ਨਵਜੋਤ ਸਿੱਧੂ ਨਾਲ ਗੈਰ ਰਸਮੀ ਇੱਕ ਮੁਲਾਕਾਤ!

Global Team
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਨਵਜੋਤ ਸਿੱਧੂ ਕਾਂਗਰਸ ਦੇ ਸਾਬਕਾ ਪ੍ਰਧਾਨ ਨਹੀਂ ਥਿੜਕਣਗੇ ਅਤੇ ਨਾ ਹੀ ਝਿਝਕਣਗੇ! ਅੱਜ ਪਟਿਆਲਾ ਵਿਖੇ ਉਨਾਂ ਦੀ ਰਹਾਇਸ਼ ਤੇ ਸੰਖੇਪ ਜਿਹੀ ਮੁਲਾਕਾਤ ਦਾ ਸਬੱਬ ਬਣ ਗਿਆ। ਮੇਰੇ ਨਾਲ ਸਾਡੇ ਗਲੋਬਲ ਪੰਜਾਬ ਟੀ ਵੀ ਦੇ ਸੀਨੀਅਰ ਨਵਦੀਪ ਸਿੰਘ ਵੀ ਸਨ। ਤੁਹਾਨੂੰ ਸਾਰਿਆਂ ਨੂੰ ਇੱਕ ਅਨੁਭਵ ਜਰੂਰ ਹੋਵੇਗਾ ਕਿ ਜੇਕਰ ਬਾਹਰ ਝੱਖੜ, ਹਨੇਰੀ ਚੱਲ ਰਹੀ ਹੋਵੇ ਅਤੇ ਕੁਝ ਸਾਫ ਦਿਖਾਈ ਨਾਂ ਦੇ ਰਿਹਾ ਹੋਵੇ ਤਾਂ ਘਰ ਦੇ ਅੰਦਰ ਦਾਖਲ ਹੁੰਦੇ ਹੀ ਸਾਰਾ ਕੁਝ ਬਦਲ ਜਾਂਦਾ ਹੈ। ਨਾਂ ਹਨੇਰੀ ਅਤੇ ਨਾਂ ਝੱਖੜ। ਇਕਦਮ ਸ਼ਾਂਤ ਮਹੌਲ। ਅਜਿਹਾ ਹੀ ਕੁਝ ਨਵਜੋਤ ਸਿੱਧੂ ਨਾਲ ਮੁਲਾਕਾਤ ਵੇਲੇ ਮਹਿਸੂਸ ਹੋਇਆ। ਉਹ ਆਪਣੇ ਬੈੱਡਰੂਮ ਵਿੱਚ ਸੋਫੇ ਤੇ ਅਰਾਮ ਨਾਲ ਬੈਠੇ ਕੁਝ ਫਰੂਟ ਵਗੈਰਾ ਖਾ ਰਹੇ ਸਨ। ਸਾਨੂੰ ਉਨਾਂ ਨੇ ਚਾਹ ਜਾਂ ਕੌਫੀ ਦੀ ਪੇਸ਼ਕਸ਼ ਕੀਤੀ ਜੋ ਸੁਭਾਵਿਕ ਅਸੀਂ ਹਾਂ ਕਰ ਦਿੱਤੀ। ਉਨਾਂ ਦਾ ਮੀਡੀਆ ਦਾ ਕੰਮ ਵੇਖ ਰਹੇ ਨੌਜਵਾਨ ਆਗੂ ਸ਼ੈਰੀ ਵਲੋਂ ਕੋਈ ਕੋਈ ਸਿੱਧੂ ਲਈ ਫੋਨ ਵੀ ਮਿਲਾਇਆ ਜਾ ਰਿਹਾ ਸੀ। ਉਨਾਂ ਦੇ ਕੁਝ ਮਹੀਨੇ ਪਹਿਲਾਂ ਵਿਆਹੇ ਬੇਟੇ ਨੇ ਵੀ ਕੁਝ ਸੈਕਿੰਡ ਆਕੇ ਆਪਣੇ ਪਾਪਾ ਨਾਲ ਹਾਸੇ ਦੀ ਰੰਗਤ ਨਾਲ ਗੱਲ ਕੀਤੀ ਅਤੇ ਚਲੇ ਗਏ।

ਸਿੱਧੂ ਨੇ ਸਾਡੇ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਹੁਤ ਹੀ ਆਨੰਦ ਵਾਲੇ ਮੂਡ ਨਾਲ ਬੈਠਾ ਹਾਂ। ਉਹਨਾਂ ਨੇ ਆਪਣੇ ਕੁਝ ਮਿੱਤਰਾਂ ਨਾਲ ਸਾਡੇ ਬਾਅਦ ਮਿਲਣਾ ਵੀ ਸੀ। ਮੈਂ ਬੜੈ ਗਹੁ ਨਾਲ ਸਿੱਧੂ ਦੇ ਚੇਹਰੇ ਵੱਲ ਵੇਖਿਆ। ਕੋਈ ਸ਼ਿਕਨ, ਤਣਾਅ ਨਜ਼ਰ ਨਹੀਂ ਆਇਆ। ਮੈਂ ਵੇਖ ਰਿਹਾ ਸੀ ਕਿ ਉਹਨਾਂ ਦੇ ਘਰ ਅਉਣ ਤੋਂ ਪਹਿਲਾਂ ਜਿਹਾ ਕੁਝ ਮੀਡੀਆ ਵਿੱਚ ਪੜਕੇ, ਵੇਖਕੇ ਆਇਆ ਸੀ, ਉਸ ਵਿਚੋਂ ਕੋਈ ਝਲਕ ਸਿੱਧੂ ਦੇ ਚੇਹਰੇ ‘ਤੇ ਨਹੀਂ ਸੀ। ਬਾਹਰ ਦਾ ਝੱਖੜ ਮੀਡੀਆ ਵਿੱਚ ਕੀ ਸੀ? ਕੋਈ ਆਖ ਰਿਹਾ ਹੈ ਕਿ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਜਾਵੇਗਾ। ਕੋਈ ਕਹਿ ਰਿਹਾ ਹੈ ਕਿ ਅਨੁਸ਼ਾਸਨ ਸਾਰਿਆਂ ਉੱਪਰ ਲਾਗੂ ਹੋਵੇਗਾ। ਕਿਸੇ ਟੀਵੀ ਚੈਨਲ ਦਾ ਐਂਕਰ ਚੀਖ ਚੀਖ ਕੇ ਆਖ ਰਿਹਾ ਹੈ ਕਿ ਸਿੱਧੂ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਕੋਈ ਸਿੱਧੂ ਦੀ ਲਾਈਨ ਬੋਲਦਾ ਹੈ—ਨਾ ਮੈਂ ਗਿਰਾ, ਨਾ ਮੇਰੀ ਉਮੀਦੋਂ ਕਾ ਕੋਈ ਮੀਨਾਰ ਗਿਰਾ ਪਰ, ਮੁਝੇ ਗਿਰਾਨੇ ਕੀ ਕੋਸ਼ਿਸ਼ ਮੈਂ ਹਰ ਸਖਸ਼ ਬਾਰ ਬਾਰ ਬਾਰ ਗਿਰਾ। ਕੋਈ ਹੋਰ ਕਿਸੇ ਨੇਤਾ ਦੀ ਟਿੱਪਣੀ ਵਾਰ ਵਾਰ ਚਲਾਉਂਦਾ ਹੈ ਜੋ ਕਿ ਸਿੱਧੀ ਜਾਂ ਅਸਿਧੀ ਸਿੱਧੂ ਨੂੰ ਸੰਬੋਧਤ ਹੁੰਦੀ ਹੈ। ਇਹ ਸਾਰਾ ਕੁਝ ਉਸ ਤੂਫਾਨ/ ਹਨੇਰੀ ਦਾ ਹਿੱਸਾ ਹੈ ਜੋ ਕਿ ਰਾਜਸੀ ਸਮੀਖਿਕ ਆਏ ਦਿਨ ਚਿਤਵਦੇ ਹਨ। ਨਵਾਂ ਦਿਨ ਨਵੀਂ ਸਮੀਖਿਆ ਨਾਲ ਚੜ੍ਹਦਾ ਹੈ।

ਅਜਿਹਾ ਵੀ ਨਹੀਂ ਹੈ ਕਿ ਸਿੱਧੂ ਨੇ ਕੋਈ ਰਾਜਸੀ ਗੱਲ ਨਹੀਂ ਕੀਤੀ। ਸਿੱਧੂ ਨੇ ਨਿਤੀਸ਼ ਕੁਮਾਰ ਦੇ ਨੌਵੀਂ ਵਾਰ ਮੁੱਖ ਮੰਤਰੀ ਬਨਣ ਅਤੇ ਗਠਜੋੜ ਨੂੰ ਝਟਕਾ ਦੇਣ ਦੀ ਗੱਲ ਕੀਤੀ। ਬੰਗਾਲ ਦੀ ਗੱਲ ਹੋਈ। ਉਹਨਾਂ ਨੇ ਪੰਜਾਬ ਦਾ ਜ਼ਿਕਰ ਕੀਤਾ ਕਿ ਗਠਜੋੜ ਕਿਉਂ ਜਰੂਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਾਰਟੀ ਵਿਚੋਂ ਕੱਢਣ ਦੀਆਂ ਗੱਲਾਂ ਕਰਨ ਵਾਲੇ ਕਿਸੇ ਹੋਰ ਪਾਰਟੀ ਨਾਲ ਅੱਖ ਮਟੱਕਾ ਤਾਂ ਨਹੀਂ ਲਾ ਰਹੇ? ਉਹ ਮੀਡੀਆ ਨਾਲ ਹੋਈਆਂ ਮੁਲਾਕਾਤਾਂ ਦੇ ਪੰਜਾਬੀਆਂ ਵਲੋਂ ਮਿਲ ਰਹੇ ਵੱਡੇ ਹੁੰਗਾਰੇ ਨੂੰ ਸਾਂਝਾ ਕਰਦੇ ਹਨ। ਉਹ ਆਖਦੇ ਹਨ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਡੱਟ ਕੇ ਕਰਦਾ ਹੈ ਅਤੇ ਕਰਦਾ ਰਹੇਗਾ। ਉਹਨਾਂ ਨੂੰ ਆਪਣੀਆਂ ਗੱਲਾਂ ਦੇ ਸੱਚ ਉੱਪਰ ਰੱਬ ਜਿੰਨਾ ਭਰੋਸਾ ਹੈ ਜਦੋਂ ਇਹ ਆਖਦਾ ਹੈ ਕਿ ਪੋਹ ਮਾਘ ਦੀਆਂ ਧੁੰਦਾਂ ਵਿੱਚ ਵੀ ਲੋਕ ਖੇਸੀਆਂ ਦੀਆਂ ਬੁੱਕਲਾਂ ਮਾਰਕੇ ਉਸ ਨੂੰ ਸੁਣਨ ਆਉਂਦੇ ਹਨ ਤਾਂ ਉਹ ਧੁਰ ਅੰਦਰ ਤੱਕ ਹਿੱਲ ਜਾਂਦਾ ਹੈ ਕਿ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢੇਗਾ ਕੌਣ? ਜਦੋਂ ਉਹ ਅਜਿਹਾ ਸੋਚਕੇ ਘਰੋਂ ਬਾਹਰ ਨਿਕਲਦਾ ਹੈ ਤਾਂ ਬਾਹਰ ਉਹ ਹੀ ਤੂਫਾਨ ਹਨੇਰੀ ਚਲ ਰਹੀ ਹੁੰਦੀ ਹੈ…!

Share This Article
Leave a Comment