ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੇ ਜਿੱਤਿਆ ਦੂਜਾ ਤਗਮਾ; ਵੇਟਲਿਫ਼ਟਿੰਗ ‘ਚ ਨਾਮ ਕੀਤਾ SILVER

Global Team
2 Min Read

ਨਵੀ ਦਿੱਲੀ: ਭਾਰਤ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਦੂਜਾ ਤਗਮਾ ਜਿੱਤਿਆ ਹੈ। ਵੇਟਲਿਫ਼ਟਰ ਰਿਸ਼ੀਕਾਂਤ ਸਿੰਘ ਚਨੰਬਮ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਦੂਜਾ ਮੈਡਲ ਦਵਾਇਆ ਹੈ। ਗਲਾਸਗੋ ਵਿੱਚ ਜਾਰੀ ਕਾਮਨਵੇਲਥ ਗੇਮਜ਼ ਵਿੱਚ ਰਿਸ਼ੀਕਾਂਤ ਚਨੰਬਮ ਨੇ ਪੁਰਸ਼ਾਂ ਦੇ 60 ਕਿੱਲੋ ਵੇਟਲਿਫ਼ਟਿੰਗ ਮੁਕਾਬਲੇ ਦੇ ਫਾਈਨਲ ਵਿੱਚ ਦੇਸ਼ ਦਾ ਮਾਣ ਵਧਾਉਂਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।

ਇਹ ਇਹਨਾਂ ਖੇਡਾਂ ਵਿੱਚ ਭਾਰਤ ਦਾ ਦੂਜਾ ਤਗਮਾ ਹੈ। ਰਿਸ਼ੀਕਾਂਤ ਨੇ ਸਨੈਚ ਅਤੇ ਕਲੀਨ ਐਂਡ ਜਰਕ ਦੋਵਾਂ ਸ਼੍ਰੇਣੀਆਂ ਨੂੰ ਮਿਲਾ ਕੇ ਕੁੱਲ 264 ਕਿੱਲੋ ਭਾਰ ਚੁੱਕਿਆ ਅਤੇ ਪੋਡੀਅਮ ‘ਤੇ ਦੂਜਾ ਸਥਾਨ ਹਾਸਲ ਕੀਤਾ।ਇਸ ਮੁਕਾਬਲੇ ਵਿੱਚ ਰਿਸ਼ੀਕਾਂਤ ਸਿੰਘ ਚਨੰਬਮ ਦਾ ਪ੍ਰਦਰਸ਼ਨ ਬੇਹੱਦ ਯਾਦਗਾਰ ਰਿਹਾ। ਉਨ੍ਹਾਂ ਨੇ ਸਨੈਚ ਮੁਕਾਬਲੇ ਵਿੱਚ 121 ਕਿੱਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ।

ਇਸ ਤੋਂ ਬਾਅਦ ਕਲੀਨ ਐਂਡ ਜਰਕ ਰਾਊਂਡ ਵਿੱਚ ਉਨ੍ਹਾਂ ਨੂੰ ਥੋੜ੍ਹੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਹ ਆਪਣੀ ਇਕਲੌਤੀ ਸਫ਼ਲ ਕੋਸ਼ਿਸ਼ ਵਿੱਚ 143 ਕਿੱਲੋ ਭਾਰ ਹੀ ਚੁੱਕ ਸਕੇ। ਹਾਲਾਂਕਿ, ਸਨੈਚ ਵਿੱਚ ਬਣਾਏ ਗਏ ਰਿਕਾਰਡ ਅਤੇ ਕੁੱਲ 264 ਕਿੱਲੋ ਦੇ ਸਕੋਰ ਦੇ ਦਮ ‘ਤੇ ਉਹ ਭਾਰਤ ਲਈ ਚਾਂਦੀ ਦਾ ਤਗਮਾ ਪੱਕਾ ਕਰਨ ਵਿੱਚ ਕਾਮਯਾਬ ਰਹੇ।

ਹੁਣ ਸਾਰੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਦਿਨ ਦੇ ਮੁੱਖ ਆਕਰਸ਼ਣ ਅਤੇ ਓਲੰਪਿਕ ਤਗਮਾ ਜੇਤੂ ਸਟਾਰ ਵੇਟਲਿਫ਼ਟਰ ਮੀਰਾਬਾਈ ਚਾਨੂ ‘ਤੇ ਟਿਕੀਆਂ ਹੋਈਆਂ ਹਨ। ਮੀਰਾਬਾਈ ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਲਗਾਤਾਰ ਤੀਜਾ ਸੋਨੇ ਦਾ ਤਗਮਾ ਜਿੱਤਣ ਦੇ ਇਰਾਦੇ ਨਾਲ ਮੰਚ ‘ਤੇ ਉਤਰੇਗੀ। ਇਸ ਤੋਂ ਇਲਾਵਾ, ਭਾਰਤ ਵੇਟਲਿਫ਼ਟਿੰਗ ਦੀਆਂ ਹੋਰਨਾਂ ਸ਼੍ਰੇਣੀਆਂ ਵਿੱਚ ਵੀ ਦੋ ਹੋਰ ਤਗਮੇ ਹਾਸਲ ਕਰਨ ਦੀ ਮਜ਼ਬੂਤ ਸਥਿਤੀ ਵਿੱਚ ਹੈ, ਜਿਸ ਨਾਲ ਇਹਨਾਂ ਖੇਡਾਂ ਵਿੱਚ ਭਾਰਤ ਦੇ ਤਗਮਿਆਂ ਦੀ ਗਿਣਤੀ ਹੋਰ ਵਧਣ ਦੀ ਪੂਰੀ ਸੰਭਾਵਨਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment