ਜੰਤਰ ਮੰਤਰ ’ਤੇ ਪਹਿਲਵਾਨਾਂ ਤੇ ਪੁਲਿਸ ਵਿਚਾਲੇ ਝੜੱਪ

Rajneet Kaur
2 Min Read

ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਿਨਸੀ ਸ਼ੋਸ਼ਣ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਉਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਤੇ ਪੁਲਿਸ ਵਿਚਾਲੇ ਦੇਰ ਰਾਤ ਕਰੀਬ 11 ਵਜੇ ਝੜਪ  ਹੋ ਗਈ।ਪਹਿਲਵਾਨਾਂ ਦਾ ਦੋਸ਼ ਹੈ ਕਿ ਮੀਂਹ ਕਾਰਨ ਉਨ੍ਹਾਂ ਨੇ ਬਿਸਤਰੇ ਮੰਗਵਾਏ ਸਨ ਪਰ ਪੁਲਿਸ ਚੌਕੀ ਵਾਲੀ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੱਥੋਪਾਈ ਵੀ ਹੋਈ।

ਇਸ ਝੜਪ ‘ਚ   ਦੋ ਪਹਿਲਵਾਨ ਜ਼ਖ਼ਮੀ ਹੋ ਗਏ ਹਨ। ਜਿੰਨ੍ਹਾਂ ‘ਚੋਂ ਇਕ ਵਿਨੇਸ਼ ਫੋਗਾਟ ਦਾ ਭਰਾ ਦੱਸਿਆ ਜਾ ਰਿਹਾ ਹੈ। ਪਹਿਲਵਾਨਾਂ ਨੇ ਦਾਅਵਾ ਕੀਤਾ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਗਾਲ੍ਹਾਂ ਵੀ ਕੱਢੀਆਂ ਹਨ।ਇਸ ਦੇ ਨਾਲ ਹੀ ਜੰਤਰ-ਮੰਤਰ ‘ਤੇ ਮੋਰਚਾ ਸੰਭਾਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਜੰਤਰ-ਮੰਤਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਪੁਲਿਸ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਪੂਨੀਆ ਨੇ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਵੀਰਵਾਰ ਸਵੇਰੇ ਧਰਨੇ ਵਾਲੀ ਥਾਂ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ। ਵਿਨੇਸ਼ ਫੋਗਾਟ ਤੇ ਹੋਰਨਾਂ ਮਹਿਲਾ ਪਹਿਲਵਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਕੀ ਉਨ੍ਹਾਂ ਦੇਸ਼ ਵਾਸਤੇ ਤਗ਼ਮੇ ਇਸੇ ਦਿਨ ਲਈ ਜਿੱਤੇ ਸਨ।

- Advertisement -

ਦਸ ਦਈਏ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਜਿਨਸੀ ਸ਼ੋਸ਼ਣ ਸਮੇਤ ਕਈ ਗੰਭੀਰ ਦੋਸ਼ ਲਾਏ ਹਨ। ਪਹਿਲਵਾਨ ਲਗਾਤਾਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment