ਅਕਾਲੀ ਦਲ ਬਾਦਲ ਦੇ 64 ਉਮੀਦਵਾਰਾਂ ਦੀ ਸੂਚੀ ‘ਚ ਕੇਵਲ ਇੱਕ ਮਹਿਲਾ ਦਾ ਨਾਮ ਹੋਣਾ ਬੇਹੱਦ ਮੰਦਭਾਗਾ : ਪਰਮਜੀਤ ਕੌਰ ਗੁਲਸ਼ਨ

TeamGlobalPunjab
3 Min Read

 ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਦੀ ਔਰਤਾਂ ਨੂੰ ਪਿੱਛੇ ਰੱਖਣ ਵਾਲੀ ਮਾੜੀ ਸੋਚ : ਗੁਲਸ਼ਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸ਼ਤਰੀ ਵਿੰਗ ਦੀ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਨੇ ਅਕਾਲੀ ਦਲ ਬਾਦਲ ਵੱਲੋਂ ਬੀਤੇ ਦਿਨੀ ਜਾਰੀ ਕੀਤੀ ਗਈ 64 ਉਮੀਦਵਾਰਾਂ ਦੀ ਸੂਚੀ ਵਿੱਚ ਕੇਵਲ ਇੱਕ ਮਹਿਲਾ ਉਮੀਦਵਾਰ ਦੇ ਕੀਤਾ ਗਏ ਐਲਾਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਦਾ ਇਹ ਕਦਮ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਔਰਤਾਂ ਨੂੰ ਪਿੱਛੇ ਰੱਖਣ ਵਾਲੀ ਮਾੜੀ ਸੋਚ ਨੂੰ ਪ੍ਰਗਟਾਉਂਦਾ ਹੈ।
ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਆਪਣੀ ਹਰੇਕ ਰੈਲੀ ਵਿੱਚ ਔਰਤਾਂ ਨੂੰ ਵੱਧ ਅਧਿਕਾਰ, ਮਹਿਲਾ ਰਾਖਵਾਕਰਨ ਅਤੇ ਸ਼ਸਕਤੀਕਾਰਨ ਵਰਗੇ ਅਨੇਕ ਲਾਰੇ ਲਗਾ ਕੇ ਉਨ੍ਹਾਂ ਨੂੰ ਅੱਗੇ ਲੈ ਕੇ ਆੳਣ ਦੀ ਗੱਲ ਕਰਦੇ ਹਨ ਪਰ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਵੇਲੇ ਉਹ ਇਹ ਸਾਰੀਆਂ ਗੱਲਾਂ ਨੂੰ ਭੁੱਲ ਗਏ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਕਦਮ ਨਾਲ ਇਹ ਗੱਲ ਸਾਬਿਤ ਹੋ ਗਈ ਹੈ ਕਿ ਉਹ ਕੇਵਲ ਸਿਆਸੀ ਲਾਹਾ ਲੈਣ ਲਈ ਅਤੇ ਮਹਿਲਾਵਾਂ ਵੋਟ ਬੈਂਕ ਹਾਸਿਲ ਕਰਨ ਲਈ ਹੀ ਉਨ੍ਹਾਂ ਨੂੰ ਵਰਤ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਕੇਵਲ ਸ਼ੁਤਰਾਣੇ ਤੋਂ ਹੀ ਇੱਕ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜੋਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਕੋਈ ਦਿਖਾਈ ਨਹੀ ਦਿੰਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਕੋਈ ਹੋਰ ਮਹਿਲਾ ਉਮੀਦਵਾਰ ਨਹੀ ਲੱਭੀ ਸਕੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਥੇ ਔਰਤਾਂ ਹਰ ਖੇਤਰ ਵਿੱਚ ਕਾਮਯਾਬੀ ਦੇ ਸਿਖਰ ‘ਤੇ ਪਹੁੰਚ ਚੁੱਕੀਆਂ ਹਨ, ਉਥੇ ਬਾਦਲ ਪਰਿਵਾਰ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਦੇ ਬਜਾਏ ਪਿੱਛੇ ਧੱਕ ਰਿਹਾ ਹੈ। ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਕਾਲੀ ਦਲ ਦੇ ਅਸਲ ਸਿਧਾਂਤਾਂ ‘ਤੇ ਪਹਿਰਾ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਇਹ ਵਿਚਾਰਧਾਰਾ ਹੈ ਕਿ ਸੂਬੇ ਦੀ ਨੀਤੀ-ਨਿਰਮਾਣ ਦੀ ਪ੍ਰਕੀਰੀਆ ਵਿੱਚ ਔਰਤਾਂ ਦੀ ਵੀ ਭਾਗੀਦਾਰੀ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਜਾਂ ਫਿਰ ਭੀੜ ਇਕੱਠੀ ਕਰਨ ਲਈ ਨਹੀ ਵਰਤਿਆ ਜਾਣਾ ਚਾਹੀਦਾ ਬਲਕਿ ਔਰਤਾਂ ਨੂੰ ਸਰਗਰਮ ਰਾਜਨੀਤੀ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਕੌਮੀ ਅਤੇ ਸੂਬਾ ਪੱਧਰ ‘ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲੈ ਕੇ ਆਉਣ ਵਿੱਚ ਔਰਤਾਂ ਵੀ ਆਪਣਾ ਯੋਗਦਾਨ ਪਾ ਸਕਣ।

ਪਰਮਜੀਤ ਕੌਰ ਗੁਲਸ਼ਨ ਨੇ ਸੁਖਬੀਰ ਬਾਦਲ ਨੂੰ ਯਾਦ ਕਰਵਾਇਆ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਔਰਤਾਂ ਅਤੇ ਦਲਿਤਾਂ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਅੱਗੇ ਲੈ ਕੇ ਆਉਣ ਲਈ ਅਨੇਕ ਯਤਨ ਕੀਤੇ ਪਰ ਅੱਜ ਪੰਥਕ ਪਾਰਟੀ ਦਾ ਵਿਖਾਵਾ ਕਰਨ ਵਾਲਾ ਅਕਾਲੀ ਦਲ ਬਾਦਲ ਗੁਰੂਆਂ ਦੇ ਇਨ੍ਹਾਂ ਫਲਸਫਿਆਂ ਨੂੰ ਪੂਰੀ ਤਰ੍ਹਾਂ ਭੁੱਲ ਚੁੱਕਾ ਹੈ ਅਤੇ ਬਾਦਲ ਪਰਿਵਾਰ ਪੈਸੇ ਨਾਲ ਲੋਕਾਂ ‘ਤੇ ਧੌਂਸ ਜਮਾਉਣ ਦੀ ਕੋਸਿ਼ਸ਼ ਕਰ ਰਿਹਾ ਹੈ।

- Advertisement -

Share this Article
Leave a comment