ਬ੍ਰਿਟੇਨ: ਭਾਰਤੀ ਮੂਲ ਦਾ ਡਾਕਟਰ ਕੈਂਸਰ ਦੀ ਜਾਂਚ ਦੇ ਨਾਮ ‘ਤੇ ਕਰਦਾ ਸੀ ਜਿਨਸੀ ਸ਼ੋਸ਼ਣ

TeamGlobalPunjab
2 Min Read

ਲੰਦਨ: ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ 25 ਔਰਤਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਡਾ.ਸ਼ਾਹ ‘ਤੇ ਦੋਸ਼ ਹੈ ਕਿ ਉਸਨੇ ਕੈਂਸਰ ਦਾ ਖ਼ਤਰਾ ਦੱਸ ਕੇ ਔਰਤਾਂ ਦਾ ਯੋਨ ਸ਼ੋਸ਼ਣ ਕੀਤਾ। ਉਹ ਔਰਤਾਂ ਨੂੰ ਇਹ ਕਹਿ ਕੇ ਡਰਾ ਦਿੰਦਾ ਸੀ ਕਿ ਉਹ ਵੀ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਦੀ ਤਰ੍ਹਾਂ ਬਰੈਸਟ ਕੈਂਸਰ ਦਾ ਸ਼ਿਕਾਰ ਹੋ ਸਕਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੰਦਾ ਸੀ ਅਤੇ ਇਸ ਬਹਾਨੇ ਉਨ੍ਹਾਂ ਦਾ ਸ਼ੋਸ਼ਣ ਕਰਦਾ। ਹਾਲਾਂਕਿ, ਡਾਕਟਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਉਸਨੇ ਕਿਹਾ ਕਿ ਉਹ ਡਿਫੈਂਸਿਵ ਮੈਡੀਸਿਨ ਦੀ ਪ੍ਰੈਕਟਿਸ ਕਰ ਰਿਹਾ ਸੀ।

ਲੰਦਨ ਦੇ ਓਲਡ ਬੈਲੇ ਕੋਰਟ (Old Bailey court) ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਉਹ ਔਰਤਾਂ ਨੂੰ ਡਰਾਉਣ ਲਈ ਹਾਲੀਵੁੱਡ ਤੇ ਟੀਵੀ ਅਦਾਕਾਰਾ ਨੂੰ ਕੈਂਸਰ ਹੋਣ ਦੀਆਂ ਖਬਰਾਂ ਦਾ ਸਹਾਰਾ ਲੈਂਦਾ ਸੀ। ਇੱਕ ਮਹਿਲਾ ਮਰੀਜ਼ ਨੂੰ ਦੱਸਿਆ ਕਿ ਐਂਜਲੀਨਾ ਜੋਲੀ ਨੂੰ ਬਰੈਸਟ ਕੈਂਸਰ ਕਿਵੇਂ ਹੋਇਆ ਨਾਲ ਹੀ ਕਿਹਾ ਕਿ ਉਸਨੂੰ ਵੀ ਬਰੈਸਟ ਚੈਕਅਪ ਕਰਵਾ ਲੈਣਾ ਚਾਹੀਦਾ ਹੈ। ਵਕੀਲ ਕੇਟ ਬੈਕਸ ( Kate Bex ) ਨੇ ਕੋਰਟ ਨੂੰ ਦੱਸਿਆ ਕਿ ਉਹ ਬਿਨਾਂ ਕਿਸੇ ਮੈਡੀਕਲ ਜ਼ਰੂਰਤ ਦੇ ਬਰੈਸਟ ਅਤੇ ਵਜਾਈਨਲ ਚੈਕਅਪ ਕਰਦਾ ਸੀ।

ਦੱਸਣਯੋਗ ਹੈ ਕਿ ਡਾ.ਮਨੀਸ਼ ਨੇ ਮਈ 2009 ਤੋਂ ਜੂਨ 2013 ਦੇ ਵਿੱਚ ਕਈ ਨਾਬਾਲਗਾਂ ਦਾ ਵੀ ਯੋਨ ਸ਼ੋਸ਼ਣ ਕੀਤਾ ਜਿਨ੍ਹਾਂ ‘ਚੋਂ ਕੁੱਝ ਦੀ ਉਮਰ 11 ਸਾਲ ਸੀ। ਜਾਂਚ ਦੇ ਬਹਾਨੇ ਉਹ ਔਰਤਾਂ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ ਸੀ। ਸਾਲ 2013 ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ। ਮਾਮਲਾ ਪੁਲਿਸ ਤੱਕ ਪਹੁੰਚਿਆ ਇਸ ਤੋਂ ਬਾਅਦ ਉਸ ਦੇ ਖਿਲਾਫ ਪੁਲਿਸ ਜਾਂਚ ਸ਼ੁਰੂ ਹੋ ਗਈ। ਓਲਡ ਬੈਲੇ ਕੋਰਟ (Old Bailey court) ਦੇ ਜਸਟੀਸ ਐਨ.ਮਾਲਿਨਕ‍ਸ (Judge Anne Molyneux) ਡਾ.ਮਨੀਸ਼ ਨੂੰ 25 ਔਰਤਾਂ ਦੇ ਯੋਨ ਸ਼ੋਸ਼ਣ ਲਈ 7 ਫਰਵਰੀ ਨੂੰ ਸਜ਼ਾ ਸੁਣਾਉਣਗੇ।

Share this Article
Leave a comment