ਭਾਰਤੀ ਮੂਲ ਦੇ ਜਸਟਿਸ ਮਹਿਮੂਦ ਜਮਾਲ ਨੇ ਸਿਰਜਿਆ ਨਵਾਂ ਇਤਿਹਾਸ

TeamGlobalPunjab
2 Min Read

ਟੋਰਾਂਟੋ : ਭਾਰਤੀ ਮੂਲ ਦੇ ਜਸਟਿਸ ਮਹਿਮੂਦ ਜਮਾਲ ਨੇ ਇਤਿਹਾਸ ਸਿਰਜ ਦਿੱਤਾ ਹੈ। ਜਸਟਿਸ ਜਮਾਲ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਹੋਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਬਣ ਗਏ ਹਨ। ਉਹਨਾਂ ਨੂੰ ਓਂਟਾਰੀਓ ਦੀ ਅਪੀਲ ਕੋਰਟ ਤੋਂ ਤਰੱਕੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਸਾਲ 2019 ਤੋਂ ਹੁਣ ਤੱਕ ਸੇਵਾ ਨਿਭਾਈ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਜਸਟਿਸ ਜਮਾਲ ਨੂੰ ਨਾਮਜ਼ਦ ਕਰਦਿਆਂ ਕਿਹਾ, “ਮੈਂ ਜਸਟਿਸ ਮਹਿਮੂਦ ਜਮਾਲ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਕਰਨ ਦੀ ਘੋਸ਼ਣਾ ਕਰ ਕੇ ਖੁਸ਼ ਹਾਂ। ਦੁਨੀਆ ਭਰ ਵਿਚ ਸਨਮਾਨਿਤ ਕੈਨੇਡਾ ਦੀ ਸੁਪਰੀਮ ਕੋਰਟ ਆਪਣੀ ਤਾਕਤ, ਸੁਤੰਤਰਤਾ ਅਤੇ ਨਿਆਂਇਕ ਉੱਤਮਤਾ ਲਈ ਜਾਣੀ ਜਾਂਦੀ ਹੈ।”

ਜਸਟਿਸ ਜਮਾਲ ਦਾ ਜਨਮ 1967 ਵਿਚ ਨੈਰੋਬੀ ਵਿਚ ਹੋਇਆ ਸੀ ਜਿੱਥੇ ਉਹਨਾਂ ਦਾ ਪਰਿਵਾਰ ਇੱਕ ਪੀੜ੍ਹੀ ਪਹਿਲਾਂ ਭਾਰਤ ਤੋਂ ਆਇਆ ਸੀ। ਬਾਅਦ ਵਿਚ ਇਹ ਪਰਿਵਾਰ 1969 ਵਿੱਚ ਯੂਕੇ ਚਲਾ ਗਿਆ।ਉਹ ਆਪਣੇ ਪਰਿਵਾਰ ਨਾਲ 1981 ਵਿਚ ਕੈਨੇਡਾ ਆਏ। ਇੱਥੇ ਉਹਨਾਂ ਨੇ ਮੈਕਗਿੱਲ ਯੂਨੀਵਰਸਿਟੀ ਅਤੇ ਫਿਰ ਯੇਲ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਆਪਣੀ ਡਿਗਰੀ ਲਈ ਟੋਰਾਂਟੋ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ।

ਅੰਗ੍ਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਜਸਟਿਸ ਜਮਾਲ ਸੁਪਰੀਮ ਕੋਰਟ ਵਿਚ ਸਿਵਲ, ਸੰਵਿਧਾਨਕ, ਅਪਰਾਧਿਕ ਅਤੇ ਨਿਯਮਿਤ ਮਾਮਲਿਆਂ ਬਾਰੇ 35 ਅਪੀਲਾਂ ਵਿਚ ਪੇਸ਼ ਹੋਏ ਹਨ। ਜਸਟਿਸ ਜਮਾਲ ਦਾ ਵਿਆਹ ਗੋਲੇਟਾ ਨਾਲ ਹੋਇਆ ਹੈ ਜੋ ਕਿ ਈਰਾਨ ਵਿਚ 1979 ਦੀ ਕ੍ਰਾਂਤੀ ਤੋਂ ਬਾਅਦ ਆਪਣੇ ਬਹਾਈ ਧਰਮ ਦੇ ਅਤਿਆਚਾਰ ਤੋਂ ਬਚਣ ਲਈ ਕਿਸ਼ੋਰੀ ਸ਼ਰਨਾਰਥੀ ਵਜੋਂ ਕੈਨੇਡਾ ਭੱਜ ਗਈ ਸੀ। ਉਹਨਾਂ ਨੇ ਵਿਆਹ ਮਗਰੋਂ ਬਹਾਈ ਧਰਮ ਛੱਡ ਦਿੱਤਾ।

Share this Article
Leave a comment