ ਰਹੀ ਹੈ।

ਅਰਵਿੰਦਰ ਕੌਰ ਪਤਨੀ ਜਗਰੂਪ ਸਿੰਘ ਨੇ ਦੱਸਿਆ ਕਿ ਡਰੋਨ ਸਪਰੇਅ ਤਕਨੀਕ ਖੇਤੀਬਾੜੀ ਕਿੱਤੇ ਲਈ ਕ੍ਰਾਂਤੀਕਾਰੀ ਕਦਮ ਹੈ, ਜਿਸ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਕਨੀਕ ਨਾਲ ਜਿੱਥੇ ਕੀਟਨਾਸ਼ਕ ਦਵਾਈਆਂ ਤੇ ਸਮੇਂ ਦੀ ਬੱਚਤ ਹੋਵੇਗੀ ਕਿਉਂਕਿ ਡਰੋਨ ਨਾਲ ਇੱਕ ਏਕੜ ਫਸਲ ’ਤੇ ਸਿਰਫ਼ 7 ਮਿੰਟ ਵਿਚ ਦਵਾਈ ਦੀ ਸਪਰੇਅ ਹੁੰਦੀ ਹੈ ਅਤੇ ਝਾੜ ਵਿਚ ਵੀ 15 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ। ਡਰੋਨ ਸਪਰੇਅ ਤਕਨੀਕ ਨਾਲ ਕੀਟਨਾਸ਼ਕ ਦਵਾਈ ਦਾ ਸਿੱਧਾ ਫਸਲ ਦੇ ਪੱਤਿਆਂ ’ਤੇ ਛਿੜਕਾਅ ਹੁੰਦਾ ਹੈ, ਜੋ ਫਸਲ ਲਈ ਲਾਹੇਵੰਦ ਹੁੰਦਾ ਹੈ।

ਅਰਵਿੰਦਰ ਕੌਰ ਨੇ ਦੱਸਿਆ ਉਹ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲਦੇ ਸੈਲਫ ਹੈਲਪ ਗਰੁੱਪ ਨਾਲ ਜੁੜੀ ਹੋਈ ਸੀ। ਇਸ ਗਰੁੱਪ ਦੇ ਮੈਂਬਰ ਵਜੋਂ ਉਸ ਨੂੰ ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਸਿੰਘ ਨੇ ਇਸ ਡਰੋਨ ਦੀ ਸਿਖਲਾਈ ਲੈਣ ਲਈ ਜਾਗਰੂਕ ਕੀਤਾ। ਜਿਸ ਕਰਕੇ ਇਹਨਾਂ ਵਲੋਂ ਇਸ ਦੀ ਟ੍ਰੇਨਿੰਗ ਲੈਣ ਲਈ ਇੱਛਾ ਜਤਾਈ । ਇਸ ਵਿਭਾਗ ਵੱਲੋਂ ਚੰਬਲ ਫਰਟੀਲਾਈਜ਼ਰ ਕੰਪਨੀ ਦੀ ਮਦਦ ਨਾਲ ਉਸ ਨੂੰ ਗੁੜਗਾਓਂ ਵਿਖੇ ਪੈਂਦੇ ਮਾਨੇਸਰ ਵਿਚ ਦਸ ਦਿਨ ਦੀ ਟ੍ਰੇਨਿੰਗ ਲਈ ਭੇਜਿਆ ਗਿਆ। ਇਹ ਸਾਰੀ ਸਿਖਲਾਈ ਭਾਰਤ ਸਰਕਾਰ ਦੇ ਅਦਾਰੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਟ੍ਰੇਨਿੰਗ ਸੈਂਟਰ ਮਾਨੇਸਰ ਦੁਆਰਾ ਦਿੱਤੀ ਗਈ। ਸਿਖਲਾਈ ਲੈਣ ਉਪਰੰਤ ਪਾਇਲਟ ਨੂੰ ਸਰਟੀਫਿਕੇਟ ਦਿੱਤਾ ਗਿਆ। ਉਹਨਾਂ ਦੱਸਿਆ ਕਿਸਾਨਾਂ ਨੂੰ ਇਸ ਵਿਧੀ ਨੂੰ ਵਧ ਚੜ੍ਹ ਕੇ ਅਪਣਾਉਣਾ ਚਾਹੀਦਾ ਹੈ ਜਿਸ ਕਾਰਨ ਸਮੇਂ ਤੇ ਪੈਸੇ ਦੋਵਾਂ ਦੀ ਬਚਤ ਹੁੰਦੀ ਹੈ। ਅਰਵਿੰਦਰ ਕੌਰ ਨੇ ਦੱਸਿਆ ਡਰੋਨ ਰਾਹੀਂ 7 ਮਿੰਟ ‘ਚ ਇੱਕ ਏਕੜ ਸਪਰੇਅ ਹੋ ਜਾਂਦੀ ਹੈ ਤੇ ਇਕ ਏਕੜ ਤੇ ਦਵਾਈ ਤੋਂ ਬਿਨਾ ਤਿੰਨ ਕੂ ਸੌ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਇਸ ਖੇਤਰ ‘ਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਹੋਰ ਔਰਤਾਂ ਨੂੰ ਪਹਿਲ ਕਰਨੀ ਚਾਹੀਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment