ਕੌਮਾਂਤਰੀ ਪਰਿਵਾਰ ਦਿਵਸ: ਤਿਆਗ, ਕੁਰਬਾਨੀ ਤੇ ਹਮਦਰਦੀ ਵਾਲੇ ਗੁਣ ਉਪਜਦਾ ਪਰਿਵਾਰ

TeamGlobalPunjab
6 Min Read

-ਅਵਤਾਰ ਸਿੰਘ

ਕੌਮਾਂਤਰੀ ਪਰਿਵਾਰ ਦਿਵਸ ਹਰ ਸਾਲ 15 ਮਈ ਨੂੰ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ।

ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, ਹਰੇਕ ਦੀ ਜਿੰਮੇਵਾਰੀ, ਅਧਿਕਾਰ ਤੇ ਕਰਤਵ ਹੁੰਦੇ ਹਨ।

ਇਥੇ ਹੀ ਸਾਡੇ ਤਿਆਗ, ਕੁਰਬਾਨੀ ਤੇ ਹਮਦਰਦੀ ਜਿਹੇ ਗੁਣ ਉਪਜਦੇ ਹਨ। ਜੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਅਨੁਮਾਨ ਲਾਉਣਾ ਔਖਾ ਨਹੀ ਹੋਵੇਗਾ ਕਿ ਜੀਵਨ ਕਿਹੋ ਜਿਹਾ ਹੋਵੇਗਾ।

- Advertisement -

ਜਿਨ੍ਹਾਂ ਘਰਾਂ ਵਿੱਚ ਸਾਰੇ ਰਲ ਕੇ ਭੋਜਨ ਖਾਂਦੇ ਹਨ ਉਨ੍ਹਾਂ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਕੱਲਿਆਂ ਖਾਧੀ ਜਾਣ ਵਾਲੀ ਖੁਰਾਕ ਭਾਂਵੇ ਕਿਤਨੀ ਵੀ ਪੌਸ਼ਟਿਕ ਹੋਵੇ, ਇਸਦੇ ਮੁਕਾਬਲੇ ਇੱਕਠੀ ਖਾਧੀ ਜਾਣ ਵਾਲੀ ਖੁਰਾਕ ਪ੍ਰੇਮ, ਦਇਆ ਵਾਲੀ ਵੱਡੀ ਗੁਣਕਾਰੀ ਹੁੰਦੀ ਹੈ।

ਹਰੇਕ ਦੀ ਕੋਸ਼ਿਸ ਹੁੰਦੀ ਹੈ ਕਿ ਮੈਂ ਘਰੋਂ ਬਾਹਰ ਰਹਿ ਕੇ ਮਨ ਮਰਜੀ ਕਰਾਂ। ਘਰ ਦੇ ਮੈਂਬਰਾਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ, ਇਸ ਦਿਵਸ ‘ਤੇ ਆਪਣੇ ਪਰਿਵਾਰ ਪ੍ਰਤੀ ਵਧੀਆ ਸੋਚ ਉਸਾਰਨੀ ਚਾਹੀਦੀ ਹੈ ਅਤੇ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਮਾਹੌਲ ਦੀ ਸਿਰਜਨਾ ਕਰਨੀ ਚਾਹੀਦੀ ਹੈ ਪਰ ਅੱਜ ਕੱਲ ਮੋਬਾਈਲ ਫੋਨ ਵੀ ਸਾਂਝੇ ਪਰਿਵਾਰਾਂ ਨੂੰ ਤੋੜ ਰਹੇ ਹਨ।

****

ਕੁਦਰਤ ਦੀ ਰਚੀ ਸ਼ਾਹਕਾਰ ਰਚਨਾ ਹੈ- ਪਰਿਵਾਰ

‘‘ ਕੁਦਰਤ ਵੱਲੋਂ ਰਚੀਆਂ ਸ਼ਾਹਕਾਰ ਰਚਨਾਵਾਂ ਵਿੱਚੋਂ ਸਭ ਤੋਂ ਉਤਮ ਰਚਨਾ
ਪਰਿਵਾਰ ਹੈ। ’’ – ਜਾਰਜ ਸੈਨਟੀਅਨ  ਇਹ ਕਥਨ ਪੂਰੀ ਤਰ੍ਹਾਂ ਸੱਚਾ ਵੀ ਹੈ ਤੇ ਸਾਰਥਕ ਵੀ। ਕਿਸੇ ਵੀ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਸਭ ਤੋਂ ਉਤਮ ਇਕਾਈ ਪਰਿਵਾਰ ਹੀ ਹੈ। ਜੇਕਰ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਜੋਕਾ ਮਨੁੱਖ ਤੇ ਖ਼ਾਸ ਕਰਕੇ ਨੋਕਰੀਪੇਸ਼ਾ ਮਨੁੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਰਹਿੰਦਿਆਂ ਹੋਇਆਂ ਇਕਲਾਪੇ ਦਾ ਸ਼ਿਕਾਰ ਹੋ ਕੇ ਭਾਰੀ ਮਾਨਸਿਕ ਪ੍ਰੇਸ਼ਾਨੀ ਜਾਂ ਤਣਾਅ ਹੰਢਾਅ ਰਿਹਾ ਹੈ। ਪਰਿਵਾਰਕ ਝਗੜਿਆਂ ਨੂੰ ਸੁਲਝਾਉਣ ਲਈ ਘਰ ਵਿੱਚ ਕੋਈ ਸਿਆਣੇ ਜਾਂ ਬਜ਼ੁਰਗ ਵਿਅਕਤੀ ਦੀ ਅਣਹੋਂਦ ਵੀ ਇਸ ਤਣਾਅ ਨੂੰ ਹੋਰ ਵਧਾ ਰਹੀ ਹੈ। ਦਾਦਾ-ਦਾਦੀ ਦੀ ਗ਼ੈਰਹਾਜ਼ਰੀ ਵਾਲੇ ਪਰਿਵਾਰਾਂ ਵਿੱਚ ਸਿਰ ‘ਤੇ ਕੁੰਡਾ ਨਾ ਹੋਣ ਕਰਕੇ ਨਿੱਕੇ ਬੱਚਿਆਂ ਵਿੱਚ ਨਿਰਾਸ਼ਤਾ ਤੇ ਅਨੈਤਿਕਤਾ ਵਿੱਚ ਵਾਧਾ, ਪਤੀ-ਪਤਨੀ ਦਰਮਿਆਨ ਝਗੜਿਆਂ, ਖ਼ੁਦਕੁਸ਼ੀਆਂ ਅਤੇ ਜੁਰਮਾਂ ਦੀ ਦਰ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਅਜੋਕੇ ਸਮੇਂ ਦੀਆਂ ਮੁਟਿਆਰਾਂ ਵਿਆਹ ਤੋਂ ਬਾਅਦ ਆਪਣੇ ਸੱਸ ਸਹੁਰੇ ਨੂੰ ਨਾਲ ਰੱਖਣ ਦੀ ਥਾਂ ਪਤੀ ਨਾਲ ਇਕੱਲੀਆਂ ਰਹਿਣ ਦੇ ਸੁਫ਼ਨੇ ਵੇਖ਼ਦੀਆਂ ਹਨ ਪਰ ਇਹ ਨਹੀਂ ਜਾਣਦੀਆਂ ਕਿ ਘਰ ਦੇ ਬਜੁਰਗ ਤਾਂ ਅਸਲ ਵਿੱਚ ਘਰ ਦੇ ਜੰਦਰੇ ਹੁੰਦੇ ਹਨ ਤੇ ਬਿਨਾ ਜੰਦਰਿਆਂ ਵਾਲੇ ਘਰਾਂ ਦਾ ਸੁੱਖ ਤੇ ਚੈਨ ਕਦੇ ਵੀ ਚੋਰੀ ਹੋ ਸਕਦਾ ਹੈ। ਇਸ ਪ੍ਰਥਾਇ ਬਰੈਡ ਹੈਨਰੀ ਦਾ ਕਥਨ ਹੈ-‘‘ ਬਜੁਰਗਾਂ ਦੀ ਹਾਜ਼ਰੀ ਵਾਲਾ ਪਰਿਵਾਰ ਇੱਕ ਤਰ੍ਹਾਂ ਦਾ ਕੰਪਾਸ ਹੁੰਦਾ ਹੈ ਜੋ ਸਾਡਾ ਮਾਰਗ ਦਰਸ਼ਨ ਕਰਦਾ ਹੈ,ਇਹ ਸਾਨੂੰ ਉਚੇਰੇ ਮੁਕਾਮ ਹਾਸਿਲ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਜਦੋਂ ਅਸੀਂ ਥਿੜਕਣ ਲਗਦੇ ਹਾਂ ਤਾਂ ਇਹ ਸਾਡਾ ਆਸਰਾ ਬਣਦਾ ਹੈ ’’।

- Advertisement -

ਅੱਜ ਦੁਨੀਆਂ ਭਰ ਵਿੱਚ ਵਿਸ਼ਵ ਪਰਿਵਾਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਪਰਿਵਾਰ ਨੂੰ ਸਾਲ ਦਾ ਇੱਕ ਦਿਨ ਸਮਰਪਿਤ ਕਰਨ ਦਾ ਵਿਚਾਰ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਦੇ ਸੰਨ 1983 ਅਤੇ ਸੰਨ 1985 ਵਿੱਚ ਹੋਏ ਇਜਲਾਸ ਵਿੱਚ ਰੱਖਿਆ ਗਿਆ ਸੀ ਤੇ ਉਪਰੰਤ ਸੰਨ 1993 ਵਿੱਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਇਹ ਐਲਾਨ ਕਰ ਦਿੰਤਾ ਗਿਆ ਸੀ ਕਿ 15 ਮਈ ਦਾ ਦਿਨ ‘ਕੌਮਾਂਤਰੀ ਪਰਿਵਾਰ ਦਿਵਸ ਵਜੋਂ ਮਨਾਇਆ ਜਾਵੇਗਾ। ਉਦੋਂ ਤੋਂ ਹੀ ਇਹ ਦਿਵਸ ਮਨਾਉਣ ਦੀ ਪ੍ਰੰਪਰਾ ਚੱਲਦੀ ਆ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਅਨੁਸਾਰ ਇਹ ਦਿਵਸ ਪਰਿਵਾਰ ਦੇ ਮਹੱਤਵ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਪਰਿਵਾਰ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ,ਆਰਥਿਕ ਅਤੇ ਭੂਗੌਲਿਕ ਤੱਤਾਂ ਪ੍ਰਤੀ ਚੇਤਨਤਾ ਪੈਦਾ ਕਰਨ ਦਾ ਦਿਵਸ ਹੈ । ਅੱਜ ਸਭ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਪਰਿਵਾਰ ਕੇਵਲ ਨਾਲ ਰਹਿਣ ਨਹੀਂ ਸਗੋਂ ਨਾਲ ਜਿਊਣ ਨਾਲ ਬਣਦਾ ਹੈ। ਇਸਦੇ ਨਾਲ ਹੀ ਇਹ ਤੱਥ ਵੀ ਸਮਝਣਾ ਬਣਦਾ ਹੈ ਕਿ ਆਪਣਿਆਂ ਦਾ ਸਾਥ ਬੇਹੱਦ ਜ਼ਰੂਰੀ ਹੈ। ਜੇ ਸੁੱਖ ਹੋਵੇ ਤਾਂ ਵਧ ਜਾਂਦਾ ਹੈ ਤੇ ਜੇ ਦੁਖ ਹੋਵੇ ਤਾਂ ਵੰਡਿਆ ਜਾਂਦਾ ਹੈ।

ਸਾਲ 2020 ਲਈ ਕੌਮਾਂਤਰੀ ਪਰਿਵਾਰ ਦਿਵਸ ਦਾ ਥੀਮ ‘ ਵਿਕਾਸ ਵਿੱਚ ਪਰਿਵਾਰ ਦੀ ਭੂਮਿਕਾ ’ ਸੀ ਜਦੋਂ ਕਿ ਸਾਲ 2021 ਦਾ ਥੀਮ ‘ ਪਰਿਵਾਰ ਅਤੇ ਨਵੀਂ ਤਕਨਾਲੋਜੀ ’ ਨਿਰਧਾਰਤ ਕੀਤਾ ਗਿਆ ਹੈ। ਇਹ ਥੀਮ ਦਰਸਾਉਂਦਾ ਹੈ ਕਿ ਨਿੱਤ ਸਾਹਮਣੇ ਆ ਰਹੀ ਨਵੀਂ ਤਕਨਾਲੋਜੀ ਤੇ ਤਕਨੀਕ ਦਾ ਸਾਡੇ ਪਰਿਵਾਰਾਂ ਦੇ ਸੁਭਾਅ ਅਤੇ ਰਹਿਣ ਸਹਿਣ ੳੁੱਤੇ ਕਿੰਨਾ ਡੂੰਘਾ ਅਸਰ ਪੈ ਰਿਹਾ ਹੈ। ਇਸ ਦਿਵਸ ‘ਤੇ ਸੰਯੁਕਤ ਰਾਸ਼ਟਰ ਇਹ ਸਵੀਕਾਰ ਕਰਦਾ ਹੈ ਕਿ ਬੇਸ਼ੱਕ ਬੀਤੇ ਕਈ ਦਹਾਕਿਆਂ ਤੋਂ ਵਿਸ਼ਵ ਪੱਧਰ ‘ਤੇ ਵੱਡੇ ਭੂਗੌਲਿਕ ਅਤੇ ਤਕਨੀਕੀ ਪਰਿਵਰਤਨ ਹੋਏ ਹਨ ਪਰ ਇਸਦੇ ਬਾਵਜੂਦ ਅਜੇ ਵੀ ਸਮਾਜ ਦੀ ਮੂਲ ਇਕਾਈ ਪਰਿਵਾਰ ਹੀ ਹੈ। ਕਿਸੇ ਵਿਦਵਾਨ ਨੇ ਸੱਚ ਹੀ ਕਿਹਾ ਹੈ – ‘‘ ਮਿੱਟੀ ਦੇ ਮਟਕੇ ਦੀ ਤੇ ਪਰਿਵਾਰ ਦੀ ਕੀਮਤ ਬਸ ਬਣਾਉਣ ਵਾਲੇ ਨੂੰ ਹੀ ਪਤਾ ਹੁੰਦੀ ਹੈ, ਤੋੜਨ ਵਾਲੇ ਨੂੰ ਨਹੀਂ।’’ ਇੱਕ ਹੋਰ ਵਿਦਵਾਨ ਦੇ ਸੁਨਹਿਰੀ ਬੋਲ ਹਨ-‘‘ ਸਾਰਾ ਕੁਝ ਜਿੱਤ ਕੇ ਜਾਂ ਸਾਰਾ ਕੁਝ ਹਾਰ ਕੇ ਇਨਸਾਨ ਜਿਸਦੇ ਕੋਲ ਜਾਣਾ ਚਾਹੁੰਦਾ ਹੈ,ਉਹ ਪਰਿਵਾਰ ਹੈ।’’

ਸੋ, ਅੱਜ ਬੜੀ ਭਾਰੀ ਲੋੜ ਹੈ ਕਿ ਪਰਿਵਾਰ ਦੇ ਅਤੇ ਪਰਿਵਾਰ ਵਿੱਚ ਕਿਸੇ ਵੱਡ-ਵਡੇਰੇ ਦੇ ਮੌਜੂਦ ਹੋਣ ਦੇ ਮਹੱਤਵ ਨੂੰ ਸਮਝਿਆ ਜਾਵੇ ਤਾਂ ਜੋ ਪਰਿਵਾਰ ਦੇ ਬੱਚਿਆਂ ਤੇ ਜਵਾਨਾਂ ਵਿੱਚ ਕੁਝ ਚੰਗੀਆਂ ਕਦਰਾਂ-ਕੀਮਤਾਂ ਦਾ ਪ੍ਰਸਾਰ ਹੋ ਸਕੇ। ਜੇਕਰ ਪਰਿਵਾਰ ਚੰਗੇ ਅਤੇ ੳੁੱਚ-ਨੈਤਿਕ ਕਦਰਾਂ ਕੀਮਤਾਂ ਵਾਲੇ ਬਣ ਜਾਣਗੇ ਤਾਂ ਕੋਈ ਸ਼ੱਕ ਨਹੀਂ ਕਿ ਸਾਡਾ ਸਮਾਜ ਤੇ ਦੇਸ਼ ਵੀ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਘੱਟ ਤਣਾਅਗ੍ਰਸਤ ਜੀਵਨ ਵਾਲਾ ਦੇਸ਼ ਬਣ ਜਾਵੇਗਾ।

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

Share this Article
Leave a comment