‘ਪਾਕਿਸਤਾਨੀ ਕਸ਼ਮੀਰ’ ਲਿਖਣ ’ਤੇ ਭਾਰਤ ਨੇ ਜਤਾਇਆ ਇਤਰਾਜ਼, NYT ਨੂੰ ਲਗਾਈ ਫਟਕਾਰ

Global Team
3 Min Read

ਨਵੀ ਦਿੱਲੀ : ‘ਦ ਨਿਊਯਾਰਕ ਟਾਈਮਜ਼’ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਨੂੰ ‘ਪਾਕਿਸਤਾਨੀ ਕਸ਼ਮੀਰ’ ਲਿਖੇ ਜਾਣ ‘ਤੇ ਭਾਰਤ ਨੇ ਬਹੁਤ ਸਖ਼ਤ ਇਤਰਾਜ਼ ਜਤਾਇਆ ਹੈ। ਅਮਰੀਕਾ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਅਮਰੀਕੀ ਸਮਾਚਾਰ ਪੱਤਰ ਦੀ ਇਸ ਸ਼ਬਦਾਵਲੀ ਨੂੰ ਪੂਰੀ ਤਰ੍ਹਾਂ ਗੁਮਰਾਹਕੁੰਨ ਅਤੇ ਗ਼ਲਤ ਕਰਾਰ ਦਿੱਤਾ ਹੈ। ਭਾਰਤ ਨੇ ਸਪੱਸ਼ਟ ਅਤੇ ਸਖ਼ਤ ਸ਼ਬਦਾਂ ਵਿੱਚ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਕਿ ਇਸ ਖੇਤਰ ਦੀ ਹੋਂਦ ਕੇਵਲ ‘ਪਾਕਿਸਤਾਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਭਾਰਤੀ ਖੇਤਰ’ ਦੇ ਰੂਪ ਵਿੱਚ ਹੀ ਹੈ।

ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਦਿਆਂ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਨਿਊਯਾਰਕ ਟਾਈਮਜ਼ ਦੀ ਕਲਾਸ ਲਗਾਉਂਦੇ ਹੋਏ ਲਿਖਿਆ ਕਿ ਕੋਈ ‘ਪਾਕਿਸਤਾਨੀ ਕਸ਼ਮੀਰ’ ਨਹੀਂ ਹੈ, ਸਿਰਫ਼ ‘ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ’ (PoK) ਹੈ। ਆਪਣੀ ਪੁਰਾਣੀ ਅਤੇ ਕੂਟਨੀਤਕ ਨੀਤੀ ਨੂੰ ਦੁਹਰਾਉਂਦੇ ਹੋਏ ਭਾਰਤੀ ਮਿਸ਼ਨ ਨੇ ਕਿਹਾ ਕਿ ਸਮੁੱਚਾ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦਾ ਇੱਕ ਜ਼ਰੂਰੀ, ਅਨਿੱਖੜਵਾਂ ਅਤੇ ਅਟੁੱਟ ਹਿੱਸਾ ਰਹੇ ਹਨ, ਅਤੇ ਹਮੇਸ਼ਾ ਰਹਿਣਗੇ।

ਭਾਰਤੀ ਦੂਤਾਵਾਸ ਨੇ ਇਸਲਾਮਾਬਾਦ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਪਾਕਿਸਤਾਨ ਨੇ ਇਹਨਾਂ ਖੇਤਰਾਂ ‘ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਰੱਖਿਆ ਹੈ ਅਤੇ ਉਹ ਉੱਥੇ ਰਹਿਣ ਵਾਲੇ ਲੋਕਾਂ ਖ਼ਿਲਾਫ਼ ਲਗਾਤਾਰ ਹਿੰਸਾ ਅਤੇ ਧੱਕੇਸ਼ਾਹੀ ਕਰਦਾ ਹੈ।

ਜ਼ਿਕਰਯੋਗ ਹੈ ਕਿ ਨਿਊਯਾਰਕ ਟਾਈਮਜ਼ ਨੇ ਹਾਲ ਹੀ ਵਿੱਚ PoK ਵਿੱਚ ਜਾਰੀ ਭਾਰੀ ਜਨ-ਰੋਸ ਅਤੇ ਸਥਾਨਕ ਚੋਣਾਂ ਨੂੰ ਲੈ ਕੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਮੀਰਪੁਰ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ‘ਜੁਆਇੰਟ ਅਵਾਮੀ ਐਕਸ਼ਨ ਕਮੇਟੀ’ (JAAC) ਦੇ ਮੈਂਬਰਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਇਹ ਸੰਗਠਨ PoK ਵਿੱਚ ਪੁਲਿਸ ਦੀ ਬਰਬਰਤਾ ਅਤੇ ਮਾਨਵ-ਅਧਿਕਾਰਾਂ ਦੀ ਉਲੰਘਣਾ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਅਮਰੀਕੀ ਅਖ਼ਬਾਰ ਦੇ ਮੁਤਾਬਕ, ਹਾਲ ਹੀ ਵਿੱਚ ਹੋਈ ਹਿੰਸਾ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ, ਜਦਕਿ ਹਫ਼ਤਿਆਂ ਤੋਂ ਜਾਰੀ ਅਸ਼ਾਂਤੀ ਕਾਰਨ ਕਈ ਹੋਰ ਜਾਨਾਂ ਵੀ ਗਈਆਂ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment