ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਉਸ ਸਮੇਂ ਪਹਿਲਾ ਵੱਡਾ ਝਟਕਾ ਲੱਗਾ ਜਦੋਂ ਭਾਰਤੀ-ਅਮਰੀਕੀ ਨੀਰਾ ਟੰਡਨ ਨੇ ਵ੍ਹਾਈਟ ਹਾਊਸ ਬਜਟ ਅਧਿਕਾਰੀ ਵਜੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਡੈਮੋਕਰੈਟਿਕ ਤੇ ਰਿਪਬਲਿਕਨ ਸੈਨੇਟਰਾਂ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਨੀਰਾ ਨੇ ਇਹ ਫ਼ੈਸਲਾ ਲਿਆ।
ਦੱਸ ਦਈਏ ਸੋਸ਼ਲ ਮੀਡੀਆ ’ਤੇ ਵਿਵਾਦਤ ਪੋਸਟਾਂ ਕਰਕੇ ਨੀਰਾ ਨੂੰ ਇਹ ਕੀਮਤ ਚੁਕਾਉਣੀ ਪਈ ਹੈ। ਖੱਬੇ ਪੱਖੀ ਝੁਕਾਅ ਵਾਲੀ ਜਥੇਬੰਦੀ ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਦੀ ਮੁਖੀ ਨੀਰਾ ਟੰਡਨ ਜੇਕਰ ਵ੍ਹਾਈਟ ਹਾਊਸ ਆਫ਼ ਮੈਨੇਜਮੈਂਟ ਐਂਡ ਬਜਟ ਦੀ ਡਾਇਰੈਕਟਰ ਬਣ ਜਾਂਦੀ ਤਾਂ ਉਸ ਨੇ ਰਾਸ਼ਟਰਪਤੀ ਦੇ ਪ੍ਰਸਤਾਵਿਤ ਬਜਟ ’ਚ ਅਹਿਮ ਭੂਮਿਕਾ ਨਿਭਾਉਣੀ ਸੀ। ਬਾਇਡਨ ਨੇ ਸੰਕੇਤ ਦਿੱਤੇ ਹਨ ਕਿ ਉਸ ਨੂੰ ਪ੍ਰਸ਼ਾਸਨ ’ਚ ਕਿਸੇ ਹੋਰ ਅਹੁਦੇ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ।