ਨਿਊਜ਼ ਡੈਸਕ: ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ-ਪਾਕਿਸਤਾਨ ਮੈਚ ‘ਤੇ ਅੱਤਵਾਦੀ ਹਮਲੇ ਦਾ ਖਤਰਾ ਹੈ। ਇਹ ਮੈਚ 9 ਜੂਨ ਨੂੰ ਨਿਊਯਾਰਕ ਦੇ ਲੋਂਗ ਆਈਲੈਂਡ ਦੇ ਨਾਸਾਓ ਕਾਊਂਟੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸਬੰਧੀ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ।
ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਇੱਕ ਵੀਡੀਓ ਵਿੱਚ ਧਮਕੀ ਜਾਰੀ ਕੀਤੀ ਹੈ। ਵੀਡੀਓ ‘ਚ ਡਰੋਨ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਉਨ੍ਹਾਂ ਨੇ ਨਿਊਯਾਰਕ ਪੁਲਿਸ ਨੂੰ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਸਟੇਡੀਅਮ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਵਧਾਈ ਜਾਵੇਗੀ। ਲੋਕਾਂ ਨੂੰ ਨਿਗਰਾਨੀ ਅਤੇ ਪੂਰੀ ਜਾਂਚ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਹੋਵੇਗਾ।
ਇਹ ਧਮਕੀ ਦੱਖਣੀ ਅਤੇ ਮੱਧ ਏਸ਼ੀਆ ਵਿੱਚ ਕੰਮ ਕਰ ਰਹੇ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦੀ ਸ਼ਾਖਾ ISIS-ਖੋਰਾਸਾਨ ਦੁਆਰਾ ਇੱਕ ਚੈਟ ਸਮੂਹ ਵਿੱਚ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਦਿੱਤੀ ਗਈ ਸੀ। ਹੋਚੁਲ ਨੇ ਕਿਹਾ ਕਿ ਇਸ ਸਮੇਂ ਕੋਈ ਸੁਰੱਖਿਆ ਖਤਰਾ ਨਹੀਂ ਹੈ, ਪਰ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਪ੍ਰੈਲ ਤੋਂ ਹੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ।
ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਯਾਨੀ ISIS ਨੇ ਬ੍ਰਿਟਿਸ਼ ਚੈਟ ਸਾਈਟ ‘ਤੇ ਕ੍ਰਿਕਟ ਸਟੇਡੀਅਮ ਦੀ ਤਸਵੀਰ ਪੋਸਟ ਕੀਤੀ, ਜਿਸ ‘ਤੇ ਡਰੋਨ ਉੱਡ ਰਹੇ ਸਨ। ਇਸ ਵਿੱਚ ਭਾਰਤ-ਪਾਕਿਸਤਾਨ ਮੈਚ ਦੀ ਤਰੀਕ 9/06/2024 ਲਿਖੀ ਹੋਈ ਸੀ।
ਜਿਸ ਸਟੇਡੀਅਮ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਣਾ ਹੈ, ਉਸ ਦੀ ਸਮਰੱਥਾ 30,000 ਦਰਸ਼ਕਾਂ ਦੀ ਹੈ। ਇਸ ਦੀ ਸ਼ੁਰੂਆਤ 1 ਜੂਨ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਪ੍ਰਦਰਸ਼ਨੀ ਮੈਚ ਨਾਲ ਹੋਵੇਗੀ। ਟੂਰਨਾਮੈਂਟ ਦੇ ਨਿਯਮਤ ਮੈਚ 3 ਜੂਨ ਤੋਂ ਖੇਡੇ ਜਾਣੇ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵੀ ਮੁਕਾਬਲਾ ਹੋਵੇਗਾ।