ਜਗਤਾਰ ਸਿੰਘ ਸਿੱਧੂ;
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਡੱਲੇਵਾਲ ਕਿਸਾਨ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਉੱਤੇ ਬੈਠੇ ਹਨ। ਉਨਾਂ ਦਾ ਭਾਰ ਗਿਆਰਾਂ ਕਿਲੋ ਤੋਂ ਵੀ ਵਧੇਰੇ ਘੱਟ ਗਿਆ ਹੈ। ਉਨਾਂ ਦੇ ਸਰੀਰ ਉੱਪਰ ਮਾਰੂ ਅਸਰ ਪੈ ਰਿਹਾ ਹੈ। ਅੱਜ ਡੱਲੇਵਾਲ ਦੇ ਨਾਲ ਖਨੌਰੀ ਅਤੇ ਸ਼ੰਭੂ ਬਾਰਡਰ ਮੋਰਚੇ ਤੇ ਡਟੇ ਹੋਏ ਕਿਸਾਨਾਂ ਵੱਲੋਂ ਵੀ ਇਕ ਦਿਨ ਦੀ ਭੁੱਖ ਹੜਤਾਲ ਕਰਕੇ ਸੰਕੇਤਕ ਮਰਨ ਵਰਤ ਰੱਖਿਆ ਗਿਆ। ਅੱਜ ਕਿਸਾਨਾਂ ਨੇ ਆਪਣੇ ਚੁੱਲ੍ਹੇ ਨਹੀਂ ਬਾਲੇ।ਜਾਣੀ ਕਿ ਅੱਜ ਮੋਰਚੇ ਦੇ ਕਿਸਾਨਾਂ ਦੇ ਚੁੱਲ੍ਹੇ ਠੰਢੇ ਰਹੇ। ਪੂਰੇ ਮਹੌਲ ਵਿੱਚ ਚਿੰਤਾ ਪਸਰੀ ਹੋਈ ਹੈ ਅਤੇ ਕਿਸਾਨਾਂ ਦੇ ਚਿਹਰਿਆਂ ਉਪਰ ਉਦਾਸੀ ਅਤੇ ਗੁੱਸਾ ਝਲਕ ਰਿਹਾ ਹੈ।ਕਿਸਾਨ ਆਗੂਆਂ ਨੇ ਸੱਦਾ ਦਿੱਤਾ ਹੈ ਕਿ ਬਾਰਾਂ ਦਸੰਬਰ ਨੂੰ ਮਰਨ ਵਰਤ ਤੇ ਬੈਠੇ ਆਗੂ ਡੱਲੇਵਾਲ ਦੀ ਹਮਾਇਤ ਵਿੱਚ ਸਾਰੇ ਵਰਗਾਂ ਦੇ ਲੋਕ ਰਾਤ ਨੂੰ ਇਕ ਢੰਗ ਦਾ ਖਾਣਾ ਨਾ ਖਾਣ । ਅਜਿਹਾ ਕਰਕੇ ਉਹ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨਗੇ।
ਕਿਸਾਨਾਂ ਦਾ ਕਸੂਰ ਕੀ ਹੈ? ਕਿਸਾਨ ਨੇਤਾ ਡੱਲੇਵਾਲ ਦਾ ਕਸੂਰ ਕੀ ਹੈ? ਉਹ ਆਪਣੀਆਂ ਫਸਲਾਂ ਅਤੇ ਨਸਲਾਂ ਬਚਾਉਣ ਦੀ ਲੜਾਈ ਲੜ ਰਹੇ ਹਨ। ਪਿਛਲੇ ਸਾਲ ਦੇ ਤੇਰਾਂ ਫਰਵਰੀ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਫਸਲਾਂ ਦੀ ਘੱਟੋ-ਘੱਟ ਸਮਰਥਨ ਕੀਮਤ ਦੀ ਗਰੰਟੀ ਦੀ ਲੜਾਈ ਲੜ ਰਹੇ ਹਨ। ਦੂਜੀਆਂ ਕਿਸਾਨ ਮੰਗਾਂ ਵੀ ਹਨ। ਕਿਸਾਨ ਦਿੱਲੀ ਜਾਕੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਹਰਿਆਣਾ ਸਰਕਾਰ ਨੇ ਉਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਹੋਇਆ ਹੈ ।ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਨੇ ਪੈਦਲ ਜਥਿਆਂ ਦੇ ਰੂਪ ਵਿੱਚ ਵੀ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਵਲੋਂ ਰੋਕਾਂ ਲਾਕੇ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਬੁਛਾਰ ਕਰਕੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ।
ਕਿਸਾਨ ਲਗਾਤਾਰ ਆਖ ਰਹੇ ਹਨ ਕਿ ਉਹ ਕਿਸਾਨੀ ਮੰਗਾਂ ਉੱਤੇ ਗੱਲਬਾਤ ਕਰਨ ਨੂੰ ਤਿਆਰ ਹਨ ਤਾਂ ਕੇਂਦਰ ਵਲੋਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ ।ਇਸ ਸਾਰੇ ਦੇ ਚਲਦਿਆਂ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰਾਂ ਚੁੱਪ ਹਨ।
ਕਿਸਾਨ ਆਗੂਆਂ ਵਲੋਂ ਰਾਜਸੀ ਧਿਰਾਂ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਪਰ ਮੁੱਖ ਵਿਰੋਧੀ ਧਿਰ ਦੇ ਆਗੂ ਖੜਗੇ ਅਤੇ ਰਾਹੁਲ ਗਾਂਧੀ ਨੇ ਕਿਸਾਨ ਮੰਗਾਂ ਦੀ ਹਮਾਇਤ ਤਾਂ ਕੀਤੀ ਹੈ ਪਰ ਪਾਰਲੀਮੈਂਟ ਅੰਦਰ ਕਿਸਾਨਾਂ ਦੇ ਹੱਕ ਵਿੱਚ ਜੋਰਦਾਰ ਅਵਾਜ਼ ਨਹੀਂ ਉੱਠੀ। ਹਾਲਾਂਕਿ ਕਿ ਸੰਸਦ ਦਾ ਕੰਮਕਾਜ ਆਏ ਦਿਨ ਠੱਪ ਹੁੰਦਾ ਹੈ ਪਰ ਉਸ ਦਾ ਮੁੱਦਾ ਕਿਸਾਨੀ ਨਹੀਂ ਰਿਹਾ ।ਇਸੇ ਤਰ੍ਹਾਂ ਪੰਜਾਬ ਦੀਆਂ ਰਾਜਸੀ ਧਿਰਾਂ ਦੇ ਵਿਧਾਨ ਸਭਾ ਵਿੱਚ 117 ਵਿਧਾਇਕ ਹਨ ਤਾਂ ਕਿੰਨੇ ਵਿਧਾਇਕ ਹਨ ਜਿਹੜੇ ਆਖ ਰਹੇ ਹੋਣ ਕਿ ਕਿਸਾਨਾਂ ਦੀ ਹਮਾਇਤ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਤਾਂ ਕੀਤੀ ਹੈ ਪਰ ਮੰਗ ਕਿਸਾਨੀ ਬਚਾਉਣ ਦੇ ਮਾਮਲੇ ਵਿੱਚ ਏਕੇ ਦੀ ਝਲਕ ਨਹੀਂ ਪੇਸ਼ ਕਰਦੀ।
ਸੰਪਰਕ : 9814001186