ਬਿੰਦੂ ਸਿੰਘ
ਪਿਛਲੇ ਦੋ ਦਿਨਾਂ ਤੋਂ ਇੱਕ ਵਾਰ ਫੇਰ ਸਿਆਸੀ ਹਲਚਲ ਤੇਜ਼ ਹੋ ਗਈ ਹੈ! ਕੱਲ੍ਹ 10 ਮਾਰਚ ਨੂੰ ਨਤੀਜੇ ਆਉਣੇ ਹਨ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਇਸ ਵਾਰ ਚੋਣ ਮੈਦਾਨ ਚ ਨਿੱਤਰੇ ਹਨ , ਇੰਝ ਲੱਗਦਾ ਹੈ ਕਿ ਉਹ ਵੀ ਹੁਣ ਸਿਰਫ ਇੰਤਜ਼ਾਰ ਹੀ ਕਰ ਰਹੇ ਹਨ ਕਿ ਆਖਰੀ ਨਤੀਜੇ ਕੀ ਹੋਣ ਵਾਲੇ ਹਨ!
ਪਰ ਜੇਕਰ ਗੱਲ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਅੱਜ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਨੇ ਟਵਿੱਟਰ ਤੇ ਪੋਸਟ ਪਾ ਕੇ ਕਿਹਾ ਕਿ ਜੇਤੂ ਵਿਧਾਇਕਾਂ ਦੀ ਪਹਿਲੀ ਮੀਟਿੰਗ ਭਲਕੇ ਸ਼ਾਮ 5 ਵਜੇ ਕਾਂਗਰਸ ਭਵਨ ‘ਚ ਹੋਵੇਗੀ।
ਅੱਜ ਲੱਗਦਾ ਹਰ ਗੱਲ ‘ਜੇ’ ਲਾ ਕੇ ਕਰਨੀ ਪਵੇਗੀ। ‘ਜੇ’ ਦੇ ਮਾਅਨੇ ਬਹੁਤ ਵੱਡੇ ਹੋ ਜਾਂਦੇ ਕਈ ਵਾਰ। ‘ਜੇ’ਕਰ ਏਦਾਂ ਹੋ ਜਾਂਦਾ ਤਾਂ ਸ਼ਾਇਦ ਇਹ ਹੋ ਜਾਣਾ ਸੀ ਜੇਕਰ ਉਸ ਤਰ੍ਹਾਂ ਹੋ ਜਾਂਦਾ ਤੇ ਸ਼ਾਇਦ ਇਸ ਤਰੀਕੇ ਨਾ ਹੁੰਦਾ।
ਅੱਜ ਅੰਕੜਿਆਂ ਦੀ ਗਿਣਤੀ ਮਿਣਤੀ, ਨਾਪ ਤੋਲ ਤੇ ਤੱਥਾਂ ਤੇ ਆਧਾਰਤ ਕੀਤੀ ਜਾਣ ਵਾਲੀ ਪੱਤਰਕਾਰੀ ਤੋਂ ਹਟ ਕੇ ਗੱਲ ਕਰਦੇ ਹਾਂ।
ਗੱਲ ਅੱਜ ਵੀ ਉਹੀ ਹੈ ਕਿ ਆਉਣ ਵਾਲੇ ਕੱਲ੍ਹ ਲੋਕਾਂ ਦੀ ਉਮੀਦ ਤੇ ਪੰਜਾਬ ਦੇ ਵੱਡੇ ਛੋਟੇ ਆਮ ਖਾਸ ਹਰ ਉਮੀਦਵਾਰ ਜਿਹੜਾ ਵੀ ਇਸ ਵਾਰ ਚੋਣਾਂ ਚ ਉਤਰਿਆ ਹੈ, ਉਨ੍ਹਾਂ ਸਾਰਿਆਂ ਵੱਲੋਂ ਕੀਤੀ ਜਾ ਰਹੀ ਉਡੀਕ ਇਸਦਾ ਅਸਲੀ ਮੂੰਹ ਮੜ੍ਹੰਗਾ ਆਖ਼ਰ ਕੀ ਹੋਵੇਗਾ!
ਸਵੇਰੇ ਅੱਠ ਵਜੇ ਤੋਂ ਬੰਦ ਡੱਬੇ ਖੁੱਲ੍ਹਣਗੇ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਲੋਕਾਂ ਦੀ ਉਮੀਦ ਤੇ ਲੀਡਰਾਂ ਦੀ ਉਡੀਕ ਅਜੇ ਤਾਂ ‘ਜੇ’ ‘ਤੇ ਹੀ ਅਟਕੀ ਪਈ ਹੈ । ਹੁਣ ਅਸੀਂ ਗੱਲ ਕਰਦੇ ਹਾਂ ਕਿ ‘ਜੇ’ ਚੋਣ ਸਰਵੇਖਣਾਂ ਦੀ ਗੱਲ ਭਲਕੇ ਸੱਚ ਹੋ ਜਾਂਦੀ ਹੈ ਤਾਂ ਕੀ ਇਹ ਮੰਨਿਆ ਜਾ ਸਕੇਗਾ ਕਿ ਇਸ ਵਾਰ ਪੰਜਾਬ ਲਈ ਲੋਕਾਂ ਨੇ ਰੋਹ ਵਿੱਚ ਵੋਟਾਂ ਜ਼ਰੀਏ ਪ੍ਰਦਰਸ਼ਨ ਕੀਤਾ ਹੈ।
ਪਰ ‘ਜੇ’ ਕਰ ਅੰਕੜਿਆਂ ਦੀ ਇਸ ਖੇਡ ‘ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਿਆ ਫੇਰ ਇੱਕ ਵਾਰ ‘ਜੇ’ਕਰ ਸ਼ਬਦ ਮਜ਼ਬੂਤ ਹੁੰਦਾ ਵਿਖਾਈ ਦੇਵੇਗਾ। ਕੀ ‘ਜੇ’ ਕਰ ਪਾਰਟੀ ਪੱਧਰ ਤੇ ਫ਼ੈਸਲੇ ਸਹੀ ਲਏ ਹੁੰਦੇ , ‘ਜੇ’ ਕਰ ਉਮੀਦਵਾਰ ਸਹੀ ਚੁਣੇ ਹੁੰਦੇ, ਜੇ ‘ਕਰ’ ਸੱਤਾ ਤੇ ਕਾਬਜ਼ ਹੋ ਕੇ ਵੋਟਰਾਂ ਨਾਲ ਕੀਤੇ ਵਾਅਦੇ ਦੇ ਦਾਅਵੇ ਪੂਰੇ ਕੀਤੇ ਹੁੰਦੇ। ‘ਜੇ’ ਅਸਲ ਚ ਲੋਕਾਂ ਦੀ ਸਮੇਂ ਸਿਰ ਸੁਣੀ ਹੁੰਦੀ।
ਨਤੀਜੇ ਕੱਲ੍ਹ ਕੁਝ ਵੀ ਆਣ ਪਰ ਇਕ ਗੱਲ ਤਾਂ ਬਹੁਤ ਸਾਫ਼ ਹੈ ਕਿ ਆਟੇ ਚ ਲੂਣ ਸ਼ਾਇਦ ਫਿਰ ਕੁਝ ਹੱਦ ਤਕ ਚੱਲ ਸਕਦਾ ਹੇੈ ਪਰ ਲੂਣ ਚ ਆਟਾ ਨਹੀਂ ਚੱਲ ਸਕਦਾ। ਬਿਲਕੁਲ ਵੀ ਨਹੀਂ ਚੱਲ ਸਕਦਾ। ਆਉਣ ਵਾਲੇ ਕੱਲ੍ਹ ਦੀ ‘ਸਵੇਰ’ ਕੀ ‘ਸੁਨੇਹਾ’ ਲੈ ਕੇ ਆਵੇਗੀ ਪੰਜਾਬ ਲਈ, ‘ਪੰਜਾਬ ਸਿਹਾਂ’!!