ਭਾਰਤ ਬਣਿਆ ਅਬਾਦੀ ਦਾ ਵੱਡਾ ਮੁਲਕ!

Global Team
4 Min Read
ਸੰਕੇਤਕ ਤਸਵੀਰ

ਜਗਤਾਰ ਸਿੰਘ ਸਿੱਧੂ;

ਭਾਰਤ ਦੁਨੀਆਂ ਵਿੱਚ ਸਭ ਤੋਂ ਵੱਡੀ ਅਬਾਦੀ ਵਾਲਾ ਮੁਲਕ ਬਣ ਗਿਆ ਹੈ। ਇਸ ਵੇਲੇ ਦੇਸ਼ ਦੀ ਅਬਾਦੀ 1.46 ਅਰਬ ਹੋਣ ਦੇ ਨੇੜੇ ਪੁੱਜ ਗਈ ਹੈ ਅਤੇ ਇਹ ਅੰਕੜੇ 2025 ਦੇ ਸਾਲ ਨੂੰ ਅਧਾਰ ਮੰਨਕੇ ਦਿੱਤੇ ਜਾ ਰਹੇ ਹਨ।ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਧਾਰ ਉੱਪਰ ਦਿੱਤੀ ਗਈ ਹੈ। ਇਸ ਤਰ੍ਹਾਂ ਅਬਾਦੀ ਦੇ ਲਿਹਾਜ਼ ਨਾਲ ਭਾਰਤ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਬਣ ਗਿਆ ਹੈ । ਇਹ ਸਵਾਲ ਦੇਸ਼ ਦੇ ਰਾਜਸੀ ਆਗੂਆਂ ਲਈ ਵੀ ਉਤਨਾ ਹੀ ਅਹਿਮ ਹੈ ਕਿ ਐਨੀ ਵੱਡੀ ਅਬਾਦੀ ਲਈ ਅਜੇ ਤੱਕ ਸਾਡਾ ਸਰਕਾਰੀ ਤੰਤਰ ਬੁਨਿਆਦੀ ਸਹੂਲਤਾਂ ਮੁਹਈਆ ਨਹੀਂ ਕਰ ਸਕਿਆ ਪਰ ਦਾਅਵਾ ਦੁਨੀਆਂ ਦੀ ਵੱਡੀ ਤਾਕਤ ਦਾ ਕੀਤਾ ਜਾਂਦਾ ਹੈ।

1.46 ਅਰਬ ਨੂੰ ਪੁੱਜ ਰਹੀ ਅਬਾਦੀ ਦੇ ਵੀ ਕਈ ਵੱਡੇ ਪਹਿਲੂ ਹਨ।ਅਜੇ ਵੀ ਇਸ ਦੇਸ਼ ਦੇ ਕਈ ਅਜਿਹੇ ਨੇਤਾ ਹਨ ਜਿਹੜੇ ਕਿ ਇਕ ਦੂਜੇ ਧਰਮ ਨਾਲ ਮੁਕਾਬਲਾ ਕਰਨ ਲਈ ਵਧੇਰੇ ਬੱਚੇ ਪੈਦਾ ਕਰਨ ਦਾ ਸੱਦਾ ਦਿੰਦੇ ਰਹਿੰਦੇ ਹਨ।

ਇਸ ਦੇਸ਼ ਅੰਦਰ ਕਰੋੜਾਂ ਲੋਕ ਅਜਿਹੇ ਹਨ ਜਿਹੜੇ ਕਿ ਦੋ ਢੰਗ ਦੀ ਰੋਟੀ ਵੀ ਆਪਣੀ ਜੇਬ ਦੇ ਖਰਚੇ ਨਾਲ ਨਹੀਂ ਖਾ ਸਕਦੇ। ਅਜਿਹੇ ਕਰੋੜਾਂ ਲੋਕਾਂ ਲਈ ਸਰਕਾਰ ਮੁਫ਼ਤ ਰਾਸ਼ਨ ਮੁਹਈਆ ਕਰਦੀ ਹੈ। ਅਜੀਬ ਸਥਿਤੀ ਇਹ ਹੈ ਕਿ ਮੁਫਤ ਅਨਾਜ ਦੇਸ਼ ਦੇ ਸਰਮਾਏ ਨਾਲ ਮੁਹਈਆ ਕੀਤਾ ਜਾਂਦਾ ਹੈ ਪਰ ਰਾਜਸੀ ਨੇਤਾ ਅਨਾਜ ਦੀਆਂ ਥੈਲੀਆਂ ਉਪਰ ਆਪਣੀਆਂ ਫੋਟੋ ਲਾਕੇ ਰਾਜਸੀ ਲਾਹਾ ਲੈਂਦੇ ਹਨ। ਖਾਸ ਤੌਰ ਉੱਤੇ ਚੋਣਾਂ ਦੇ ਨਜਦੀਕ ਆਕੇ ਤਾਂ ਗਰੀਬ ਵਰਗ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਜੇਕਰ ਅਸੀਂ ( ਨੇਤਾ) ਹਾਂ ਤਾਂ ਤੁਸੀਂ ਜ਼ਿੰਦਾ ਹੋ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਹੀ ਦੇਸ਼ ਦੇ ਨੇਤਾਵਾਂ ਦੇ ਸ਼ਕਤੀਸ਼ਾਲੀ ਹੋਣ ਦੇ ਦਾਅਵਿਆਂ ਦਾ ਪਰਦਾਫਾਸ਼ ਕਰਦੀ ਹੈ। ਰਿਪੋਰਟ ਦੇ ਤੱਥਾਂ ਅਨੁਸਾਰ ਦੇਸ਼ ਦੇ 38 ਫੀਸਦੀ ਅਜਿਹੇ ਪਰਿਵਾਰ ਹਨ ਜੋਕਿ ਆਪਣੇ ਪਰਿਵਾਰ ਵਿੱਚ ਇਕ ਬੱਚੇ ਤੇ ਵਧੇਰੇ ਵਾਧਾ ਕਰਨਾ ਚਾਹੁੰਦੇ ਹਨ ਪਰ ਆਰਥਿਕ ਤੰਗੀ ਉਨਾਂ ਨੂੰ ਇੱਕ ਬੱਚੇ ਤੱਕ ਹੀ ਸੀਮਤ ਰਹਿਣ ਲਈ ਮਜ਼ਬੂਰ ਕਰਦੀ ਹੈ ।ਉਹ ਵੱਡੇ ਪਰਿਵਾਰ ਦਾ ਬੋਝ ਚੁੱਕਣ ਦੇ ਅਸਮਰੱਥ ਹਨ।ਅਜਿਹੇ ਪਰਿਵਾਰਾਂ ਨੇ ਦੋ ਬੱਚੇ ਪਾਲਣ ਦੀ ਸਕੀਮ ਵਿੱਚ ਤਬਦੀਲੀ ਲਿਆਂਦੀ ਕਿਉਂਕਿ ਸਾਧਨ ਹੀ ਨਹੀਂ ਹਨ। ਇਸ ਤਰ੍ਹਾਂ ਭਾਰਤੀ ਮਹਿਲਾਵਾਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਅਬਾਦੀ ਦਾ ਸੰਤੁਲਨ ਬਣਾਈ ਰੱਖਣ ਨਾਲੋਂ ਘੱਟ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ।ਜੇਕਰ ਪਰਿਵਾਰਕ ਮੁਸ਼ਕਲਾਂ ਤੋਂ ਅਲੱਗ ਹੋਕੇ ਦੇਖਿਆ ਜਾਵੇ ਤਾਂ ਅੱਜ ਤੱਕ ਵੀ ਅਬਾਦੀ ਦਾ ਵੱਡਾ ਹਿਸਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ । ਸਿਹਤ ਅਤੇ ਸਿੱਖਿਆ ਦੀ ਸਹੂਲਤ ਵੱਡੀ ਚੁਣੌਤੀ ਹੈ ।ਜਿਸ ਦੇਸ਼ ਦੇ ਯੁਵਕਾਂ ਨੂੰ ਰੁਜ਼ਗਾਰ ਦੀ ਭਾਲ ਲਈ ਅੱਜ ਵੀ ਖਤਰਨਾਕ ਰਾਹ ਅਪਣਾਕੇ ਦੂਜੇ ਮੁਲਕਾਂ ਵਿੱਚ ਜਾਣਾ ਪਏ ਤਾਂ 1.46 ਅਰਬ ਅਬਾਦੀ ਦੇ ਯੁਵਕਾਂ ਦੇ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿਸ ਮੁਲਕ ਦੇ ਰੁਜ਼ਗਾਰ ਦੀ ਭਾਲ ਵਿੱਚ ਗਏ ਯੁਵਕਾਂ ਨੂੰ ਪੈਰੀਂ ਬੇੜੀਆਂ ਲਾਕੇ ਅਮਰੀਕਾ ਵਰਗਾ ਮੁਲਕ ਵਾਪਸ ਭੇਜੇ ਤਾਂ ਕੌਮਾਂਤਰੀ ਪੱਧਰ ਤੇ ਬੱਲੇ ਬੱਲੇ ਦੀਆਂ ਤਾੜੀਆਂ ਦੀ ਆਸ ਨੂੰ ਬੂਰ ਪੈਣਾ ਨਾ ਮੁਮਕਿਨ ਹੈ। ਜੇਕਰ ਆਪਾਂ ਅੱਜ ਦੀ ਕੁਦਰਤੀ ਤਪਸ਼ ਦੀ ਗੱਲ ਕਰ ਲਈਏ ਕਿ ਕਿਸ ਕਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਤਾਂ ਹੋਰ ਗੱਲਾਂ ਤਾਂ ਛੱਡੋ, 1.46 ਅਰਬ ਅਬਾਦੀ ਨੂੰ ਸਾਫ ਪੀਣ ਲਈ ਪਾਣੀ ਹੀ ਮੁਹਈਆ ਹੋ ਸਕੇਗਾ?

ਸੰਪਰਕ 9814002186

Share This Article
Leave a Comment