ਵੈਨਕੁਵਰ (ਸ਼ੈਰੀ ਗੌਰਵਾ ) : ਵੈਨਕੁਵਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਕਾਰ ਦੀ ਟੱਕਰ ਵੱਜਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਮਹਿਜ਼ 11 ਮਹੀਨੇ ਦਾ ਸੀ। ਵੈਨਕੁਵਰ ਪੁਲਿਸ ਨੇ ਜਾਣਕਾਰੀ ਦਿਤੀ ਕਿ ਹੋਰਨਬੀ ਤੇ ਸਮਿਥ ਸਟਰੀਟ ਤੇ 2 ਗੱਡੀਆਂ ਦੀ ਟੱਕਰ ਹੋਈ ਤੇ ਇਨਾਂ ਵਿਚੋਂ ਇੱਕ ਗੱਡੀ ਪੈਦਲ ਜਾ ਰਹੇ 31 ਸਾਲਾਂ ਦੇ ਵਿਅਕਤੀ ਤੇ ਓਸ ਦੇ ਬੱਚੇ ਵਿੱਚ ਜਾ ਵੱਜੀ।
ਮੰਗਲਵਾਰ 6.30 ਵਜੇ ਦੇ ਕਰੀਬ ਪੁਲਿਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ।ਇਸ ਟੱਕਰ ਵਿਚ ਮ੍ਰਿਤਕ ਬੱਚੇ ਦਾ 31 ਸਾਲਾਂ ਪਿਤਾ ਵੀ ਬੁਰੀ ਤਰਾਂ ਜ਼ਖਮੀ ਹੋਇਆ ਹੈ। ਜਿਸਨੂੰ ਹਸਪਤਾਲ ਲਿਜਾਇਆ ਗਿਆ। ਕਾਰ ਚਾਲਕ ਜਿਸਨੇ ਪਿਤਾ ਤੇ ਬੱਚੇ ਨੂੰ ਟੱਕਰ ਮਾਰੀ ਉਸਨੂੰ ਵੀ ਹਸਪਤਾਲ ਪਹੁੰਚਾਇਆ ਗਿਆ । ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਜਾਂ ਫਿਰ ਡਰਿੰਕ ਐਂਡ ਡਰਾਇਵ ਕਾਰਨ ਹੋਇਆ। ਪਰ ਇਸ ਵਿੱਚ ਟੱਕਰ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਜਾਣਕਾਰੀ ਦਿਤੀ ਹੈ ਕਿ ਇੱਕ ਕਾਲੇ ਰੰਗ ਦਾ ਫੋਰਡ ਇੱਕ ਕਾਲੇ ਰੰਗ ਦੇ ਮੈਕਲੇਰਨ ਨਾਲ ਜਾ ਟਕਰਾਇਆ। ਜਿਸ ਤੋਂ ਬਾਅਦ ਹਾਦਸੇ ਨੇ ਇੱਕ ਵਾਹਨ ਨੂੰ ਫੁਟਪਾਥ ਤੇ ਪਹੁੰਚਾ ਦਿਤਾ ਜਿਸ ਨੇ ਇੱਕ ਵਿਅਕਤੀ ਨੂੰ ਟੱਕਰ ਮਾਰੀ ਤੇ ਉਸਦੀ 11 ਮਹੀਨੇ ਦੀ ਬੇਟੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਕਿਹਾ ਦੋਵੇਂ ਵਾਹਨ ਚਾਲਕ ਘਟਨਾ ਵਾਲੀ ਥਾਂ ਤੇ ਹੀ ਮੌਜੂਦ ਰਹੇ।
ਫੋਰਡ ਐਸਕੇਪ ਦਾ ਡਰਾਇਵਰ ਪੁਲਿਸ ਹਿਰਾਸਤ ਵਿਚ ਹੈ। ਪਰ ਅਜੇ ਕਿਸੇ ਤੇ ਕੋਈ ਚਾਰਜ ਲਗਾਉਣ ਦੀ ਗਲ ਸਾਹਮਣੇ ਨਹੀਂ ਆਈ। ਫਿਲਹਾਲ ਸਬੂਤ ਇਕਠੇ ਕਰਨ ਵਾਲੀ ਟੀਮ ਇਸ ਦੀ ਜਾਂਚ ਵਿੱਚ ਜੁੱਟੀ ਹੋਈ ਹੈ। ਕੁਝ ਗਵਾਹਾਂ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਉਨਾਂ ਨੇ ਬੋਸਟਨ ਪੀਜ਼ਾ ਦੇ ਬਿਲਕੁਲ ਕੋਲ ਫੁੱਟਪਾਥ ਤੇ ਇੱਕ suv ਦੇਖੀ ਜਿਸ ਦੀ ਹਾਲਤ ਚਿੰਤਾ ਵਾਲੀ ਸੀ।
ਕੁਝ ਸਮੇਂ ਲਈ ਡਾਊਨਟਾਊਨ ਕੋਰ ਦੀਆਂ ਕੁਝ ਮਲਟੀਪਲ ਸੜਕਾਂ ਨੂੰ ਬੰਦ ਰਖਿਆ ਗਿਆ ਬਾਅਦ ਵਿੱਚ ਖੋਲ ਦਿਤਾ ਗਿਆ।