ਨਿਊਯਾਰਕ ਪੁਲਿਸ ‘ਚ ਤਾਇਨਾਤ ਪੰਜਾਬਣ ਨੂੰ ਮਿਲੀ ਤਰੱਕੀ

Prabhjot Kaur
3 Min Read

ਨਿਊਯਾਰਕ: ਅਮਰੀਕਾ ਦੀ ਨਿਊਯਾਰਕ ਸਿਟੀ ਪੁਲਿਸ ‘ਚ ਤਾਇਨਾਤ ਪੰਜਾਬਣ ਪ੍ਰਤਿਮਾ ਭੁੱਲਰ ਨੂੰ ਤਰੱਕੀ ਦੇ ਕੇ ਕੈਪਟਨ ਬਣਾ ਦਿੱਤਾ ਗਿਆ ਤੇ ਅਮਰੀਕਾ ‘ਚ ਇਹ ਰੈਂਕ ਹਾਸਲ ਕਰਨ ਵਾਲੀ ਪ੍ਰਤਿਮਾ ਭੁੱਲਰ ਪਹਿਲੀ ਏਸ਼ੀਆਈ ਔਰਤ ਬਣ ਗਈ ਹੈ। ਪ੍ਰਤਿਮਾ ਭੁੱਲਰ ਮਾਲਡੋਨਾਡੋ ਕਵੀਨਜ਼ ਦੇ ਸਾਊਥ ਰਿਚਮੰਡ ਹਿੱਲ ਵਿੱਚ 102ਵੇਂ ਪੁਲਿਸ ਕੈਂਪਸ ਦਾ ਸੰਚਾਲਨ ਕਰਦੀ ਹੈ। ਉਨ੍ਹਾਂ ਨੂੰ ਤਰੱਕੀ ਦੇ ਕੇ ਕੈਪਟਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਚਾਰ ਬੱਚਿਆਂ ਦੀ ਮਾਂ ਪ੍ਰਤਿਮਾ ਭੁੱਲਰ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ 9 ਸਾਲ ਦੀ ਉਮਰ ਤੱਕ ਉਹ ਪੰਜਾਬ ਵਿੱਚ ਹੀ ਰਹੀ।

ਤਰੱਕੀ ਮਿਲਣ ਤੋਂ ਬਾਅਦ ਪ੍ਰਤਿਮਾ ਨੇ ਕਿਹਾ ਕਿ ਉਸ ਨੂੰ ਸਾਊਥ ਰਿਚਮੰਡ ਹਿੱਲ ਆਪਣੇ ਘਰ ਜਿਹਾ ਹੀ ਲੱਗਦਾ ਹੈ, ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਦੇ 25 ਸਾਲ ਇਸੇ ਖੇਤਰ ਵਿੱਚ ਬਿਤਾਏ। ਸਾਊਥ ਰਿਚਮੰਡ ਹਿੱਲ ‘ਚ ਵੱਡੀ ਗਿਣਤੀ ਸਿੱਖ ਵਸੇ ਹੋਏ ਹਨ। ਗੁਰਦੁਆਰਾ ਵਿੱਚ ਮੱਥਾ ਟੇਕ ਕੇ ਪ੍ਰਤਿਮਾ ਭੁੱਲਰ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਗੁਰੂ ਘਰ ਵਿੱਚ ਜਾਂਦੀ ਹੈ, ਪਰ ਅੱਜ ਕੈਪਟਨ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਉਸ ਦੇ ਮਨ ਨੂੰ ਕਾਫ਼ੀ ਸਕੂਨ ਮਿਲਿਆ। ਉਨ੍ਹਾਂ ਕਿਹਾ ਕਿ ਪੁਲਿਸ ਨਾਲ ਲੋਕਾਂ ਦੇ ਤਾਲਮੇਲ ਵਿੱਚ ਉਨ੍ਹਾਂ ਦੀ ਕੈਪਟਨ ਦੇ ਰੂਪ ਵਿੱਚ ਭੂਮਿਕਾ ਅਹਿਮ ਰੋਲ ਅਦਾ ਕਰੇਗੀ। ਬਹੁਤ ਸਾਰੇ ਅਜਿਹੇ ਲੋਕ ਨੇ, ਜਿਹੜੇ ਅੰਗਰੇਜ਼ੀ ਨਹੀਂ ਬੋਲ ਸਕਦੇ ਜਾਂ ਅੰਗਰੇਜ਼ੀ ਉਨ੍ਹਾਂ ਦੀ ਦੂਜੀ ਭਾਸ਼ਾ ਹੈ। ਪੁਲਿਸ ਨਾਲ ਰਾਬਤਾ ਕਾਇਮ ਕਰਨ ਵਿੱਚ ਉਨ੍ਹਾਂ ਨੂੰ ਭਾਸ਼ਾ ਕਰਕੇ ਵੱਡੀ ਰੁਕਾਵਟ ਆਉਂਦੀ ਹੈ। ਇਹ ਸਾਰੀਆਂ ਗੱਲਾਂ ਉਹ ਬਚਪਨ ਤੋਂ ਦੇਖਦੀ ਆ ਰਹੀ ਹੈ, ਪਰ ਹੁਣ ਵੱਡੇ ਅਹੁਦੇ ‘ਤੇ ਵਿਰਾਜਮਾਨ ਹੋਣ ਦੇ ਚਲਦਿਆਂ ਉਹ ਇਸ ਪਾਸੇ ਖਾਸ ਧਿਆਨ ਦੇਵੇਗੀ।

ਕੈਪਟਨ ਦਾ ਅਹੁਦਾ ਹਾਸਲ ਕਰਕੇ ਪ੍ਰਤਿਮਾ ਭੁੱਲਰ, ਦੱਖਣੀ ਏਸ਼ੀਆ ਮੂਲ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਨੂੰ ਨਿਊਯਾਰਕ ਸਿਟੀ ਪੁਲਿਸ ਵਿਭਾਗ ਵਿੱਚ ਸਰਵਉੱਚ ਰੈਂਕ ਹਾਸਲ ਹੋਇਆ। ਕੈਪਟਨ ਪ੍ਰਤਿਮਾ ਭੁੱਲਰ ਨੇ ਕਿਹਾ ਕਿ ਇਹ ਅਹੁਦਾ ਵੱਡੀ ਜ਼ਿੰਮੇਦਾਰੀ ਹੈ। ਉਹ ਸਿਰਫ਼ ਨਾਂ ਆਪਣੇ ਪੰਜਾਬੀ ਭਾਈਚਾਰੇ ਲਈ, ਸਗੋਂ ਹੋਰ ਭਾਈਚਾਰੇ ਦੀਆਂ ਔਰਤਾਂ ਅਤੇ ਬੱਚਿਆਂ ਲਈ ਵੀ ਇੱਕ ਬਹਿਤਰ ਅਤੇ ਚਰਮ ਉਦਾਹਰਨ ਬਣਨਾ ਚਾਹੁੰਦੀ ਹੈ।

ਉਸ ਨੇ ਕਿਹਾ ਕਿ ਉਹ ਹਰ ਭਾਈਚਾਰੇ ਨਾਲ ਪੁਲਿਸ ਦਾ ਤਾਲਮੇਲ ਵਧਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਹਿਮ ਕਦਮ ਚੁੱਕੇਗੀ। ਪ੍ਰਤਿਮਾ ਨੇ ਕਿਹਾ ਕਿ ਉਸ ਦੇ ਪਿਤਾ ਕਈ ਸਾਲ ਟੈਕਸੀ ਚਲਾਉਂਦੇ ਰਹੇ। ਉਨ੍ਹਾਂ ਨੇ ਉਸ ਦਾ ਪੁਲਿਸ ‘ਚ ਭਰਤੀ ਹੋਣ ਲਈ ਪੂਰਾ ਸਮਰਥਨ ਕੀਤਾ, ਪਰ ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਹੀ 2006 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹੁਣ ਕੈਪਟਨ ਬਣ ਚੁੱਕੀ ਪ੍ਰਤਿਮਾ ਨੇ ਕਿਹਾ ਕਿ ਜੇਕਰ ਉਸ ਦੇ ਪਿਤਾ ਜ਼ਿੰਦਾ ਹੁੰਦੇ ਤਾਂ ਅੱਜ ਉਸ ਨੂੰ ਇਸ ਅਹੁਦੇ ‘ਤੇ ਵੇਖ ਕੇ ਬਹੁਤ ਖੁਸ਼ ਹੁੰਦੇ।

- Advertisement -

Share this Article
Leave a comment