ਨਿਊਜ਼ ਡੈਸਕ: ਆਸਟਰੇਲੀਆ ਦੇ ਮੈਲਬੌਰਨ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਜਿੱਥੇ 19 ਜੁਲਾਈ ਨੂੰ ਮੈਲਬੌਰਨ ਦੇ ਅਲਟੋਨਾ ਮੀਡੋਜ਼ ਵਿੱਚ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਨੇੜੇ ਕੁਝ ਹਮਲਾਵਰਾਂ ਨੇ ਭਾਰਤੀ ਮੂਲ ਦੇ 33 ਸਾਲਾ ਸੌਰਭ ਆਨੰਦ ‘ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਸੌਰਭ ਦਾ ਖੱਬਾ ਹੱਥ ਲਗਭਗ ਕੱਟਿਆ ਗਿਆ ਹੈ ਅਤੇ ਉਸਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਰਿਪੋਰਟਾਂ ਅਨੁਸਾਰ, ਸੌਰਭ ਦਵਾਈ ਲੈ ਕੇ ਘਰ ਵਾਪਿਸ ਆ ਰਿਹਾ ਸੀ, ਜਦੋਂ ਕੁਝ ਹਮਲਾਵਰਾਂ ਨੇ ਉਸ ‘ਤੇ ਪਿੱਛੇ ਤੋਂ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸੌਰਭ ਨੂੰ ਧੱਕਾ ਦੇ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਇੱਕ ਹਮਲਾਵਰ ਨੇ ਉਸ ਦੀਆਂ ਜੇਬਾਂ ਵਿੱਚੋਂ ਕੀਮਤੀ ਸਮਾਨ ਕੱਢਣ ਦੀ ਕੋਸ਼ਿਸ਼ ਕੀਤੀ। ਇੱਕ ਹੋਰ ਹਮਲਾਵਰ ਨੇ ਸੌਰਭ ਦੇ ਸਿਰ ‘ਤੇ ਵਾਰ-ਵਾਰ ਮੁੱਕੇ ਮਾਰੇ। ਇਸ ਤੋਂ ਬਾਅਦ, ਇੱਕ ਕਿਸ਼ੋਰ ਨੇ ਚਾਕੂ ਕੱਢਿਆ, ਸੌਰਭ ਦੀ ਗਰਦਨ ‘ਤੇ ਰੱਖ ਦਿੱਤਾ ਅਤੇ ਉਸਦੇ ਹੱਥਾਂ, ਮੋਢਿਆਂ ਅਤੇ ਪਿੱਠ ‘ਤੇ ਹਮਲਾ ਕਰ ਦਿੱਤਾ।
ਮਾਮਲੇ ਵਿੱਚ, ਸੌਰਭ ਨੇ ਹਸਪਤਾਲ ਵਿੱਚ ਦੱਸਿਆ ਕਿ ਮੈਂ ਆਪਣੇ ਚਿਹਰੇ ਨੂੰ ਬਚਾਉਣ ਲਈ ਆਪਣਾ ਹੱਥ ਉੱਚਾ ਕੀਤਾ, ਪਰ ਚਾਕੂ ਨੇ ਮੇਰਾ ਗੁੱਟ ਕੱਟ ਦਿੱਤਾ। ਦੂਜਾ ਵਾਰ ਮੇਰੇ ਹੱਥ ਵਿੱਚ ਲੱਗਿਆ ਅਤੇ ਤੀਜਾ ਵਾਰ ਮੇਰੀ ਹੱਡੀ ਵਿੱਚ ਲੱਗਿਆ।ਸੌਰਭ ਨੇ ਕਿਹਾ ਕਿ ਉਹ ਸਿਰਫ਼ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦਾ ਖੱਬਾ ਹੱਥ ਲਗਭਗ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ ਅਤੇ ਉਹ ਦਰਦ ਨਾਲ ਚੀਕ ਰਿਹਾ ਸੀ।ਹਾਲਾਂਕਿ, ਉੱਥੋਂ ਲੰਘ ਰਹੇ ਲੋਕਾਂ ਨੇ ਸੌਰਭ ਦੀ ਮਦਦ ਕੀਤੀ ਅਤੇ ਐਮਰਜੈਂਸੀ ਨੰਬਰ ‘ਤੇ ਫ਼ੋਨ ਕੀਤਾ। ਸੌਰਭ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਉਸਦਾ ਹੱਥ ਦੁਬਾਰਾ ਜੋੜ ਦਿੱਤਾ। ਉਸਦੇ ਸਿਰ, ਬਾਂਹ ਅਤੇ ਰੀੜ੍ਹ ਦੀ ਹੱਡੀ ‘ਤੇ ਵੀ ਸੱਟਾਂ ਲੱਗੀਆਂ ਹਨ।