ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕੋਰੋਨਾ ਨਾਲ ਨਜਿੱਠਣ ਲਈ ਲਿਆ ਵੱਡਾ ਫੈਸਲਾ

TeamGlobalPunjab
2 Min Read

ਨਵੀਂ ਦਿੱਲੀ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਹੁਣ ਤੱਕ ਦੁਨੀਆ ਦੇ 170 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਭਾਰਤ ਅੰਦਰ ਵੀ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 271 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਵਾਇਰਸ ਨਾਲ ਨਜਿੱਠਣ ਲਈ ਆਪਣੀ ਯੋਜਨਾ ‘ਚ ਤਬਦੀਲੀ ਕੀਤੀ ਹੈ।

ਆਈਸੀਐਮਆਰ ਨੇ ਸ਼ਨੀਵਾਰ ਨੂੰ ਆਪਣੀ ਰਣਨੀਤੀ ‘ਚ ਸੋਧ ਕੀਤੀ ਤੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਘੱਟ ਕਰਨ ਲਈ ਹੁਣ ਹਸਪਤਾਲਾਂ ‘ਚ ਸਾਹ ਦੀ ਗੰਭੀਰ ਬਿਮਾਰੀ, ਸਾਹ ਲੈਣ ‘ਚ ਮੁਸ਼ਕਲ, ਬੁਖਾਰ ਅਤੇ ਖੰਘ ਦੀ ਸ਼ਿਕਾਇਤ ਨਾਲ ਦਾਖਲ ਸਾਰੇ ਮਰੀਜ਼ਾਂ ਦੀ ਕੋਵਿਡ-19 ਸੰਕਰਮਣ ਦੀ ਜਾਂਚ ਕੀਤੀ ਜਾਵੇਗੀ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਕਿ ਕੋਰੋਨਾ ਦੇ ਸੰਕਰਮਿਤ ਮਰੀਜ਼ ਦੇ ਸੰਪਰਕ ‘ਚ ਆਉਣ ਜਾਂ ਫਿਰ ਕੋਰੋਨਾ ਵਾਇਰਸ ਦੇ ਮੁੱਢਲੇ ਲੱਛਣ ਦਿਖਣ ‘ਤੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉ ਤਾਂ ਜੋ ਇਸ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਪਿਛਲੇ ਇੱਕ ਹਫਤੇ ਦੌਰਾਨ ਕੋਰੋਨਾ ਦੇ ਤੇਜ਼ੀ ਨਾਲ ਫੈਲ ਰਹੇ ਸੰਕਰਮਣ ਦੇ ਮੱਦੇਨਜ਼ਰ ਆਈਸੀਐਮਆਰ ਨੇ ਆਪਣੀ ਰਣਨੀਤੀਆਂ ‘ਚ ਬਦਲਾਅ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 14 ਦਿਨਾਂ ‘ਚ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਲੋਕਾਂ ਦੀ ਪਹਿਲਾਂ ਤੇ ਬਾਅਦ ‘ਚ ਕੋਰੋਨਾ ਦੇ ਲੱਛਣ ਦਿਖਣ ‘ਤੇ ਕੋਰੋਨਾ ਸੰਕਰਮਣ ਦੀ ਜਾਂਚ ਕੀਤੀ ਗਈ ਹੈ। ਦੇਸ਼ ‘ਚ ਕੋਰੋਨਾ ਵਾਇਰਸ ਸਟੇਜ਼-2 ‘ਤੇ ਹੈ ਕਿਉਂਕਿ ਹੁਣ ਤੱਕ ਸਮੁਦਾਇਕ ਸੰਕਰਮਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਆਈਸੀਐੱਮਆਰ ਨੇ ਜਾਣਕਾਰੀ ਦਿੱਤੀ ਕਿ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜਾਂਚ ਦੇ ਨਿਯਮਾਂ ‘ਚ ਹੋਰ ਵੀ ਬਦਲਾਅ ਕੀਤਾ ਜਾਵੇਗਾ।

- Advertisement -

ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ 270 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਲਗਭਗ ਇਸ ਵਾਇਰਸ ਨਾਲ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਲੱਖ 50 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।



Share this Article
Leave a comment