ਈਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਸੀਜ਼ਫਾਇਰ ਖ਼ਤਮ ਹੋ ਗਈ ਹੈ ਅਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਟਿਕਾਣਿਆਂ ‘ਤੇ ਦੁਬਾਰਾ ਹਮਲੇ ਸ਼ੁਰੂ ਕਰ ਦਿੱਤੇ ਹਨ। ਜੰਗ ਦਾ ਅਸਰ ਸਟ੍ਰੇਟ ਆਫ ਹਾਰਮੁਜ਼ ‘ਤੇ ਫਿਰ ਤੋਂ ਪੈਣ ਲੱਗਾ ਹੈ। ਇਸ ਦੌਰਾਨ ਈਰਾਨ ਨੇ ਹਾਰਮੁਜ਼ ਵਿੱਚ ਤੇਲ ਟੈਂਕਰਾਂ ‘ਤੇ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ, ਈਰਾਨ ਦੇ ਮਿਜ਼ਾਈਲ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਯੂਏਈ (UAE) ਦੇ ਰੱਖਿਆ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਈਰਾਨ ਨੇ ਦੇਰ ਰਾਤ ਸਟ੍ਰੇਟ ਆਫ ਹਾਰਮੁਜ਼ ਵਿੱਚ ਸੰਯੁਕਤ ਅਰਬ ਅਮੀਰਾਤ (UAE) ਦੇ ਦੋ ਤੇਲ ਟੈਂਕਰਾਂ ‘ਤੇ ਹਮਲਾ ਕੀਤਾ, ਜਿਸ ਵਿੱਚ ਇੱਕ ਭਾਰਤੀ ਨਾਵਿਕ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਯੂਏਈ ਦੇ ਰੱਖਿਆ ਮੰਤਰਾਲੇ ਨੇ ‘ਐਕਸ’ ‘ਤੇ ਸਾਂਝਾ ਕੀਤਾ ਕਿ ਸਾਡੇ ਝੰਡੇ ਵਾਲੇ ਦੋ ਤੇਲ ਟੈਂਕਰਾਂ ‘ਮੋਮਬਾਸਾ’ ਅਤੇ ‘ਬਹੀਆ’ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਵਿੱਚ ਮੋਮਬਾਸਾ ਟੈਂਕਰ ‘ਤੇ ਤਾਇਨਾਤ ਇੱਕ ਭਾਰਤੀ ਨਾਵਿਕ ਦੀ ਮੌਤ ਹੋ ਗਈ ਅਤੇ ਅੱਠ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਨਾਗਰਿਕ ਹਨ।
ਈਰਾਨ ਦੇ ਇਸ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੱਸਦੇ ਹੋਏ ਯੂਏਈ ਨੇ ਕਿਹਾ ਕਿ ਉਸ ਨੂੰ ਜਵਾਬੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਉਸ ਨੇ ਆਪਣੀ ਸੁਰੱਖਿਆ ਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਤਿਆਰੀਆਂ ਵਧਾ ਦਿੱਤੀਆਂ ਹਨ। ਯੂਏਈ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ, “ਮੰਤਰਾਲਾ ਮ੍ਰਿਤਕ ਦੇ ਪਰਿਵਾਰ ਦੇ ਨਾਲ-ਨਾਲ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਦਾ ਹੈ, ਅਤੇ ਸਾਰੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

