ਭਾਰਤ ਵਿਚ ਕਿੰਨੇ ਹਨ ਅਮੀਰ ਧਾਰਮਿਕ ਅਸਥਾਨ

TeamGlobalPunjab
6 Min Read

-ਅਵਤਾਰ ਸਿੰਘ

ਭਾਰਤ ਵਿੱਚ ਅਨੇਕਾਂ ਡੇਰੇ ਤੇ ਧਾਰਮਿਕ ਅਸਥਾਨ ਹਨ। ਇਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੈ। ਰਿਪੋਰਟਾਂ ਮੁਤਾਬਿਕ ਇਨ੍ਹਾਂ ਦੀ ਆਮਦਨ ਉਪਰ ਕੋਈ ਇਨਕਮ ਟੈਕਸ ਨਹੀਂ। ਹਰ ਸਾਲ ਅਰਬਾਂ ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ। ਇਨ੍ਹਾਂ ਦਾ ਪ੍ਰਬੰਧ ਧਾਰਮਿਕ ਸੰਸਥਾਵਾਂ ਜਾਂ ਸਬੰਧਤ ਪੈਰੋਕਾਰਾਂ ਕੋਲ ਹੈ ਤੇ ਸਰਕਾਰ ਦਾ ਇਨ੍ਹਾਂ ਉਪਰ ਕੋਈ ਕੰਟਰੋਲ ਨਹੀਂ ਹੈ।

ਮੀਡੀਆ ਵਿਚ ਛਪੀਆਂ ਰਿਪੋਰਟਾਂ ਅਤੇ ਹੋਰ ਸੂਤਰਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਸਭ ਤੋਂ ਪਹਿਲਾ ਸੰਸਾਰ ਦਾ ਸਭ ਤੋਂ ਵੱਧ ਪੁਰਾਤਨ ਤੇ ਦੌਲਤ ਵਾਲਾ ਮੰਦਰ ਕੇਰਲਾ ਰਾਜ ਦੇ ਸ਼ਹਿਰ ਤਿਰੂਵੰਨਤਪੁਰਮ ਵਿੱਚ ਪਦਮਾਨਾਭਾਸਵਾਮੀ ਹੈ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ‘ਤੇ 2011 ਵਿੱਚ ਸਦੀਆਂ ਤੋਂ ਦੱਬੇ ਹੋਏ 8 ਤਹਿਖਾਨਿਆਂ ਵਿਚੋਂ ਸਿਰਫ ਪੰਜ ਹੀ ਖੋਲ੍ਹੇ ਗਏ। ਇਨ੍ਹਾਂ ਵਿਚ ਸੋਨੇ, ਚਾਂਦੀ, ਹੀਰਿਆਂ, ਮੋਤੀਆਂ, ਪੁਖਰਾਜ, ਨੀਲਮ, ਮਾਣਕ, ਪੰਨੇ ਤੇ ਕੀਮਤੀ ਪੱਥਰ ਤੇ ਧਾਤਾਂ ਦੇ ਢੇਰ ਮਿਲੇ ਸਨ। ਸੋਨੇ ਦੀਆਂ ਮੂਰਤੀਆਂ, ਸਿੱਕੇ, ਚੈਨਾਂ, ਮੁਕਟ, ਹਾਰਾਂ ਨਾਲ ਭਰੇ ਪਏ ਸਨ। ਇਸ ਮਾਲ ਦੀ ਪੁਰਾਤਨ ਤੇ ਇਤਿਹਾਸਕ ਮਹੱਤਤਾ ਨੂੰ ਵੇਖਿਆ ਜਾਵੇ ਤਾਂ ਇਸ ਦੀ ਕੀਮਤ ਸੌ ਗੁਣਾ ਵਧ ਜਾਵੇਗੀ। ਇਸਦੀ ਸੁੱਰਖਿਆ ਦੇ ਸਖਤ ਪ੍ਰਬੰਧ ਹਨ।

ਦੂਜਾ ਸੰਨ 300 ਈਸਵੀ ਨੇੜੇ ਬਣਿਆ ਤਿਰੂਮਲਾ ਦੀਆਂ ਪਹਾੜੀਆਂ ‘ਤੇ ਸਥਿਤ ਤਿਰੂਪਤੀ ਵੈਂਕਟਾਸ਼ਵਰਾ ਮੰਦਰ, ਆਂਧਰਾ ਪ੍ਰਦੇਸ਼ ਵਿੱਚ ਹੈ। ਤਿਰੂਪਤੀ ਬਾਲਾ ਮੰਦਰ ਵਿੱਚ 1-1-2019 ਨੂੰ 11 ਕਰੋੜ ਦਾ ਚੜ੍ਹਾਵਾ ਚੜ੍ਹਿਆ ਦੱਸਿਆ ਜਾਂਦਾ ਹੈ। ਭਗਵਾਨ ਵਿਸ਼ਨੂੰ ਦੇ ਇਸ ਮੰਦਰ ਦੀ ਸਾਲਾਨਾ 1700 ਕਰੋੜ ਰੁਪਏ ਦੇ ਕਰੀਬ ਆਮਦਨ ਹੈ ਤੇ ਇਸਦੇ ਖਜਾਨੇ ਦੀ ਕੀਮਤ 650 ਕਰੋੜ ਰੁਪਏ ਦੱਸੀ ਗਈ ਹੈ।

ਸੰਸਾਰ ਦੇ ਕਿਸੇ ਵੀ ਧਾਰਮਿਕ ਅਸਥਾਨ ਤੋਂ ਵੱਧ ਸ਼ਰਧਾਲੂ ਪੰਜਾਹ ਹਜ਼ਾਰ ਤੋਂ ਇਕ ਲੱਖ ਦੇ ਕਰੀਬ ਹਰ ਰੋਜ਼ ਆਉਦੇ ਹਨ। ਹਰ ਸਾਲ ਇਥੇ ਲੋਕਾਂ ਦੇ ਵਾਲ ਮੁੰਡਨ ਤੋਂ ਵਾਲ ਵੇਚਣ ਨਾਲ ਚਾਲੀ ਕਰੋੜ ਆਮਦਨ ਹੁੰਦੀ ਹੈ। ਵੈਂਕਟਸ਼ੇਵਰ ਦੇਵਤੇ ਦੀ ਮੂਰਤੀ ਦੇ ਦਸ ਕੁਇੰਟਲ ਸੋਨੇ ਦੇ ਗਹਿਣੇ ਹਨ। ਡੇਢ ਕਰੋੜ ਲੱਡੂਆਂ ਦੇ ਪ੍ਰਸ਼ਾਦ ਤੋਂ ਹਰ ਸਾਲ ਆਮਦਨ ਹੁੰਦੀ ਹੈ। ਅਮਿਤਾਬ ਬਚਨ ਨੇ ਕੁਝ ਸਮਾਂ ਪਹਿਲਾਂ 70 ਲੱਖ ਰੁਪਏ ਦਾਨ ਕੀਤੇ ਸਨ। ਇਹ ਖਬਰ ਵੀ ਆਈ ਕਿ ਮੰਦਰ ਦੇ ਪੁਜਾਰੀ ਦੀਆਂ ਤਿੰਨ ਲੜਕੀਆਂ ਨੇ ਸ਼ਾਦੀ ਮੌਕੇ 125 ਕਿਲੋ ਦੇ ਸੋਨੇ ਦਾ ਵਿਖਾਵਾ ਕੀਤਾ।

ਇਸੇ ਤਰ੍ਹਾਂ ਤੀਜਾ ਧਾਰਮਿਕ ਅਸਥਾਨ ਸਾਂਈ ਬਾਬਾ ਮੰਦਰ ਸ਼ਿਰੜੀ, ਮਹਾਂਰਾਸ਼ਟਰ ਸੰਨ 1922 ਵਿੱਚ ਬਣਾਇਆ ਗਿਆ ਜੋ ਮੁੰਬਈ ਤੋਂ 296 ਕਿਲੋਮੀਟਰ ਦੂਰ ਹੈ। ਇਥੇ ਰੋਜ਼ਾਨਾ 30-35 ਹਜ਼ਾਰ ਸ਼ਰਧਾਲੂ ਆਉਦੇ ਹਨ ਤੇ ਸਾਲ ਦਾ ਚੜ੍ਹਾਵਾ 600 ਕਰੋੜ ਰੁਪਏ ਹੈ। ਇਸਦੇ ਖਜ਼ਾਨੇ ਵਿੱਚ 35 ਕਰੋੜ ਦੇ ਸੋਨੇ ਚਾਂਦੀ ਦੇ ਗਹਿਣੇ ਹਨ ਪਹਿਲੀ ਜਨਵਰੀ 2018 ਨੂੰ 14 ਕਰੋੜ 54 ਲੱਖ ਦਾ ਚੜਾਵਾ ਚੜ੍ਹਨ ਦੀਆਂ ਰਿਪੋਰਟਾਂ ਹਨ।

ਚੌਥਾ ਉੜੀਸਾ ਦੇ ਜਗਨ ਨਾਥ ਪੁਰੀ ਦਾ ਮੰਦਰ 12 ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਹ ਹਿੰਦੂਆਂ ਦੇ ਚਾਰ ਧਾਮਾਂ ਵਿਚੋਂ ਇਕ ਹੈ, ਇਸਨੂੰ ਹਮਲਾਵਰਾਂ ਨੇ 18 ਵਾਰ ਲੁੱਟਿਆ ਹੈ। ਇਸਦੇ ਖਜ਼ਾਨੇ ਵਿੱਚ ਪੰਜ ਕੁਇੰਟਲ ਸੋਨੇ ਤੇ 22 ਕੁਇੰਟਲ ਚਾਂਦੀ ਦੀਆਂ ਵਸਤਾਂ ਹਨ। ਇਸ ਦਾ ਖਰਚਾ ਬੈਂਕ ਵਿਚ ਜਮ੍ਹਾ 200 ਕਰੋੜ ਰੁਪਏ ਦੇ ਵਿਆਜ ਤੋਂ ਚਲਦਾ ਹੈ। ਇਸ ਦੀ ਸਾਲਾਨਾ ਆਮਦਨ 45 ਕਰੋੜ ਹੈ।

ਪੰਜਵਾਂ ਸਿਧੀ ਵਿਨਾਇਕ ਮੰਦਰ ਮੁੰਬਈ 1801 ਵਿਚ ਇੰਦੌਰ ਦੀ ਮਹਾਰਾਣੀ ਅਹਿਲਿਆ ਹੌਲਕਰ ਨੇ ਬਣਵਾਇਆ ਜੋ ਭਗਵਾਨ ਗਣੇਸ਼ ਨੂੰ ਸਮਰਪਿਤ ਹੈ। ਇਥੇ ਰੋਜ਼ 25 ਹਜ਼ਾਰ ਤੇ ਤਿਉਹਾਰਾਂ ਤੇ ਦੋ ਲੱਖ ਸ਼ਰਧਾਲੂ ਆਉਦੇ ਹਨ। ਇਸਦੀ ਸਾਲਾਨਾ ਆਮਦਨ 25-30 ਕਰੋੜ ਹੈ। ਇਸਦਾ ਕੰਟਰੋਲ ਇਕ ਟਰੱਸਟ ਕੋਲ ਹੈ। ਇਕ ਸ਼ਰਧਾਲੂ ਵਪਾਰੀ ਨੇ ਗਣੇਸ਼ ਦੀ ਮੂਰਤੀ ਲਈ ਪੰਜ ਕਿਲੋ ਸੋਨੇ ਦੀ ਪਾਲਕੀ ਬਣਾ ਕੇ ਭੇਟ ਕੀਤੀ। ਇਸ ਦੇ 158 ਕਿਲੋ ਸੋਨੇ ਦੇ ਭੰਡਾਰ ਲਈ 65 ਸੁਰੱਖਿਆ ਮੁਲਾਜ਼ਮ ਹਨ।

ਛੇਵਾਂ ਵਾਰਾਨਸੀ (ਬਨਾਰਸ) ਵਿਚ ਭਗਵਾਨ ਸ਼ਿਵ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਗੁੰਬਦ ਤੇ ਮੀਨਾਰ ਸੋਨੇ ਨਾਲ ਮੜੇ ਹੋਏ ਹਨ। ਇਸ ਦੇ ਦੋ ਗੁੰਬਦਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਨਾਲ ਮੜਵਾਇਆ ਦੱਸਿਆ ਜਾਂਦਾ ਹੈ। ਇਸਦੀ ਸਾਲਾਨਾ ਆਮਦਨ 15 ਕਰੋੜ ਹੈ। ਇਸ ਦੀ ਮੌਜੂਦਾ ਉਸਾਰੀ ਇੰਦੌਰ ਦੀ ਰਾਣੀ ਅਹਲਿਆ ਬਾਈ ਹੌਲਕਰ ਨੇ ਕਰਵਾਈ ਸੀ।

ਸੱਤਵਾਂ ਮਾਤਾ ਵੈਸ਼ਨੂੰ ਦੇਵੀ ਮੰਦਰ ਵਿੱਚ ਹਰ ਸਾਲ ਇਕ ਕਰੋੜ ਤੋਂ ਵੱਧ ਸ਼ਰਧਾਲੂ ਆਉਦੇ ਹਨ। ਇਸਦਾ ਸਾਲਾਨਾ ਚੜਾਵਾ 500 ਕਰੋੜ ਹੈ।

ਅੱਠਵਾਂ ਗੁਜਰਾਤ ਵਿੱਚ ਪੱਛਮੀ ਕੰਢੇ ‘ਤੇ ਪਟਨ ਸ਼ਹਿਰ ਵਿਖੇ ਪ੍ਰਸਿਧ ਸੋਮਨਾਥ ਮੰਦਰ ਹੈ ਜਿਸਨੂੰ ਮਹਿਮੂਦ ਗਜ਼ਨਵੀ ਵਰਗੇ ਲੁਟੇਰਿਆਂ ਨੇ ਕਈ ਵਾਰ ਲੁੱਟਿਆ ਤੇ ਮੌਜੂਦਾ ਨਿਰਮਾਣ 1951 ਵਿੱਚ ਹੋਇਆ। ਸਾਲਾਨਾ ਆਮਦਨ 125 ਕਰੋੜ ਦੇ ਕਰੀਬ ਹੈ।

ਨੌਂਵਾਂ ਧਾਰਮਿਕ ਅਸਥਾਨ ਤਾਮਿਲਨਾਡੂ ਦੇ ਸ਼ਹਿਰ ਮਦੁਰਈ ਵਿਚ ਮੀਨਾਕਸ਼ੀ ਅੰਮਾ ਮੰਦਰ ਵਿਚ ਰੋਜਾਨਾ ਪੰਦਰਾਂ ਹਜ਼ਾਰ ਸ਼ਰਧਾਲੂ ਆਉਦੇ ਹਨ ਤੇ ਸਲਾਨਾ ਚੜਾਵਾ ਦਸ ਕਰੋੜ ਹੈ। ਮੰਦਰ ਤੇ 33000 ਸ਼ਾਨਦਾਰ ਮੂਰਤੀਆਂ ਖੁਣੀਆਂ ਹਨ।

ਦਸਵਾਂ ਧਾਰਮਿਕ ਅਸਥਾਨ ਸ੍ਰੀ ਹਰਮਿੰਦਰ ਸਾਹਿਬ, ਅੰਮਿ੍ਤਸਰ ਹੈ ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਇਥੋਂ ਦਾ ਸਾਲਾਨਾ ਚੜਾਵਾ 85-90 ਕਰੋੜ ਰੁਪਏ ਤੋਂ ਵੱਧ ਹੈ ਦੱਸਿਆ ਜਾਂਦਾ ਹੈ।

ਦੇਸ਼ ਵਿਚ ਇੰਨੇ ਅਮੀਰ ਧਰਮਿਕ ਅਸਥਾਨ ਹੋਣ ਦੇ ਬਾਵਜੂਦ ਦੇਸ ਵਿਚ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਵਧ ਰਹੀ ਹੈ। ਦੇਸ਼ ਵਿੱਚ ਹਰੇਕ ਨੂੰ ਆਪਣੇ ਧਰਮ ਨੂੰ ਮੰਨਣ ਦਾ ਤੇ ਦਾਨ ਕਰਨ ਦਾ ਹੱਕ ਹੈ ਅਸਲ ਵਿਚ ਇਨਸਾਨੀਅਤ ਧਰਮ ਇਹੋ ਕਿ ਦਾਨ ਕੀਤੀ ਜਾ ਰਹੀ ਆਮਦਨ ਨਾਲ ਗਰੀਬਾਂ, ਮਜ਼ਦੂਰਾਂ, ਬੇ-ਸਹਾਰਿਆਂ ਦੀ ਮਦਦ ਕੀਤੀ ਜਾਵੇ ਅਤੇ ਵਿਦਿਅਕ ਅਤੇ ਸਿਹਤ ਸੰਸਥਾਵਾਂ ਤੋਂ ਮੁਫਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

Share This Article
Leave a Comment