ਪੰਜਾਬ ਦਾ ਜ਼ਹਿਰੀਲਾ ਪਾਣੀ ਅਤੇ ਪੰਜਾਬੀ ਸਭਿਅਤਾ ਦਾ ਉਜਾੜਾ

TeamGlobalPunjab
11 Min Read

-ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਬਾਰੇ ਇਕ ਦਿਲ ਦਹਿਲਾ ਦੇਣ ਵਾਲੀ ਰਿਪੋਰਟ ਛਪੀ ਹੈ, ਜਿਸ ਅਨੁਸਾਰ ਪੰਜਾਬ ਦਾ 92 ਫ਼ੀਸਦੀ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਪੰਜਾਬ ਦੇ ਪਾਣੀਆਂ ’ਚ ਉੱਚ ਜ਼ਹਿਰੀਲੇ ਸੰਖੀਏ ਵਾਲੇ ਤੱਤ (ਆਰਸੈਨਿਕ) ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਆਰਸੈਨਿਕ ਆਪਣੇ ਅਜੀਵ ਰੂਪ ਚ’ ਬਹੁਤ ਜ਼ਹਿਰੀਲਾ ਹੈ, ਜਿਸ ’ਚ ਪੀਣ ਵਾਲੇ ਪਾਣੀ ਤੇ ਭੋਜਨ ਦੇ ਤੱਤਾਂ ਦੇ ਲੰਬੇ ਸਮੇਂ ਤੱਕ ਇਹਨਾਂ ਦੇ ਸੰਪਰਕ ’ਚ ਰਹਿਣ ਦੇ ਚੱਲਦੇ ਕੈਂਸਰ ਤੇ ਚਮੜੀ ਰੋਗਾਂ ਸਮੇਤ ਹੋਰ ਸਰੀਰਕ ਬਿਮਾਰੀਆਂ ਹੋ ਸਕਦੀਆਂ ਹਨ।

ਪੰਜਾਬ ਦੇ ਵਸਨੀਕਾਂ ਨੂੰ ਜ਼ਹਿਰੀਲੇ ਤੱਤਾਂ ਦੇ ਅਸਰ ਦਾ ਪਹਿਲਾਂ ਹੀ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ, ਅਬੋਹਰ-ਬਠਿੰਡਾ (ਪੰਜਾਬ) ਤੋਂ ਜੋਧਪੁਰ-ਬੀਕਾਨੇਰ (ਰਾਜਸਥਾਨ) ਜਾਂਦੀ “ਕੈਂਸਰ ਟਰੇਨ“ ਵਿੱਚ 30 ਫੀਸਦੀ ਕੈਂਸਰ ਦੇ ਮਰੀਜ਼ ਹੁੰਦੇ ਹਨ। ਜਿਹੜੇ ਖਾਸ ਤੌਰ ਤੇ ਮਾਨਸਾ, ਬਠਿੰਡਾ, ਫਰੀਦਕੋਟ, ਸੰਗਰੂਰ, ਮੋਗਾ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ ਨਾਲ ਸੰਬੰਧਤ ਹਨ। ਇਹ ਪੰਜਾਬ ਦੇ ਮਾਲਵਾ ਖਿੱਤੇ ਦੇ ਲੋਕਾਂ ਦੇ ਕੈਂਸਰ ਰੋਗ ਤੋਂ ਪੀੜਤ ਹੋਣ ਦੀ ਵੱਡੀ ਦਾਸਤਾਨ ਹਨ। ਇਹ ਮਰੀਜ਼ ਅਚਾਰੀਆ ਤੁਲਸੀ ਡਿਜਟਲ ਕੈਂਸਰ ਹੌਸਪੀਟਲ ਐਂਡ ਰੀਸਰਚ ਸੈਂਟਰ ਬੀਕਾਨੇਰ ’ਚ ਇਲਾਜ ਲਈ ਜਾਂਦੇ ਹਨ ਪਰ ਕਰੋਨਾ ਕਾਰਨ ਹੁਣ ਐਡਵਾਂਸ ਕੈਂਸਰ ਇਨਸਟੀਚੀਊਟ ਐਂਡ ਹੋਮੀ ਭਾਬਾ ਕੈਂਸਰ ਹੌਸਪੀਟਲ ਸੰਗਰੂਰ ’ਚ ਇਲਾਜ ਲਈ ਪੁੱਜਦੇ ਹਨ।

ਪੰਜਾਬ ਦਾ ਮਾਲਵਾ ਖਿੱਤਾ ਇਹੋ ਜਿਹਾ ਹੈ, ਜਿਥੇ ਖੇਤੀ ਪੈਦਾਵਾਰ ਲਈ ਵਧੇਰੇ ਕੈਮੀਕਲਾਂ ਜਿਹਨਾਂ ਵਿੱਚ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ, ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੀਆਂ 15 ਕੀੜੇਮਾਰ ਦਵਾਈਆਂ ਪੰਜਾਬ ਦੇ ਖੇਤਾਂ ਵਿੱਚ ਖੇਤੀ ਪੈਦਾਵਾਰ ਲਈ ਵਰਤੀਆਂ ਜਾਂਦੀਆਂ ਹਨ, ਯੂ.ਐਸ.ਏ. ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਉਹਨਾਂ ਵਿੱਚੋਂ 7 ਕੀੜੇਮਾਰ ਦਵਾਈਆਂ ਪੀਣ ਵਾਲੇ ਪਾਣੀ ਲਈ ਘਾਤਕ ਹਨ। ਬਿਨਾਂ ਸ਼ੱਕ ਪੰਜਾਬ ਨੂੰ ਇਸ ਵੇਲੇ ਅਫੀਮ, ਚਿੱਟੇ ਅਤੇ ਸਮੈਕ ਨੇ ਮਧੋਲਿਆ ਹੋਇਆ ਹੈ, ਪਰ ਪੀਣ ਵਾਲੇ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਿਤ ਹਵਾ ਨੇ ਤਾਂ ਪੰਜਾਬ ਨੂੰ ਪੰਜ+ਆਬ ਹੀ ਨਹੀਂ ਰਹਿਣ ਦਿੱਤਾ ਸਗੋਂ ਇੱਕ ਜ਼ਹਿਰੀਲੇ ਖਿੱਤੇ ਵਿੱਚ ਤਬਦੀਲ ਕਰ ਦਿੱਤਾ ਹੋਇਆ ਹੈ।

- Advertisement -

ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦੇ ਬੰਜਰ ਹੋਣ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਹੀ ਡੂੰਘਾ ਚਲਾ ਗਿਆ ਹੈ , ਜਿਸਦੀ ਬਦੌਲਤ ਅਧਿਐਨ ਵੇਲੇ ਦੇ ਪੰਜਾਬ ਦੇ 138 ਬਲਾਕਾਂ ਵਿੱਚੋਂ 109 ਬਲਾਕ ਤਾਂ ਅਤਿ ਸ਼ੋਸ਼ਤ ਖਿੱਤੇ ਵਿੱਚ ਚਲੇ ਗਏ ਹਨ। ਕੁਝ ਕੁ ਹੋਰ ਸੇਮ ਦੇ ਮਾਰੇ ਹਨ। ਪੰਜਾਬ ਦੀ ਰੁਮਕਦੀ ਪੌਣ ਪਲੀਤ ਹੋ ਚੁੱਕੀ ਹੈ ਅਤੇ ਖੇਤੀਬਾੜੀ ਦੇ ਉਦਯੋਗਿਕ ਮਾਡਲ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਢਾਅ ਲਾਈ ਹੈ। ਤੰਦਰੁਸਤ ਤੇ ਰਿਸ਼ਟ-ਪੁਸ਼ਟ ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀਆਂ ਦੇ ਘਰਾਂ ਵਿੱਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਰੋਗਾਂ ਨੇ ਪੈਰ ਪਸਾਰ ਲਏ ਹਨ।

ਧਰਤੀ ਹੇਠਲੇ ਪਾਣੀ ਦੀ ਖੇਤੀ ਲਈ ਉਪਲੱਬਭਤਾ ਔਖੀ ਹੋਣ ਅਤੇ ਖੇਤੀ ਲਈ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਲੋੜੋਂ ਵੱਧ ਵਰਤੋਂ ਨੇ ਪੰਜਾਬ ਦੇ ਪਾਣੀਆਂ ’ਚ ਜ਼ਹਿਰ ਹੀ ਨਹੀਂ ਘੋਲੀ ਸਗੋਂ ਸ਼ਹਿਰਾਂ ਦੀਆਂ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ, ਘਰਾਂ ਵਿੱਚੋਂ ਨਿਕਲਦੇ ਗੰਦੇ ਪਾਣੀ (ਸੀਵਰੇਜ ਵਾਟਰ) ਨੇ ਵੀ ਇਸ ਵਿੱਚ ਵਾਧਾ ਕੀਤਾ ਹੈ। ਸਰਕਾਰੀ ਰਿਪੋਰਟਾਂ ਅਨੁਸਾਰ ਧਰਤੀ ਹੇਠਲਾ 60 ਮੀਟਰ ਡੂੰਘਾਈ ਤੱਕ ਦਾ 50 ਤੋਂ 60 ਫੀਸਦੀ ਪਾਣੀ, ਪੰਜਾਬ ਦੇ ਅੰਮਿ੍ਰਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਰੋਪੜ, ਲੁਧਿਆਣੇ, ਫਤਹਿਗੜ੍ਹ ਸਾਹਿਬ ਮੁਹਾਲੀ ਜ਼ਿਲਿਆਂ ਦਾ, ਸਾਫ-ਸੁਥਰਾ ਤੇ ਪੀਣ ਯੋਗ ਹੈ ਅਤੇ ਜਦਕਿ ਲਗਭਗ 20 ਤੋਂ 30 ਫੀਸਦੀ ਤਰਨਤਾਰਨ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ ਦਾ ਪਾਣੀ ਸਲੂਣਾ ਅਤੇ ਠੀਕ-ਠੀਕ ਪੱਧਰ ਦਾ ਹੈ। ਪਰ ਮੁਕਤਸਰ, ਬਠਿੰਡਾ, ਮਾਨਸਾ ਅਤੇ ਸੰਗਰੂਰ ਦਾ 15 ਤੋਂ 25 ਫੀਸਦੀ ਧਰਤੀ ਹੇਠਲਾ ਪਾਣੀ ਸਲੂਣਾ, ਅਲਕਲੀ ਭਰਪੂਰ ਹੈ ਜੋ ਕਿ ਸਿੰਚਾਈ ਲਈ ਵੀ ਦਰੁਸਤ ਨਹੀਂ ਹੈ।ਪੰਜਾਬ ’ਚ ਵੇਖਿਆ ਜਾ ਰਿਹਾ ਇਹ ਜ਼ਹਿਰੀਲਾ ਪਾਣੀ ਅੱਜ ਦੀ ਨਹੀਂ ਸਗੋਂ ਦਹਾਕਿਆਂ ਤੋਂ ਵੱਡੀ ਸਮੱਸਿਆ ਹੈ, ਕਿਉਂਕਿ ਪੰਜਾਬ ਦੀ ਧਰਤੀ ਹੇਠਲੇ ਪਾਣੀਆਂ ਦੀ ਲਗਾਤਾਰ ਦੁਰਵਰਤੋਂ ਹੋਈ ਹੈ।

ਬੁੱਢਾ ਨਾਲਾ, ਲੁਧਿਆਣਾ ਜੋ ਕਦੇ ਲੁਧਿਆਣਾ ਦੇ ਨਜ਼ਦੀਕ ਵਗਦਾ ਹੈ ਸਾਫ ਸੁਥਰੇ ਪਾਣੀ ਦਾ ਸੋਮਾ ਸੀ, ਜਿਥੇ ਲੋਕ ਪਸ਼ੂਆਂ ਨੂੰ ਪਾਣੀ ਪਿਆਉਂਦੇ ਸਨ, ਕੱਪੜੇ ਧੋਂਦੇ ਸਨ, ਕਈ ਘਰਾਂ ’ਚ ਪੀਣ ਲਈ ਵਰਤਦੇ ਸਨ, ਅੱਜ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਾ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੀ ਇੰਡਸਟਰੀ ਦਾ ਕੈਮੀਕਲ ਅਤੇ ਹੋਰ ਗੰਦਮੰਦ ਇਸ ਨਾਲੇ ਵਿੱਚ ਪੈਂਦਾ ਹੈ ਜਿਹੜਾ ਅੱਗੋਂ ਦਰਿਆ ਸਤਲੁਜ ਵਿਚ ਪੈਂਦਾ ਹੈ ਅਤੇ ਸਤਲੁਜ ਦਰਿਆ ਤੋਂ ਨਿਕਲਦੀਆਂ ਨਹਿਰਾਂ ਜੋ ਫਿਰੋਜ਼ਪੁਰ, ਮਲੋਟ, ਜੀਰਾ ਆਦਿ ਪੁੱਜਦੀਆਂ ਹਨ, ’ਚ ਪੈਂਦਾ ਹੈ ਤਾਂ ਪਾਣੀ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰਦੇ ਹੈ। ਇਸੇ ਤਰ੍ਹਾਂ ਕਾਲੀ ਬੇਂਈ ਸੁਲਤਾਨਪੁਰ ਲੋਧੀ ਜੋ ਸਾਫ ਸੁਥਰੇ ਪਾਣੀ ਦਾ ਇਕ ਸੋਮਾ ਸੀ, ਅਤੇ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਪਵਿੱਤਰ ਬੇਂਈ ਵਿਚ ਗੁਰੂ ਨਾਨਕ ਦੇਵ ਦੀ ਇਸ਼ਨਾਨ ਕਰਿਆ ਕਰਦੇ ਸਨ, ਉਸ ਬੇਂਈ ਦੇ ਮੁੱਢ ਤੋਂ ਸੁਲਤਾਨਪੁਰ ਲੋਧੀ ਤੱਕ ਪੈਂਦੇ ਪਿੰਡਾਂ ਸ਼ਹਿਰਾਂ ਦਾ ਗੰਦਾ ਪਾਣੀ ਇਸ ਬੇਂਈ ਵਿੱਚ ਰਲਾ ਦਿੱਤਾ ਗਿਆ ਹੈ, ਜਿਸ ਨਾਲ ਇਹ ਬੇਂਈ ਪੂਰੀ ਤਰ੍ਹਾਂ ਦੂਸ਼ਿਤ ਹੋਈ। ਇਹੋ ਹਾਲ ਬੰਗਾ-ਨਵਾਂਸ਼ਹਿਰ ਤੋਂ ਆਉਂਦੀ ਚਿੱਟੀ ਬੇਈਂ ਅਤੇ ਫਗਵਾੜਾ ਦੇ “ਗੰਦੇ ਨਾਲੇ“ ਦਾ ਹੈ, ਜਿਥੇ ਸ਼ਹਿਰਾਂ ’ਚ ਲਗਾਈਆਂ ਫੈਕਟਰੀਆਂ ਦਾ ਗੰਦਾ ਪਾਣੀ ਸਾਫ ਸੁਥਰੇ ਪਾਣੀਆਂ ਨੂੰ ਦੂਸ਼ਿਤ ਕਰਦਾ ਹੈ।

ਭਾਵੇਂ ਕਿ ਸਮੇਂ-ਸਮੇਂ ਉਤੇ ਗੰਦੇ ਪਾਣੀ ਨੂੰ ਟਰੀਟ ਕਰਕੇ ਖੇਤੀਬਾੜੀ ਦੀ ਵਰਤੋਂ ਲਈ ਪੰਜਾਬ ਸਰਕਾਰ ਵਲੋਂ ਕਦਮ ਪੁੱਟੇ ਜਾ ਰਹੇ ਹਨ। ਪੰਜਾਬ ਦਾ ਪੌਲਿਊਸ਼ਨ ਕੰਟਰੋਲ ਬੋਰਡ ਕੈਮੀਕਲ ਯੁਕਤ ਪਾਣੀ ਨੂੰ ਟਰੀਟ ਕਰਨ ਲਈ ਕਾਰਖ਼ਾਨਿਆਂ, ਮਿੱਲਾਂ, ਫਾਊਂਡਰੀਆਂ ਉਤੇ ਕਰੜੀ ਨਜ਼ਰ ਰੱਖ ਰਿਹਾ ਹੈ, ਪਰ ਇਸ ਮਾਮਲੇ ਉਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਨਾ ਕਰਨ ਕਰਕੇ, ਲਗਾਏ ਗਏ ਟਰੀਟਮੈਂਟ ਪਲਾਂਟਾਂ ਨੂੰ ਨਾ ਚਲਾਕੇ, ਉਦਯੋਗਪਤੀ ਖ਼ਰਚ ਬਚਾ ਲੈਂਦੇ ਹਨ। ਗੰਨਾ ਮਿੱਲਾਂ ਦੀਆਂ ਸਿਰਫ਼ ਚਿਮਨੀਆਂ ਰਾਹੀਂ ਧੂੰਆਂ ਹੀ ਨਹੀਂ ਛੱਡਦੀਆਂ ਆਪਣਾ ਕੈਮੀਕਲ ਯੁਕਤ ਪਾਣੀ ਸ਼ਹਿਰਾਂ ਦੇ ਸੀਵਰੇਜ ਪਾਣੀ ‘ਚ ਰਲਾਕੇ ਗੰਦੇ ਪਾਣੀ ਨੂੰ ਹੋਰ ਗੰਦਾ ਕਰ ਰਹੀਆਂ ਹਨ। ਪਿਛਲੇ ਦਿਨੀਂ ਹਮੀਰੇ ਦੀ ਸ਼ਰਾਬ ਫੈਕਟਰੀ ‘ਚੋਂ ਨਿਕਲਿਆ ਪ੍ਰਦੂਸ਼ਤ ਪਾਣੀ ਮੱਛੀਆਂ ਅਤੇ ਹੋਰ ਜੀਵਾਂ ਦਾ ਕਾਰਨ ਬਣਿਆ, ਇਸ ਦੀ ਵੱਡੀ ਚਰਚਾ ਵੀ ਹੋਈ। ਚਿੱਟੀ ਬੇਂਈ ਅਤੇ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਲਹਿਰ ਵਾਂਗਰ ਕੁਝ ਵਾਤਾਵਰਨ ਪ੍ਰੇਮੀਆਂ ਨੇ ਯਤਨ ਵੀ ਕੀਤਾ। ਮੌਜੂਦਾ ਪੰਜਾਬ ਸਰਕਾਰ ਨੇ ਸਟੇਟ ਵਾਟਰ ਅਥਾਰਟੀ ਵੀ ਕਾਇਮ ਕੀਤੀ, ਜਿਸ ਵਲੋਂ ਘਰੇਲੂ, ਖੇਤੀ, ਇੰਡਸਟਰੀ ਅਤੇ ਹੋਰ ਕੰਮਾਂ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਦੀ ਗੱਲ ਵੀ ਕੀਤੀ ਗਈ ਹੈ ਪਰ ਆਈ.ਟੀ.ਆਈ. ਖੜਗਪੁਰ ਵਲੋਂ ਹੁਣੇ ਪ੍ਰਕਾਸ਼ਿਤ ਹੋਈ ਰਿਪੋਰਟ ਦਿਖਾਉਂਦੀ ਹੈ ਕਿ ਇਸ ਸੰਬੰਧੀ ਗੋਹੜੇ ’ਚੋਂ ਪੂਣੀ ਵੀ ਨਹੀਂ ਕੱਤੀ ਗਈ।

ਅਸਲ ’ਚ ਧਰਤੀ ਉਪਰਲਾ ਪਾਣੀ ਜਦੋਂ ਧਰਤੀ ’ਚ ਸਿੰਮਦਾ ਹੈ, ਉਹ ਧਰਤੀ ਤੇ ਫੈਲੇ ਦਵਾਈਆਂ ਖਾਦਾਂ ਦੇ ਜ਼ਹਿਰ ਨੂੰ ਵੀ ਆਪਣੇ ’ਚ ਜ਼ਜਬ ਕਰਦਾ ਹੈ। ਜਦੋਂ ਇਹ ਪਾਣੀ ਧਰਤੀ ਹੇਠਲੇ ਪੱਧਰ ਤੱਕ ਪੁੱਜਦਾ ਹੈ ਤਾਂ ਆਪਣੇ ਵਿੱਚ ਉਹ ਸਾਰੇ ਕਣ ਜ਼ਜਬ ਕਰਦਾ ਹੈ, ਜੋ ਧਰਤੀ ’ਚ ਸਿਮਕੇ ਉਸ ਤੱਕ ਪੁੱਜਦੇ ਹਨ। ਜੇਕਰ ਧਰਤੀ ਉਪਰਲਾ ਪਾਣੀ ਗੰਦਲਾ ਹੋਏਗਾ, ਨਿਕੰਮਾ ਹੋਏਗਾ, ਤਾਂ ਧਰਤੀ ਹੇਠਲਾ ਪਾਣੀ ਵੀ ਗੰਦਾ ਹੋਏਗਾ। ਜਿਸ ਨੂੰ ਜਦੋਂ ਅਸੀਂ ਪੰਪਾਂ ਰਾਹੀਂ ਬਾਹਰ ਕੱਢਕੇ ਪੀਂਦੇ ਹਾਂ ਤਾਂ ਇਹ ਸਾਡੀ ਸਿਹਤ ਉੱਤੇ ਬੁਰਾ ਅਸਰ ਕਰਦਾ ਹੈ। ਇਹੋ ਪਾਣੀ ਜਦੋਂ ਖੇਤੀ ਲਈ ਵਰਤਦੇ ਹਾਂ ਤਾਂ ਇਹ ਘੁੰਮਦਾ ਘੁੰਮਾਉਂਦਾ- ਪੌਦਿਆਂ, ਜਾਨਵਰਾਂ, ਮਨੁੱਖਾਂ ਦੀ ਸਿਹਤ ਲਈ ਹਾਨੀਕਾਰਕ ਬਣਦਾ ਹੈ। ਪੰਜਾਬ ਦੇ ਹਰੇ ਇਨਕਲਾਬ ਨੇ ਪੰਜਾਬ ‘ਚ ਪਾਣੀ ਦੀ ਵੱਧ ਜ਼ਰੂਰਤ ਪੈਦਾ ਕੀਤੀ ਅਤੇ ਧਰਤੀ ਹੇਠਲਾ ਵੱਧ ਪਾਣੀ ਸਿੰਚਾਈ ਲਈ ਵਰਤਿਆਂ।

- Advertisement -

ਕਦੇ ਪੰਜਾਬ ’ਚ ਛੱਪੜਾਂ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ, ਨਹਿਰਾਂ ਦਾ ਪਾਣੀ ਵੀ ਸਾਫ ਸੁਥਰਾ ਹੁੰਦਾ ਸੀ। ਹੁਣ ਨਾ ਪਿੰਡਾਂ ਦੇ ਛੱਪੜ ਗੰਦਗੀ ਤੋਂ ਬਚੇ ਹਨ, ਨਾ ਨਹਿਰਾਂ, ਨਾ ਪਿੰਡਾਂ ਦੇ ਲਗਲੀਆਂ ਝੀਲਾਂ ਪ੍ਰਦੂਸ਼ਣ ਤੋਂ ਬਚੀਆਂ ਹਨ ਅਤੇ ਨਾ ਹੀ ਸ਼ਹਿਰਾਂ ਦੇ ਨਜ਼ਦੀਕ ਵਗਦੇ ਨਾਲੇ-ਖਾਲੇ। ਹੁਣ ਤਾਂ ਪਹਾੜਾਂ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਨ ਤੋਂ ਮਨੁੱਖ ਨੇ ਗੁਰੇਜ਼ ਨਹੀਂ ਕੀਤਾ ਭਾਵ ਪਾਣੀ ਦੇ ਪ੍ਰਦੂਸ਼ਣ ਨਾਲ ਉਸ ਖਿੱਤੇ ’ਚ ਵਗਦੇ ਦਰਿਆ, ਝੀਲਾਂ, ਪ੍ਰਦੂਸ਼ਤ ਹੁੰਦੇ ਹਨ ਅਤੇ ਦੇਸ਼ ਭਾਰਤ ਦੇ 25 ਕਰੋੜ ਲੋਕ ਪ੍ਰਦੂਸ਼ਤ ਪਾਣੀ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ ਵੱਡੀ ਗਿਣਤੀ ਲੋਕ ਵੀ ਪ੍ਰਦੂਸ਼ਤ ਪਾਣੀ ਦੀ ਮਾਰ ਹੇਠ ਆਏ ਹਨ। ਪਾਣੀ ਦਾ ਪ੍ਰਦੂਸ਼ਣ ਇਕੱਲਿਆਂ ਮਨੁੱਖੀ ਜੀਵਨ ਨੂੰ ਹੀ ਪ੍ਰਵਾਵਿਤ ਨਹੀਂ ਕਰਦਾ ਸਗੋਂ ਧਰਤੀ ਨੂੰ ਵੀ ਜ਼ਹਿਰੀ ਬਣਾਉਂਦਾ ਹੈ, ਪੌਦਿਆਂ ਨੂੰ ਮਾਰਦਾ ਹੈ, ਪਸ਼ੂਆਂ ਪੰਛੀਆਂ ਦੇ ਜੀਵਨ ਲਈ ਘਾਤਕ ਬਣਦਾ ਹੈ। ਇਸੇ ਕਰਕੇ ਪ੍ਰਦੂਸ਼ਤ ਪਾਣੀ ਕਾਰਨ ਪੰਜਾਬ ਦਾ ਖੇਤ-ਖਿਲਵਾੜ, ਪਸ਼ੂ ਪੰਛੀ ਵੀ ਉਨੇ ਹੀ ਪ੍ਰਭਾਵਿਤ ਹੋਏ ਜਿੰਨਾ ਪੰਜਾਬ ਦਾ ਮਨੁੱਖ।

ਇਸ ਵਾਯੂਮੰਡਲ ਵਿੱਚ ਧਰਤੀ ਉਤੇ ਜੇਕਰ ਸਭ ਤੋਂ ਵੱਧ ਕੀਮਤੀ ਚੀਜ਼ ਹੈ ਤਾਂ ਉਹ ਪਾਣੀ ਹੈ। ਧਰਤੀ ਦਾ ਦੋ ਤਿਹਾਈ ਹਿੱਸਾ ਪਾਣੀ ਨਾਲ ਘਿਰਿਆ ਪਿਆ ਹੈ। ਸਮੁੰਦਰਾਂ, ਨਦੀਆਂ, ਝੀਲਾਂ ਦੇ ਬੇਅੰਤ ਪਾਣੀ ਵਿੱਚੋਂ ਮਨੁੱਖੀ ਵਰਤੋਂ ਲਈ 0.3 ਹਿੱਸਾ ਉਪਲੱਬਧ ਹੈ। ਇਸ ਉਪਲੱਬਧ ਪਾਣੀ ਨੂੰ ਸ਼ਹਿਰੀਕਰਨ, ਜੰਗਲਾਂ ਦੇ ਵੱਢ-ਵਢਾਂਗੇ, ਉਦਯੋਗਿਕ ਰਹਿੰਦ-ਖੂੰਹਦ, ਸਮਾਜੀ ਅਤੇ ਧਾਰਮਿਕ ਰਹੂਰੀਤਾਂ, ਖਾਦਾਂ ਕੀਟਨਾਸ਼ਕਾਂ, ਡਿਟਰਜਿੰਟ ਪਾਊਡਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲਗਭਗ 6 ਬਿਲੀਅਨ ਕਿਲੋਗ੍ਰਾਮ ਕੂੜਾ ਕਰਕਟ (ਪਲਾਸਟਿਕ, ਇਲੈਕਟ੍ਰੋਨਿਕ ਆਈਟਮਾਂ ਆਦਿ) ਹਰ ਵਰ੍ਹੇ ਸਮੁੰਦਰ ਦੀ ਭੇਂਟ ਚੜ੍ਹਾਇਆ ਜਾ ਰਿਹਾ ਹੈ ਜਿਸ ਨਾਲ ਸਮੁੰਦਰ ਵਿਚਲੇ ਜੀਵਾਂ ਦਾ ਕਈ ਹਾਲਾਤਾਂ ਵਿੱਚ ਸਰਵਨਾਸ਼ ਵੇਖਣ ਨੂੰ ਮਿਲ ਰਿਹਾ ਹੈ। ਇਥੇ ਹੀ ਬਸ ਨਹੀਂ ਭੈੜੇ ਪਾਣੀ ਦੀ ਉਪਜ ਮੱਛੀਆਂ ਅਤੇ ਹੋਰ ਕੀੜੇ-ਮਕੌੜੇ ਜਿਹੜੇ ਮਨੁੱਖਾਂ ਦਾ ਭੋਜਨ ਵੀ ਬਣਦੇ ਹਨ, ਉਹ ਵੀ ਮਨੁੱਖੀ ਸਿਹਤ ਦਾ ਘਾਣ ਕਰਦੇ ਹਨ।

ਪੰਜਾਬ ਦੀ ਖੁਸ਼ਹਾਲੀ ਅਤੇ ਚੰਗੇ ਜੀਵਨ ਜੀਊਣ ਦੇ ਮੁਕਾਬਲੇ ਨੇ ਆਪਣੀ ਰਿਵਾਇਤੀ ਖ਼ੁਰਾਕ ਛੱਡਕੇ ਬਜ਼ਾਰੂ ਖ਼ੁਰਾਕ ਵੱਲ ਵੱਧ ਧਿਆਨ ਦਿੱਤਾ ਹੈ, ਇਸ ਮਿਲਾਵਟੀ ਭੋਜਨ ਕਾਰਨ ਪੰਜਾਬੀਆਂ ਦੇ ਸੁਡੋਲ ਜੁੱਸੇ ਨਕਾਰਾ ਹੁੰਦੇ ਜਾ ਰਹੇ ਹਨ, ਜਿਹੜੇ ਇਸ ਖਿੱਤੇ ‘ਚ ਵੱਸਦੇ ਲੋਕਾਂ ਲਈ ਖ਼ਤਰੇ ਦੀ ਘੰਟੀ ਹਨ ਅਤੇ ਕਿਸੇ ਸਮੇਂ ਪੰਜਾਬ ਦਾ ਇਹ ਜ਼ਹਿਰੀਲਾ ਪਾਣੀ ਪੰਜਾਬੀਆਂ ਦੀ ਸਿਹਤ ਦੀ ਬਰਬਾਦੀ ਅਤੇ ਪੰਜਾਬ ਦੇ ਖਿੱਤੇ ‘ਚੋਂ ਲੋਕਾਂ ਦੇ ਉਜਾੜੇ ਦਾ ਕਾਰਨ ਬਣੇਗਾ।

ਸੰਪਰਕ :9815802070

Share this Article
Leave a comment