ਬਰਗਾੜੀ ਬੇਅਦਬੀ ਮਾਮਲਾ: ‘ਆਪ’ ਸਰਕਾਰ ਖਿਲਾਫ਼ ਨੈਸ਼ਨਲ ਹਾਈਵੇਅ ਜਾਮ, ਨਵਜੋਤ ਸਿੱਧੂ ਨੇ ਕਿਹਾ-ਫਾਸਟ ਟ੍ਰੈਕ ਕੋਰਟ ‘ਚ ਹੋਵੇ ਸੁਣਵਾਈ

TeamGlobalPunjab
3 Min Read

ਫਰੀਦਕੋਟ- ਛੇ ਸਾਲ ਪੁਰਾਣੇ ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਇਨਸਾਫ਼ ਮੋਰਚੇ ਨੇ ਨੈਸ਼ਨਲ ਹਾਈਵੇ-54 ਨੂੰ ਜਾਮ ਕਰ ਦਿੱਤਾ। ਡੇਢ ਸੌ ਦਿਨਾਂ ਤੋਂ ਬਹਿਬਲਕਲਾਂ ਗੋਲੀਕਾਂਡ ਵਾਲੀ ਥਾਂ ’ਤੇ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਅਤੇ ਸਾਧੂ ਸਿੰਘ ਇਨਸਾਫ਼ ਮੋਰਚਾ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੋਰਚੇ ਨੇ ਸਰਕਾਰ ਨੂੰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਅਦ 31 ਮਾਰਚ ਨੂੰ ਹੀ 6 ਅਪ੍ਰੈਲ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਕੌਮੀ ਮਾਰਗ ’ਤੇ ਪੱਕਾ ਮੋਰਚਾ ਬਣਾ ਕੇ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ।

ਮੋਰਚੇ ਵਿੱਚ ਪਹੁੰਚੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਛੋਟੇ ਭਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਅਹਿਮ ਮਸਲੇ ਨੂੰ ਹੱਲ ਕਰਦੇ ਹਨ ਤਾਂ ਸਮੁੱਚੀ ਸਿੱਖ ਕੌਮ ਉਨ੍ਹਾਂ ਦੀ ‘ਜੈ-ਜੈ ਕਾਰ’ ਕਰੇਗੀ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਇੱਥੇ ਲੋਕਾਂ ਦੀ ਗਿਣਤੀ 500-700 ਹੈ ਪਰ ਜਿਸ ਦਿਨ ਇਹ ਗਿਣਤੀ 7 ਲੱਖ ਹੋ ਜਾਵੇਗੀ, ਸਰਕਾਰ ਦਬਾਅ ਵਿੱਚ ਆ ਜਾਵੇਗੀ ਅਤੇ ਉਸ ਨੂੰ ਕਾਰਵਾਈ ਕਰਨੀ ਪਵੇਗੀ।

14 ਅਕਤੂਬਰ 2015 ਨੂੰ ਬਹਿਬਲਕਲਾਂ ਗੋਲੀਬਾਰੀ ਵਿੱਚ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਨੇ ਕਿਹਾ ਕਿ ਇਹ ਲੜਾਈ ਉਨ੍ਹਾਂ ਦੀ ਨਿੱਜੀ ਨਹੀਂ ਸਗੋਂ ਸਮੁੱਚੇ ਸਿੱਖ ਭਾਈਚਾਰੇ ਦੀ ਹੈ ਕਿਉਂਕਿ ਮਾਮਲਾ ਗੁਰੂ ਮਹਾਰਾਜ ਦੀ ਬੇਅਦਬੀ ਦਾ ਸੀ। ਅਜਿਹੇ ਵਿੱਚ ਗੁਰੂ ਮਹਾਰਾਜ ਨੂੰ ਮੰਨਣ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਥਕ ਆਗੂਆਂ ਨੇ ਕਿਹਾ ਕਿ ਪਿਛਲੇ ਮੋਰਚੇ ਵਿੱਚ ਕੁਝ ਗੜਬੜੀਆਂ ਸਨ ਤੇ ਕੁਝ ਸੱਤਾਧਾਰੀ ਧਿਰ ਦੇ ਨੇੜੇ ਹੋ ਗਏ ਸਨ। ਇਸ ਵਾਰ ਅਜਿਹਾ ਨਹੀਂ ਹੋਵੇਗਾ, ਉਹ ਇਨਸਾਫ਼ ਹੀ ਮੰਨਣਗੇ। ਇਸ ਦੌਰਾਨ ਇੱਕ ਬੁਲਾਰੇ ਨੇ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲਿਆ ਕਿ ਕਾਂਗਰਸ ਸਰਕਾਰ ਨੇ ਵੀ ਪੰਜ ਸਾਲ ਇਸ ਮੁੱਦੇ ‘ਤੇ ਸਿਆਸਤ ਤੋਂ ਸਿਵਾਏ ਕੁਝ ਨਹੀਂ ਕੀਤਾ।

ਦੂਜੇ ਪਾਸੇ ਸੁਰੱਖਿਆ ਦੇ ਮੱਦੇਨਜ਼ਰ ਫਰੀਦਕੋਟ ਦੇ ਐਸ.ਏ.ਸੀ ਵਰੁਣ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਮੌਜੂਦ ਸਨ, ਸੁਰੱਖਿਆ ਨੂੰ ਬਰਕਰਾਰ ਰੱਖਣ ਲਈ 450 ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਮੌਕੇ ‘ਤੇ ਤਾਇਨਾਤ ਕੀਤੇ ਗਏ ਹਨ। ਇਹਤਿਆਤ ਵਜੋਂ ਪੁਲਿਸ-ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇਅ ਦਾ ਰੂਟ ਮੋੜ ਦਿੱਤਾ ਗਿਆ ਹੈ ਤਾਂ ਜੋ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment