ਅਸੰਖ ਚੋਰ ਹਰਾਮਖੋਰ

TeamGlobalPunjab
10 Min Read

ਡਾ. ਹਰਸ਼ਿੰਦਰ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਤੁੱਛ ਮੰਨਦਿਆਂ ਵਿਚਾਰ ਰੱਖੇ ਸਨ ਕਿ ਅਨੇਕਾਂ ਹੀ ਚੋਰ ਹਨ, ਅਨੇਕਾਂ ਦੂਜਿਆਂ ‘ਤੇ ਵਧੀਕੀਆਂ ਕਰਕੇ ਦੁਨੀਆਂ ਤੋਂ ਚਲੇ ਜਾਂਦੇ ਹਨ, ਅਨੇਕ ਖੂਨੀ ਮਨੁੱਖਾਂ ਦੇ ਗਲੇ ਵੱਢ ਰਹੇ ਹਨ ਤੇ ਅਨੇਕ ਪਾਪੀ ਪਾਪ ਕਮਾ ਕੇ ਦੁਨੀਆਂ ਤੋਂ ਤੁਰ ਜਾਂਦੇ ਹਨ। ਅਨੇਕ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਹੋਏ ਹਨ, ਝੂਠ ਬੋਲਣ ਦੇ ਸੁਭਾਓ ਵਾਲੇ ਮਨੁੱਖ ਝੂਠ ਬੋਲਣ ਵਿੱਚ ਰੁੱਝੇ ਹੋਏ ਹਨ ਤੇ ਅਨੇਕ ਖੋਟੀ ਬੁੱਧੀ ਵਾਲੇ ਮਨੁੱਖ ਮਲ ਖਾਈ ਜਾ ਰਹੇ ਹਨ। ਅਨੇਕਾਂ ਹੀ ਨਿੰਦਕ ਨਿੰਦਾ ਕਰਨ ਵਿੱਚ ਰੁੱਝੇ ਹੋਏ ਹਨ ਤੇ ਬਥੇਰੇ ਹੋਰ ਕੁਕਰਮਾਂ ‘ਚ ਰੁਝੇ ਹੋਏ ਹਨ। ਕੁਦਰਤ ਦਾ ਅੰਤ ਲੱਭਣਾਂ ਤਾਂ ਕਿਤੇ ਰਿਹਾ ਸਿਰਫ ਜਾਤ ਵਿਚਲੇ ਚੋਰ ਧਾੜਵੀ ਠੱਗ ਨਿੰਦਕ ਹਰਾਮਖੋਰ  ਆਦਿ ਦਾ ਵੀ ਹਿਸਾਬ ਲਾਉਣ ਲੱਗ ਜਾਓ ਤਾਂ ਵੀ ਇੰਨਾ ਦਾ ਕੋਈ ਅੰਤ ਨਹੀਂ ਲੱਭਦਾ।

 

ਹੁਣ ਤਾਂ ਹਾਲ ਇਹ ਹੈ ਕਿ ਉਨ੍ਹਾਂ ਅਣਗਿਣਤ ਹਰਾਮਖੋਰਾਂ ਵਿੱਚ ਬੇਗੈਰਤਾਂ ਤੇ ਬਦਜਾਤ ਲੋਕ ਵੀ ਸ਼ਾਮਲ ਹੋ ਚੁਕੇ ਹਨ ਜਿਨ੍ਹਾਂ ਲਈ ਔਰਤ ਸਿਰਫ ਇੱਕ ਭੋਗਣ ਜੋਗਾ ਜਿਸਮ ਹੀ ਹੈ ਤੇ ਉਸ ਨੂੰ ਹਰ ਮੌਕੇ ਜ਼ਲੀਲ ਕਰਨਾ ਹੀ ਉਨ੍ਹਾਂ ਲਈ  ਇੱਕੋ ਕੰਮ ਬਚਿਆ ਹੈ।

- Advertisement -

 

ਅਜਿਹੇ ਲੋਕ ਹਰ ਦਿਨ ਇਹੋ ਸੋਚਣ ‘ਤੇ ਲਾਉਂਦੇ ਹਨ ਕਿ ਕਿਹੜੇ ਹੋਰ ਨਵੇਂ ਢੰਗ ਤਰੀਕੇ ਲੱਭੇ ਜਾਣ  ਜਿਨ੍ਹਾਂ ਨਾਲ ਔਰਤ ਹੋਰ ਨੀਵੀਂ ਵਿਖਾਈ ਜਾ ਸਕੇ।

 

ਇਸ ਦੀ ਤਾਜ਼ਾ ਤਸਵੀਰ ਭੁੱਜ ਵਿੱਚ ਨਜ਼ਰ ਆਈ ਹੈ। ਮੈਡੀਕਲ ਸਾਇੰਸ ਅਨੁਸਾਰ ਔਰਤ ਨੂੰ ਮਾਂਹਵਾਰੀ ਆਉਂਣੀ ਇੱਕ ਸੰਕੇਤ ਹੈ ਕਿ ਉਹ ਬੱਚਾ ਜੰਮਣ ਦੇ ਯੋਗ ਹੈ। ਔਰਤ ਮਰਦ ਵਿਚਲਾ ਇਹ ਫਰਕ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਨਰ ਤੇ ਮਾਦਾ ਜਾਨਵਰ, ਪੰਛੀਆਂ ਆਦਿ ਵਿੱਚ  ਵੀ ਦਿਸਦਾ ਹੈ।

 

- Advertisement -

ਦੂਜੀ ਵਿਗਿਆਨਿਕ ਗੱਲ ਜੋ ਸਭ ਜਾਣਦੇ ਹਨ ਕਿ ਹਰ ਮਰਦ ਦੇ ਸਰੀਰ ਅੰਦਰ ਐਕਸ ਕਰੋਮੋਸੋਮ ਉਸ ਦੀ ਮਾਂ  ਵੱਲੋਂ ਆਇਆ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਮਰਦ ਅੰਦਰ ਔਰਤ ਦਾ ਅੰਸ਼ ਕੁਦਰਤੀ ਤੌਰ ‘ਤੇ ਹੁੰਦਾ ਹੈ ਤਾਂ ਹੀ ਉਹ ਸੰਪੁਰਨ ਮਰਦ ਕਹਾਉਣ ਦੇ ਯੋਗ ਹੁੰਦਾ ਹੈ।ਹਰ ਮਰਦ ਦੇ ਸਰੀਰ ਦੇ ਹਿੱਸੇ ਵੀ ਔਰਤ ਦੇ ਸਰੀਰ ਦੇ ਅੰਦਰ ਹੀ ਤਿਆਰ ਹੁੰਦੇ ਹਨ ਤੇ ਮਾਂ ਦਾ ਦੁੱਧ ਪੀ ਕੇ ਹੀ ਉਹ ਵੱਡਾ ਹੁੰਦਾ ਹੈ। ਯਾਨੀ ਪੂਰਨ ਰੂਪ ਵਿੱਚ ਔਰਤ ‘ਤੇ ਨਿਰਭਰ ਹੋ ਕੇ ਹੀ ਮਰਦ ਦਾ ਜਨਮ ਇਸ ਧਰਤੀ ‘ਤੇ ਹੋ ਸਕਦਾ ਹੈ।

 

ਮਾਹਵਾਰੀ ਨਾ ਆਉਣ ਵਾਲੀ ਵਾਂਝ ਔਰਤ ਦੀ ਕੁੱਖੋਂ ਮਰਦ ਪੈਦਾ ਨਹੀਂ ਹੋ ਸਕਦਾ।

 

ਇਹ ਸਭ ਜਾਣਦਿਆਂ ਮਾਹਵਾਰੀ ਨੂੰ ਅਪਸ਼ਗਨ ਮੰਨਣ ਵਾਲੇ ਮਰਦ ਆਖਰ ਸਾਬਤ ਕੀ ਕਰਨਾ ਚਾਹ ਰਹੇ ਹਨ? ਇੱਕ ਨਾਰਮਲ ਔਰਤ ਨੂੰ ਅਧੀਨਗੀ ਦਾ ਪਾਠ ਪੜ੍ਹਾਉਣ ਲਈ  ਕਿਸ ਹੱਦ ਤੱਕ ਆਦਮੀ ਡਿੱਗ ਸਕਦਾ ਹੈ ਉਹ ਆਪਣੀਆਂ ਹੀ ਧੀਆਂ ਨੂੰ ਨਿਰਵਸਤਰ ਕਰਨ ਦੀ ਜਗ ਜਾਹਰ ਹੋਈ ਦਾਸਤਾ ਰਾਹੀਂ ਪਤਾ   ਲੱਗ ਜਾਂਦਾ ਹੈ।

 

ਭੁੱਜ ਦੇ ਸਹਿਜਨੰਦ ਗਰਲਜ਼ ਕਾਲਜ ਦੇ ਪ੍ਰਿਸੀਪਲ ਦੇ ਹੁਕਮਾਂ ਤਹਿਤ 68 ਨੌਜਵਾਨ ਔਰਤਾਂ ਦੇ ਕੱਪੜੇ ਲਹਾ ਕੇ     ਇ ਹ ਚੈੱਕ ਕੀਤਾ ਗਿਆ ਕਿ ਉਨ੍ਹਾਂ ਨੂੰ ਮਾਹਵਾਰੀ ਤਾਂ ਨਹੀਂ ਆਈ ਹੋਈ! ਇਸ ਪਿੱਛੇ ਕਾਰਨ ਇਹ ਸੀ ਕਿ ਮਾਹਵਾਰੀ ਦੌਰਾਨ ਕਿਤੇ ਉਹ ਬੱਚੀਆਂ ਰਸੋਈ ਜਾਂ ਮੰਦਰ ਵਿੱਚ ਤਾਂ ਨਹੀਂ ਵੜ ਰਹੀਆਂ ਕਿਤੇ ਇਹ ਬੱਚੀਆਂ ਮਾਹਵਾਰੀ ਦੌਰਾਨ ਇੱਕ ਦੂਜੇ ਨੂੰ ਮਿਲ ਤਾਂ ਨਹੀਂ ਰਹੀਆਂ? ਇਸ ਵਾਸਤੇ ਉਨ੍ਹਾਂ ਨੂੰ ਪੜ੍ਹਾਈ ਦੌਰਾਨ ਪੀਰੀਅਡ ਵਿੱਚ ਖੜ੍ਹੇ ਕਰਕੇ ਪੁੱਛਿਆ ਗਿਆ ਕਿ ਕਿਹੜੀਆਂ ਬੱਚੀਆਂ ਨੂੰ ਮਾਹਵਾਰੀ ਆਈ ਹੋਈ ਹੈ? ਇਸ ਉੱਤੇ ਵੀ ਤਸੱਲੀ ਨਾ ਹੋਣ ‘ਤੇ ਉਨ੍ਹਾਂ ਦੇ ਕੱਪੜੇ ਲਹਾ ਕੇ ਚੈੱਕ ਕੀਤਾ ਗਿਆ। ਕਾਲਜ ਦੇ ਟਰਸਟੀ ਇਸ ਘਟਨਾ ਨੂੰ ਜ਼ੋਰਸ਼ੋਰ ਨਾਲ ਜਾਇਜ਼ ਕਰਾਰ ਦੇ ਰਹੇ ਹਨ। ਸਾਰੇ ਟਰਸਟੀ ਤੇ ਧਰਮ ਦੇ ਮੋਢੀਆਂ ਨੇ ਕਾਲਜ ਦੀ ਪ੍ਰਿਸੀਪਲ ਨੂੰ ਅੱਗੇ ਲਾ ਕੇ ਆਪ ਚੈੱਕ ਕਰਨ ਲਈ ਕਿਹਾ ਸੀ। ਹੱਦ ਹੋ ਗਈ। ਮਰਦ ਪ੍ਰਧਾਨ ਸਮਾਜ ਵਿੱਚ ਇੱਕ ਔਰਤ ਪ੍ਰਿਸੀਪਲ ਨੂੰ ਆਪਣੀ ਨੌਕਰੀ ਬਚਾਉਣ ਲਈ ਆਪਣੀ ਹੀ ਜਾਤ ਦੀਆਂ ਦੀ ਬੇਪਤੀ ਕਰਨ ਲਈ ਮਜਬੂਰ ਕੀਤਾ ਗਿਆ।

 

ਸਵਾਲ ਇੱਕ ਨਹੀਂ ਅਨੇਕ ਹਨ ਕਿ ਕੀ ਸਚਮੁੱਚ ਔਰਤ ਨੂੰ ਹੀ ਔਰਤ ਦੀ ਦੁਸ਼ਮਨ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ ਤੇ ਮਰਦ ਲੱਠ ਚੁੱਕ ਕੇ ਆਪਣੇ ਹੁਕਮ ਚਲਾਉਂਦਾ ਰਹੇਗਾ? ਹਰ ਮਰਦ ਟਰਸਟੀ ਇਸ ਨਾਦਰਸ਼ਾਹੀ ਨੂੰ ਜਾਇਜ਼ ਕਿਉਂ ਕਰਾਰ ਦੇ ਰਿਹਾ ਹੈ? ਕੀ ਇਹ ਟਰਸਟੀ ਆਪਣੀ ਮਾਂ ਦੀ ਕੁੱਖੋ ਨਹੀਂ ਜੰਮੇ? ਜੇ ਜੰਮੇ ਹਨ ਤਾਂ ਉਨ੍ਹਾਂ ਦੀਆਂ ਮਾਵਾਂ ਨੂੰ ਮਾਹਵਾਰੀ ਨਹੀਂ ਆਉਂਦੀ ਸੀ? ਕੀ ਉਨ੍ਹਾਂ ਆਪਣੀ ਮਾਂ ਦੀ ਮਾਹਵਾਰੀ ਦੌਰਾਨ ਦੁੱਧ ਪੀਣਾ ਬੰਦ ਕਰ ਦਿੱਤਾ ਸੀ?

 

ਇਹ ਬੰਦਸ਼ਾਂ ਲਾਉਣ ਵਾਲੇ ਕੌਣ  ਹਨ? ਕੀ ਅਸਮਾਨੋਂ ਅਜਿਹੀਆਂ ਹਦਾਇਤਾਂ  ਡਿੱਗੀਆਂ ਸਨ? ਕੌਣ ਹੈ ਇਹ ਫੈਸਲਾ ਲੈਣ ਵਾਲਾ ਕਿ ਹਰ ਬੱਚੀ ਮਾਹਵਾਰੀ ਦੌਰਾਨ ਘਰ ਬੈਠੇਗੀ, ਕਲਾਸ ਵਿੱਚ ਸਭ ਤੋਂ ਪਿਛੇ ਬੈਠੇਗੀ, ਰਜਿਸਟਰ ਵਿੱਚ ਮਾਹਵਾਰੀ ਆਉਣ ਬਾਰੇ ਦਰਜ ਕਰੇਗੀ, ਰਸੋਈ ਵਿੱਚ ਨਹੀਂ ਵੜੇਗੀ ਮੰਦਰ ਨੇੜੇ ਨਹੀਂ ਜਾਏਗੀ ਆਦਿ ਵਰਗੀਆਂ ਪਰੰਪਰਾਵਾਂ ਬਣਾਉਣ ਵਾਲੇ ਆਖਰ ਵਿਆਹ ਕਰਵਾਉਣ ਵੇਲੇ ਔਰਤ ਨਾਲ ਹਮਬਿਸਤਰ ਹੋਣ ਵੇਲੇ ਉਸ ਦੇ ਕੁੱਖੋਂ ਆਪਣਾ ਨਾਮਲੇਵਾ ਲੈਣ ਵੇਲੇ ਕਿਉਂ ਭਿੱਟ ਨਹੀਂ ਜਾਂਦੇ?

 

ਜੇ ਸਤੀ ਪ੍ਰਥਾ ਖਤਮ ਕੀਤੀ ਜਾ ਸਕੀ ਸੀ ਤਾਂ ਔਰਤ ਦੇ ਪੈਰੋਂ ਇਹੋ ਜਿਹੀਆਂ ਬੇੜੀਆਂ ਵੀ ਤੋੜ ਦੇਣੀਆਂ ਚਾਹੀਦੀਆਂ ਹਨ।

 

ਆਖਰ ਕਿਉਂ ਅੱਜ ਦੇ ਦਿਨ ਸਭ ਦੀ ਜ਼ਿੰਦਗੀ ਖੜੇਤ ਵਿੱਚ ਪਹੁੰਚ ਚੁੱਕੀ ਹੈ? ਕਿਉਂ ਕਿਤੇ ਵੀ ਆਪਣੇ ਹੱਕਾਂ ਲਈ ਪੁਰਜ਼ੋਰ ਅਵਾਜ਼  ਚੁੱਕੀ ਨਹੀਂ ਦਿਸਦੀ? ਕਿਉਂ ਲੋਕ ਰੋਹ ਦਮ ਤੋੜ ਰਿਹਾ ਹੈ? ਲੋਕ ਸਿਰਫ ਆਪਣੀਆਂ ਲੋੜਾਂ ਦੀ  ਪੂਰਤੀ ਤੱਕ ਹੀ ਸੀਮਿਤ ਹੋ ਚੁਕੇ ਹਨ? ਇਸ ਤਬਦੀਲੀ ਵਾਸਤੇ ਕਿਸੇ ਹੋਰ ਮੁਲਕ ਦੇ ਮਨੁੱਖੀ ਹੱਕਾਂ ਦੇ ਰਾਖੇ ਅਵਾਜ਼ ਚੁੱਕਣ ਤਾਂ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ।

 

ਇੱਕ ਗੱਲ ਵੱਲ ਸ਼ਾਇਦ  ਬਹੁਤਿਆਂ ਦਾ ਧਿਆਨ ਨਹੀਂ ਗਿਆ। ਜਿਨ੍ਹਾਂ ਸਮਿਆਂ ਵਿੱਚ ਗੁਰੂ ਨਾਨਕ ਸਾਹਿਬ ਨੇ ਔਰਤਾਂ ਦੇ ਹੱਕ ਵਿੱਚ ਅਵਾਜ਼ ਚੁੱਕੀ ਸੀ ਉਦੋਂ ਸਭ ਰੀਂਗਦੇ ਕੀੜਿਆਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਸਨ। ਉਨ੍ਹਾਂ ਹੀ ਨਪੀੜਿਆਂ ਹੋਇਆ ਨੂੰ ਆਪਣੇ ਹੱਕਾਂ ਲਈ ਜਾਗਰੁਕ ਕਰਕੇ ਉਨ੍ਹਾਂ ਨੁੰ ਗਲਤ ਪਰੰਪਰਾਵਾਂ ਵਿਰੁੱਧ ਅਵਾਜ਼ ਚੁੱਕਣ ਲਈ ਤਿਆਰ ਕੀਤਾ ਗਿਆ। ਉਸੇ ਸੋਚ ਅਧੀਨ ਉਨ੍ਹਾਂ ਹੀ ਨਪੀੜੇ ਹੋਏ ਲੋਕਾਂ ਦੀਆਂ ਧੀਆਂ ਨੇ ਅੱਗੇ ਦਸ਼ਮੇਸ਼ ਪਿਤਾ ਦੇ ਅਸਰ ਹੇਠ ਕਮਾਨ ਚੁੱਕੀ ਤੇ ਜੰਗਾਂ ਜਿੱਤੀਆਂ।

 

ਗੱਲ ਸਿਰਫ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਸੀ। ਦੇਵਦਾਸੀ ਪ੍ਰਥਾ ਅਧੀਨ ਅਯਾਸੀ ਦੇ ਅੱਡਿਆਂ ਨੂੰ ਖਤਮ ਕਰਨ ਲਈ ਉਦੋਂ ਵੀ ਮਨੁੱਖੀ ਹੱਕਾਂ ਦਾ ਘਾਣ ਕਰਦੀਆਂ ਪਰੰਪਰਾਵਾਂ ਤੋੜੀਆਂ ਗਈਆਂ ਸਨ।

 

ਕੀ ਅੱਜ ਕੋਈ ਸੂਰਮਾਂ ਨਹੀਂ ਰਿਹਾ? ਕੋਈ ਜੁਝਾਰੂ ਇਸ ਤਰ੍ਹਾਂ ਦੀ ਔਰਤਾਂ ਦੀ ਜ਼ਲਾਲਤ ਵਿਰੁੱਧ ਅਵਾਜ਼ ਚੁੱਕਣ ਵਾਲਾ ਨਹੀਂ ਰਿਹਾ? ਸਿਰਫ ਔਰਤ ਨੂੰ ਹੱਕ ਦਵਾਉਣ ਵੇਲੇ ਸਾਰੇ ਕਨੂੰਨ ਕਿਉਂ ਫੇਲ੍ਹ ਹੋ ਜਾਂਦੇ ਹਨ?

 

ਇਹ ਸੋਚ ਤਾਂ ਹੁਣ ਹਰ ਹਾਲ ਬਦਲਣੀ ਹੀ ਪੈਣੀ ਹੈ ਤਾਂ ਹੀ ਭਾਰਤ ਅੰਦਰ ਸਹੀ ਵਿਕਾਸ ਗਿਣਿਆ ਜਾਵੇਗਾ। ਜਦ ਤੱਕ ਔਰਤਾਂ ਦੇ ਹੱਕਾਂ ਦਾ ਘਾਣ ਹੁੰਦਾ ਰਹੇਗਾ ਭਾਰਤ ਕਦੇ ਵੀ ਵਿਕਸਿਤ ਮੁਲਕਾਂ ਵਿੱਚ ਨਹੀਂ ਗਿਣਿਆ ਜਾਵੇਗਾ। ਜਿਸ ਦਿਨ ਔਰਤ ਨੂੰ ਇਨਸਾਨ ਗਿਣਿਆ ਗਿਆ ਤੇ ਉਸ ‘ਤੇ ਤਿਰਸਕਾਰ ਲਈ ਘੜੀਆਂ ਗਈਆਂ ਪਰੰਪਰਾਵਾਂ ਦੇ ਸੰਗਲਾਂ ਨੂੰ ਤੋੜਿਆ  ਗਿਆ ਉਸੇ ਦਿਨ ਹੀ ਭਾਰਤ ਆਪਣੀਆਂ ਧੀਆਂ ਦੇ ਸਕਰਾਤਮਿਕ ਯੋਗਦਾਨ ਤੇ ਭੈਣਾਂ ਦਾ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਰਤ ਨੂੰ ਵਿਕਸਿਤ ਮੁਲਕ ਬਣਾਉਣ ਵਿਚਲੇ ਯਤਨਾਂ ਸਦਕਾ ਦੁਨੀਆਂ ਦੇ ਚੋਟੀ ਦੇ ਮੁਲਕਾਂ ਵਿੱਚ ਸ਼ਾਮਲ ਹੋ ਜਾਵੇਗਾ।

 

ਵੇਖੀਏ ਹੁਣ ਅਨੇਕਾਂ ਚੋਰਾਂ, ਹਰਾਮਖੋਰਾਂ ਧਾੜਵੀਆਂ ਠੱਗਾਂ ਨਿੰਦਕਾਂ ਖੂਨੀਆਂ ਤੇ ਦੂਜਿਆਂ ‘ਤੇ ਵਧੀਕੀਆਂ ਕਰਨ ਵਾਲਿਆਂ ਅੱਗੇ ਕਿਹੜਾ ਬਹਾਦਰ ਬੋਤਾ ਸਿੰਘ ਵਾਂਗ ਡਟ ਕੇ ਖਲੋਣ ਦੀ ਹਿੰਮਤ ਕਰਦਾ ਹੈ? ਜੇ ਨਹੀਂ ਤਾਂ ਹੁਣ ਔਰਤਾਂ ਨੂੰ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਕੇ ਮਾਈ ਭਾਗੋ ਜਾਂ ਮਾਈ ਤੇਜੋ ਬਣ ਕੇ ਹਰਾਮਖੋਰਾਂ ਦੀਆਂ ਗਰਦਨਾਂ ਵੱਢਣ ਲਈ ਉੱਠਣਾ ਪੈਣਾ ਹੈ।

 

ਗੱਲ ਸੋਚਣ ਦੀ ਇਹ ਬਚੀ ਹੈ ਕਿ ਗੁਜਰਾਤ ਦੇ ਸਵਾਮੀ ਜੀ ਦੇ ਪ੍ਰਵਚਨ ਅਨੁਸਾਰ ( ਜੋ ਸਹਿਜਨੰਦ ਗਰਲਜ਼ ਕਾਲਜ਼ ਚਲਾਉਂਦੇ ਹਨ) ਮਾਹਵਾਰੀ ਦੌਰਾਨ ਆਪਣੇ ਪਤੀ ਲਈ ਰੋਟੀ ਬਣਾਉਣ ਵਾਲੀਆਂ ਔਰਤਾਂ ਅਗਲੇ ਜਨਮ ਵਿੱਚ ਕੁੱਤੀਆਂ ਬਣਦੀਆਂ ਹਨ ਤੇ ਉਨ੍ਹਾਂ ਦੇ ਹੱਥੋਂ ਰੋਟੀ ਖਾਣ ਵਾਲੇ ਮਰਦ ਬਲਦ। ਦੁਨੀਆਂ ਦੇ ਹਰ ਕੋਨੇ ਵਿੱਚ ਔਰਤਾਂ ਰੋਟੀ ਬਣਾ ਰਹੀਆਂ ਹਨ। ਜੇ ਇਹ ਸੱਚ ਹੁੰਦਾ ਤਾਂ ਦੁਨੀਆਂ ਭਰ ਵਿੱਚ ਇਸ ਸਮੇਂ ਅਗਲੇ ਜਨਮ ਵਿੱਚ ਬਣ ਚੁੱਕੀਆਂ ਉਨ੍ਹਾਂ ਕੁੱਤੀਆਂ ਦੇ ਕੁੱਖੋਂ ਜੰਮੇ ਕੁੱਤੇ ਹੀ ਦਿਸਦੇ ਜਾਂ ਫਿਰ ਬਲਦ? ਆਖਰ ਇਨਸਾਨ ਹਾਲੇ ਤੱਕ ਦਿਸ ਕਿਵੇਂ ਰਹੇ ਹਨ? ਇਹ ਵੀ ਹਾਲੇ ਤੱਕ ਮੈਡੀਕਲ ਸਾਇੰਸ ਵਿੱਚ ਸੰਭਵ ਨਹੀਂ ਹੋ ਸਕਿਆ ਕਿ ਕੁੱਤੀਆਂ ਦੀ ਕੁੱਖੋਂ ਬਲਦ ਜੰਮ ਰਹੇ ਹੋਣ। ਫਿਰ ਕੀ ਬਲਦਾਂ ਨੂੰ ਦਰਖਤਾਂ ਵਾਂਗ ਉੱਗ ਕੇ ਜ਼ਮੀਨ ਹੇਠੋਂ ਨਿੱਕਲਣਾ ਸੀ ਜਾਂ ਆਸਮਾਨ ਵਿੱਚੋਂ ਹੇਠਾਂ ਡਿੱਗਣਾ ਸੀ?

 

ਪਹਿਲਾ ਸਮਾਂ ਸੀ ਜਦੋਂ ਔਰਤਾਂ ਇਹ ਸਭ ਸੁਣ ਕੇ ਸਬਰ ਕਰ ਲੈਂਦੀਆਂ ਸਨ ਕਿ

 

“ਚੱਲ ਬੁੱਲਿਆ ਚੱਲ ਵਰ੍ਹਦੇ ਮੀਂਹ ‘ਚ ਆਪਾਂ ਰੱਜ ਕੇ ਰੋਈਏ,

ਅੱਥਰੂ ਕਣੀਆਂ ਇੱਕ ਮਿੱਕ ਹੋਵਣ ਏਦਾਂ ਪੀੜ ਲਕੋਈਏ।”

 

ਇਸੇ ਲਈ ਮਰਦ ਪ੍ਰਧਾਨ ਸਮਾਜ ਅਧਨੰਗੇ ਜਿਸਮਾਂ ਨੂੰ ਫਖਰ ਨਾਲ ਮਧੋਲਦਾ ਰਿਹਾ ਤੇ ਔਰਤ ਨੂੰ ਚੰਮ ਦੀ ਗੁੱਡੀ ਬਣਾ ਕੇ ਖੇਡਦਾ ਰਿਹਾ।

ਪਰ ਹੁਣ ਸਮਾਂ ਤਲਵਾਰ ਚੁੱਕਣ ਦਾ ਹੈ

 

“ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸਤ

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।”

Share this Article
Leave a comment