ਜਿਨਸੀ ਸ਼ੋਸ਼ਣ; ਕੌਣ ਜ਼ਿੰਮੇਵਾਰ?

Prabhjot Kaur
4 Min Read

ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ

ਜਿਨਸੀ ਸ਼ੋਸ਼ਣ। ਕੋਣ ਜ਼ਿੰਮੇਵਾਰ ? ਸਰਕਾਰਾਂ ? ਸਮਾਜ ? ਇਨ੍ਹਾਂ ਸਵਾਲਾਂ ਦਾ ਜਵਾਬ ਲੈਣ ਲਈ ਮਹਿਲਾ ਰੈਸਲਰ ਪਿਛਲੇ ਦਿਨਾਂ ਤੋਂ ਲਗਾਤਾਰ ਜੰਤਰ-ਮੰਤਰ ਦਿੱਲੀ ਧਰਨੇ ਤੇ ਬੈਠੀਆਂ ਹਨ। ਇਹ ਸਵਾਲ ਸਾਡੇ ਸਮਾਜ, ਸਰਕਾਰ ਅਤੇ ਖੇਡ ਜਗਤ ਲਈ ਬਹੁਤ ਅਹਿਮੀਅਤ ਰੱਖਦੇ ਹਨ। ਰਾਸ਼ਟਰ ਮੰਡਲ ਖੇਡਾਂ ਵਿੱਚ ਤਿੰਨ ਵਾਰ ਦੀ ਚੈਂਪੀਅਨ ਵਿਨੇਸ਼ ਫੋਗਾਟ ਅਤੇ ਉਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਜਦੋਂ ਸਵਾਲ ਚੁੱਕਣ ਤਾਂ ਸਰਕਾਰ ਦੀ ਜਵਾਬਦੇਹੀ ਬਣਦੀ ਹੈ। ਜਿਹੜੇ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕੇਵਲ ਆਪਣਾ ਹੀ ਸਿਰ ਉੱਚਾ ਨਹੀਂ ਕੀਤਾ ਸਗੋਂ ਦੇਸ਼ ਦਾ ਸਿਰ ਵੀ ਉੱਚਾ ਕੀਤਾ ਹੋਵੇ ਤਾਂ ਜੇਕਰ ਉਹੀ ਖਿਡਾਰੀ ਜੰਤਰ-ਮੰਤਰ ਤੇ ਬੈਠ ਕੇ ਹੰਝੂ ਕੇਰਨ ਤਾਂ ਮੁਲਕ ਦਾ ਸਿਰ ਵੀ ਨੀਵਾਂ ਹੁੰਦਾ ਲੱਗਦਾ ਹੈ। ਕਿਧਰੇ ਮਰਦ ਪ੍ਰਧਾਨ ਸਮਾਜ ਦਾ ਵਰਤਾਰਾ ਵੀ ਸਾਫ਼ ਨਜ਼ਰ ਆਉਂਦਾ ਹੈ। ਇਹ ਕੇਵਲ ਖੇਡਾਂ ਦੇ ਮਾਮਲੇ ਵਿੱਚ ਹੀ ਨਹੀਂ ਸਗੋਂ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਪਹਿਲਾਂ ਤਾਂ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਭੇਜਿਆ ਹੀ ਬਹੁਤ ਘੱਟ ਜਾਂਦਾ ਹੈ ਪਰ ਜੇਕਰ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰਨਗੀਆਂ ਤਾਂ ਕੋਣ ਕੁੜੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਭੇਜੇਗਾ। ਬੇਸ਼ੱਕ ਕੇਂਦਰੀ ਖੇਡ ਮੰਤਰੀ ਨੇ ਇਸ ਮਾਮਲੇ ਵਿੱਚ ਖਿਡਾਰਨ ਕੁੜੀਆਂ ਨਾਲ ਗੱਲ-ਬਾਤ ਵੀ ਕੀਤੀ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਮਾਮਲੇ ਵਿੱਚ ਤਹਿ ਤੱਕ ਜਾ ਕੇ ਕਾਰਵਾਈ ਕੀਤੀ ਜਾਵੇ।

ਜਿਨਸੀ ਸ਼ੋਸ਼ਣ ਦੇ ਮਾਮਲੇ ਜਦੋਂ ਸਾਹਮਣੇ ਆਉਂਦੇ ਹਨ ਤਾਂ ਉਂਗਲ ਸਾਡੇ ਸਮਾਜ ਵੱਲ ਵੀ ਉੱਠਦੀ ਹੈ। ਆਖ਼ਿਰ ਕੁੜੀਆਂ ਨੂੰ ਕਿਉਂ ਇਨ੍ਹਾਂ ਕਮਜ਼ੋਰ ਬਣਾਇਆ ਜਾਂਦਾ ਹੈ। ਜਦੋਂ ਘਰ ਦੇ ਵਿੱਚ ਹੀ ਬੇਟਾ ਅਤੇ ਪਤੀ ਪ੍ਰਧਾਨ ਸਮਾਜ ਹੋਵੇਗਾ ਤਾਂ ਲੜਕੀਆਂ ਲਈ ਚੰਗੇ ਮਾਹੌਲ ਦੀ ਕਿੱਥੋਂ ਆਸ ਰੱਖੀ ਜਾ ਸਕਦੀ ਹੈ? ਸਮਾਜਿਕ ਤੌਰ ਤੇ ਵੀ ਇਸ ਮਾਮਲੇ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਵੱਡੀ ਲੋੜ ਹੈ। ਮਿਸਾਲ ਵਜੋਂ ਪੰਚਾਇਤੀ ਖੇਤਰ ਵਿੱਚ ਔਰਤਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਗਈ ਹੈ ਪਰ ਅਜੇ ਵੀ ਪੰਚਾਇਤਾਂ ਵਿੱਚ ਪਤੀ ਸਰਪੰਚ ਹੀ ਪ੍ਰਧਾਨ ਹਨ। ਅਜਿਹੀਆਂ ਮਿਸਾਲਾਂ ਵੀ ਹਨ ਕਿ ਜੇਕਰ ਕਿਸੇ ਮਹਿਲਾ ਨੂੰ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਤਾਂ ਵਿਭਾਗ ਨਾਲ ਸੰਬੰਧਿਤ ਅਹਿਮ ਮਾਮਲਿਆਂ ਦਾ ਨਿਪਟਾਰਾ ਪਤੀ ਹੀ ਕਰਦਾ ਹੈ।

ਖੇਡਾਂ ਦੇ ਖੇਤਰ ਵਿੱਚ ਜਿਹੜੀਆਂ ਖੇਡਾਂ ਔਰਤਾਂ ਨਾਲ ਸੰਬੰਧਿਤ ਹਨ, ਉਨ੍ਹਾਂ ਖੇਡਾਂ ਦੀਆਂ ਜਥੇਬੰਦੀਆਂ ਔਰਤਾਂ ਨੂੰ ਹੀ ਅੱਗੇ ਲੈ ਕੇ ਆਉਣ। ਇਹ ਮੰਨਿਆ ਜਾਂਦਾ ਹੈ ਕਿ ਖੇਡਾਂ ਦੇ ਖੇਤਰ ਵਿੱਚ ਕਈ ਵਾਰ ਸੀਨੀਅਰ ਅਹੁਦੇਦਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਖਿਡਾਰੀਆਂ ਦਾ ਕੈਰੀਅਰ ਵੀ ਬਰਬਾਦ ਕਰ ਦਿੰਦੇ ਹਨ। ਇਸ ਲਈ ਖੇਡ ਪ੍ਰਬੰਧ ਵਿੱਚ ਵੀ ਸੁਧਾਰ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਇਹ ਵੀ ਅਹਿਮ ਹੈ ਕਿ ਖੇਡ ਜਥੇਬੰਦੀਆਂ ਵਿੱਚ ਰਾਜਸੀ ਦਖ਼ਲ ਬੰਦ ਕੀਤਾ ਜਾਵੇ। ਜੇਕਰ ਖੇਡ ਜਗਤ ਨੂੰ ਚੰਗੇ ਖਿਡਾਰੀਆਂ ਦੇ ਹਵਾਲੇ ਕੀਤਾ ਜਾਵੇਗਾ ਤਾਂ ਇਸ ਦੇ ਨਤੀਜੇ ਵੀ ਚੰਗੇ ਹੋਣਗੇ।

- Advertisement -

ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਮੁੱਖੀ ਸਵਾਤੀ ਮਾਲੀਵਾਲ ਨਾਲ ਹੋਈ ਬਦਸਲੂਕੀ ਵੀ ਸਾਡੇ ਰਾਜਸੀ ਅਤੇ ਪ੍ਰਸ਼ਾਸਕੀ ਸਿਸਟਮ ਉੱਤੇ ਸਵਾਲ ਖੜੇ ਕਰਦੀ ਹੈ। ਇਹ ਇੱਕ ਇਹੋ ਜਿਹਾ ਵਰਤਾਰਾ ਹੈ ਕਿ ਮਹਿਲਾ ਕਮਿਸ਼ਨ ਦੀ ਮੁੱਖੀ ਦਿੱਲੀ ਵਿੱਚ ਰਾਤ ਮੌਕੇ ਔਰਤਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਗਈ ਸੀ ਪਰ ਆਪ ਹੀ ਛੇੜ-ਛਾੜ ਦਾ ਸ਼ਿਕਾਰ ਹੋ ਗਈ। ਇਸ ਲਈ ਅਜਿਹੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ ਉੱਥੇ ਹੀ ਸਮਾਜਿਕ ਪੱਧਰ ਤੇ ਵੀ ਮੁਹਿੰਮ ਇਸ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

Share this Article
Leave a comment