ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸਤ, ਭਾਰਤੀ ਮੂਲ ਦੇ ਡਾਕਟਰ ਜੋੜੇ ਤੇ ਧੀ ਦੀ ਮੌਤ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਇਕ ਛੋਟੇ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਭਾਰਤੀ ਮੂਲ ਦੇ ਪ੍ਰਮੁੱਖ ਡਾਕਟਰ ਜੋੜੇ ਤੇ ਉਨ੍ਹਾਂ ਦੀ 19 ਸਾਲਾ ਧੀ ਦੀ ਮੌਤ ਹੋ ਗਈ ਹੈ। ਇਹ ਘਟਨਾ ਵੀਰਵਾਰ ਸਵੇਰੇ ਫਿਲਾਡੇਲਫੀਆ ਵਿਖੇ ਹੋਈ ਜਿਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿਤੀ ਗਈ ਹੈ।

ਮ੍ਰਿਤਕਾਂ ਦੀ ਪਛਾਣ ਡਾਕਟਰ ਜਸਵੀਰ ਖੁਰਾਨਾ (60) ਉਨ੍ਹਾਂ ਦੀ ਪਤਨੀ ਡਾਕਟਰ ਦਿਵਿਆ ਖੁਰਾਨਾ (54) ਅਤੇ ਧੀ ਕਿਰਨ ਖੁਰਾਨਾ ਦੇ ਰੂਪ ‘ਚ ਹੋਈ ਹੈ। ਡਾਕਟਰ ਜਸਵੀਰ ਦੇ ਪਰਿਵਾਰ ‘ਚ ਇਕ ਹੋਰ ਧੀ ਹੈ ਪਰ ਉਹ ਉਨ੍ਹਾਂ ਦੇ ਨਾਲ ਜਹਾਜ਼ ‘ਚ ਸਵਾਰ ਨਹੀਂ ਸੀ।

ਖਬਰਾਂ ਅਨੁਸਾਰ ਫਿਲਾਡੇਲਫੀਆ ਇਨਕਵਾਇਰਰ ਦੀ ਖਬਰ ਮੁਤਾਬਕ ਜਸਵੀਰ ਖੁਰਾਨਾ ਇਕ ਲਾਇਸੰਸਧਾਰੀ ਪਾਇਲਟ ਸੀ, ਜਿਨ੍ਹਾਂ ਦੇ ਕੋਲ ਆਪਣੇ ਨਾਂ ‘ਤੇ ਰਜਿਸਟਰਡ 44 ਸਾਲ ਪੁਰਾਣਾ ਜਹਾਜ਼ ਸੀ। ਡਾਕਟਰ-ਖੋਜਕਾਰ ਪਤੀ ਅਤੇ ਪਤਨੀ ਨੇ ਏਮਸ ‘ਚ ਟ੍ਰੇਨਿੰਗ ਕੀਤੀ ਸੀ ਅਤੇ 2 ਦਹਾਕੇ ਤੋਂ ਜ਼ਿਆਦਾ ਸਮੇਂ ਪਹਿਲਾਂ ਅਮਰੀਕਾ ਚਲੇ ਗਏ ਸਨ।

ਰਾਸ਼ਟਰੀ ਪਰਿਵਹਨ ਸੁਰੱਖਿਆ ਬੋਰਡ ਨੇ ਕਿਹਾ ਕਿ ਜਹਾਜ਼ ਸਵੇਰੇ 6 ਵਜੇ ਤੋਂ ਬਾਅਦ ਨਾਰਥ ਈਸਟ ਫਿਲਾਡੇਲਫੀਆ ਹਵਾਈ ਅੱਡੇ ਤੋਂ ਰਵਾਨਾ ਹੋ ਕੇ ਕੋਲੰਬਸ ਦੇ ਓਹੀਓ ਸਟੇਟ ਯੂਨੀਵਰਸਿਟੀ ਏਅਰਪੋਰਟ ਵੱਲ ਜਾ ਰਿਹਾ ਸੀ। ਸੀ. ਬੀ. ਐੱਸ. ਨਿਊਜ਼ ਮੁਤਾਬਕ ਇਕ ਇੰਜਣ ਵਾਲਾ ਬੀਚਕ੍ਰਾਫਟ ਬੋਨਾਂਜਾ ਜਹਾਜ਼ ਲਗਭਗ 3 ਮਿੰਟ ਤੱਕ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਸਵੇਰੇ ਕਰੀਬ 6:20 ਮਿੰਟ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀਆਂ ਲਾਸ਼ਾਂ ਨੂੰ ਉਥੇ ਪਾਇਆ।

 

Share this Article
Leave a comment