Home / ਓਪੀਨੀਅਨ / ਕੌਮਾਂਤਰੀ ਅਪਰਾਧਿਕ ਨਿਆਂ ਦਿਵਸ : ਯਕੀਨੀ ਨਿਆਂ ਬਣਾਉਂਦੀ ਹੈ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ

ਕੌਮਾਂਤਰੀ ਅਪਰਾਧਿਕ ਨਿਆਂ ਦਿਵਸ : ਯਕੀਨੀ ਨਿਆਂ ਬਣਾਉਂਦੀ ਹੈ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ

 

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

 

ਅੱਜ ਕੌਮਾਂਤਰੀ ਅਪਰਾਧਿਕ ਨਿਆਂ ਦਿਵਸ ਹੈ ਤੇ ਇਸਨੂੰ ‘ਡੇਅ ਆਫ਼ ਇੰਟਰਨੈਸ਼ਨਲ ਕ੍ਰਿਮਿਨਲ ਜਸਟਿਸ’ ਵਜੋਂ ਵੀ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਸੰਨ 1998 ਵਿੱਚ 17 ਜੁਲਾਈ ਦੇ ਦਿਨ ਵੱਖ ਵੱਖ ਮੁਲਕਾਂ ਦੇ ਨੁਮਾਇੰਦਿਆਂ ਵੱਲੋਂ ‘ਰੋਮ ਸਟੈਚੂ ’ ਨਾਮਕ ਸੰਧੀ ਕੀਤੀ ਗਈ ਸੀ ਤੇ 139 ਮੁਲਕਾਂ ਨੇ ਇੱਕ ਸੰਧੀ ‘ਤੇ ਹਸਤਾਖਰ ਕਰਕੇ ਕੌਮਾਂਤਰੀ ਪੱਧਰ ‘ਤੇ ਨਿਆਂ ਪ੍ਰਦਾਨ ਕਰਨ ਹਿੱਤ ਇੱਕ ਅਦਾਰਾ ਕਾਇਮ ਕਰਨ ਅਤੇ ਨਿਯਮ ਬਣਾਉਣ ਦੀ ਪ੍ਰਕਿਰਿਆ ਦੀ ਨੀਂਹ ਰੱਖੀ ਸੀ।

1 ਜੁਲਾਈ, 2002 ਨੂੰ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਦੀ ਸਥਾਪਨਾ ਕੀਤੀ ਗਈ ਸੀ। ਇਸ ਅਦਾਲਤ ਵਿੱਚ 18 ਜੱਜ ਕੰਮ ਕਰਦੇ ਹਨ ਜਿਨ੍ਹਾ ਦਾ ਕਾਰਜਕਾਲ ਨੌਂ ਸਾਲ ਦਾ ਹੁੰਦਾ ਹੈ। ਕੌਮਾਂਤਰੀ ਨਿਆਂ ਦਿਵਸ ਮਨਾਉਣ ਦਾ ਫ਼ੈਸਲਾ ਸੰਨ 1 ਜੂਨ, ਸੰਨ 2010 ਨੂੰ ਯੂਗਾਂਡਾ ਦੇ ਕੰਪਾਲਾ ਵਿਖੇ ਹੋਈ ਕੌਮਾਂਤਰੀ ਕਾਨਫ਼ਰੰਸ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਸੰਨ 1998 ਦੀ ‘ਰੋਮ ਸਟੈਚੂ’ ਸੰਧੀ ਨੂੰ ਰੀਵਿਊ ਕਰਨ ਭਾਵ ਪੁਨਰ ਵਿਚਾਰ ਕਰਨ ਦਾ ਕਾਰਜ ਕੀਤਾ ਗਿਆ ਸੀ।

ਦਰਅਸਲ ‘ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ’ ਦਾ ਗਠਨ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਕੌਮਾਂਤਰੀ ਪੱਧਰ ‘ਤੇ ਵੀ ਇਨਸਾਫ਼ ਹਾਸਿਲ ਹੋ ਸਕੇ ਅਤੇ ਕੌਮਾਂਤਰੀ ਪੱਧਰ ਦੇ ਅਪਰਾਧੀਆਂ ਨੂੰ ਉਨ੍ਹਾ ਦੇ ਅਸਲ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਅੱਜ ਦਾ ਇਹ ਦਿਨ ਉਨ੍ਹਾ ਸਾਰੇ ਲੋਕਾਂ ਨੂੰ ਇੱਕਜੁਟ ਹੋ ਕੇ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ ਜੋ ਨਿਆਂ ਦੇ ਹਾਮੀ ਹਨ। ਇਹ ਦਿਵਸ ਸਿਆਸੀ ਜਾਂ ਸਮਾਜਿਕ ਵਿਤਕਰੇ ਜਾਂ ਚਾਲਬਾਜ਼ੀ ਦੇ ਸ਼ਿਕਾਰ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਅਜਿਹੇ ਜੁਰਮਾਂ ਨੂੰ ਠੱਲ੍ਹ ਪਾਉਣ ਦੀ ਗੱਲ ਕਰਦਾ ਹੈ ਜੋ ਦੁਨੀਆਂ ਦੀ ਸ਼ਾਂਤੀ,ਸੁਰੱਖਿਆ ਅਤੇ ਭਲੇ ਨੂੰ ਖ਼ਤਰੇ ‘ਚ ਪਾਉਂਦੇ ਹੋਣ। ਅੱਜ ਦੇ ਦਿਨ ਦੁਨੀਆਂ ਭਰ ਵਿੱਚ ਨਿਆਂ ਦੇ ਹਾਮੀ ਲੋਕ ਵੱਖ ਵੱਖ ਸਮਾਗਮ ਅਤੇ ਸੈਮੀਨਾਰ ਆਯੋਜਿਤ ਕਰਦੇ ਹਨ ਤਾਂ ਜੋ ਇੰਟਰਨੈਸ਼ਨਲ ਕ੍ਰਿਮਿਨਲ ਜਸਟਿਸ ਦਾ ਝੰਡਾ ਬੁਲੰਦ ਹੋ ਸਕੇ ਅਤੇ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਨੂੰ ਸਮਰਥਨ ਹਾਸਿਲ ਹੋ ਸਕੇ।

ਦਰਅਸਲ ਕੌਮਾਂਤਰੀ ਕ੍ਰਿਮਿਨਲ ਕੋਰਟ ਵਿੱਚ ਉਨ੍ਹਾ ਲੋਕਾਂ ‘ਤੇ ਮੁਕੱਦਮੇ ਚਲਾਏ ਜਾਂਦੇ ਹਨ ਜਿਨ੍ਹਾ ‘ਤੇ ਨਸਲੀ ਆਧਾਰ ‘ਤੇ ਸਮੂਹਿਕ ਹੱਤਿਆਕਾਂਡ ਕਰਨ, ਯੁੱਧ ਸਬੰਧੀ ਜੁਰਮ ਭਾਵ ਵਾਰ- ‘ਕ੍ਰਾਇਮ ਕਰਨ ਅਤੇ ਮਨੁੱਖਤਾ ਦੇ ਘਾਣ ਸਬੰਧੀ ਕੀਤੇ ਗਏ ਜੁਰਮ ਸ਼ਾਮਿਲ ਹੁੰਦੇ ਹਨ। ਇਹ ਅਦਾਲਤ ਵੱਖ ਵੱਖ ਦੇਸ਼ਾਂ ਦੀਆਂ ਆਪਣੀਆਂ ਉੱਚ-ਅਦਾਲਤਾਂ ਦੀ ਥਾਂ ਨਹੀਂ ਲੈਂਦੀ ਹੈ ਪਰ ਕੇਵਲ ਉਸ ਵੇਲੇ ਹੀ ਹਰਕਤ ਵਿੱਚ ਆਉਂਦੀ ਹੈ ਜਦੋਂ ਕੋਈ ਦੇਸ਼ ਕਿਸੇ ਦੋਸ਼ੀ ਖ਼ਿਲਾਫ਼ ਜਾਂ ਤਾਂ ਲੋੜੀਂਦੀ ਕਾਨੂੰਨੀ ਕਾਰਵਾਈ ਕਰਨਾ ਨਹੀਂ ਚਾਹੁੰਦਾ ਹੈ ਜਾਂ ਕਿਸੇ ਕਾਰਨ ਕਾਰਵਾਈ ਕਰਨ ਵਿੱਚ ਅਸਮਰੱਥ ਮਹਿਸੂਸ ਕਰਦਾ ਹੈ।

ਪਾਕਿਸਤਾਨ ਵੱਲੋਂ ਦਾਊਦ ਇਬਰਾਹੀਮ ਜਾਂ ਮੌਲਾਨਾ ਮਸੂਦ ਅਜ਼ਹਰ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਨਾ ਕਰਨ ਨੂੰ ਇਸ ਪਰਿਪੇਖ ਵਿੱਚ ਵੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਵਿੱਚ ਮੁੱਖ ਤੌਰ ‘ਤੇ ਅੰਗਰੇਜ਼ੀ ਅਤੇ ਫ਼ਰੈਂਚ ਭਾਸ਼ਾਵਾਂ ਵਿੱਚ ਕੰਮ ਕੀਤਾ ਜਾਂਦਾ ਹੈ ਪਰ ਇਨ੍ਹਾ ਤੋਂ ਇਲਾਵਾ ਚੀਨੀ, ਰੂਸੀ, ਸਪੈਨਿਸ਼ ਅਤੇ ਅਰਬੀ ਭਾਸ਼ਾਵਾਂ ਦੀ ਵਰਤੋਂ ਵੀ ਇੱਥੇ ਕੀਤੀ ਜਾਂਦੀ ਹੈ।

Check Also

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ …

Leave a Reply

Your email address will not be published. Required fields are marked *